ਪੰਜਾਬ: ਭਿਆਨਕ ਹਾਦਸੇ 'ਚ ਮਾਪਿਆਂ ਦੇ ਸੋਹਣੇ-ਸੁਨੱਖੇੇ ਪੁੱਤ ਦੀ ਮੌਤ
Thursday, Mar 12, 2026 - 08:28 PM (IST)
ਪੱਟੀ (ਸੌਰਭ)- ਅੰਮ੍ਰਿਤਸਰ ਤੋਂ ਫ਼ਿਲਮ ਦੇਖ ਕੇ ਵਾਪਸ ਆ ਰਹੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਟੱਕਰ ਮਾਰਨ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਹ ਹਾਦਸਾ ਕੈਰੋਂ ਫਾਟਕ ਨੇੜੇ ਮੰਗਲਵਾਰ ਰਾਤ ਕਰੀਬ 9 ਵਜੇ ਵਾਪਰਿਆ। ਮੌਕੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਭੁਪਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਉਹ ਚਾਰ ਦੋਸਤ ਦੋ ਮੋਟਰਸਾਈਕਲਾਂ ‘ਤੇ ਅੰਮ੍ਰਿਤਸਰ ਤੋਂ ਫ਼ਿਲਮ ਦੇਖ ਕੇ ਵਾਪਸ ਆ ਰਹੇ ਸਨ। ਜਦੋਂ ਉਹ ਕੈਰੋਂ ਫਾਟਕ ਨੇੜੇ ਪਹੁੰਚੇ ਤਾਂ ਪੱਟੀ ਵੱਲੋਂ ਰੋਂਗ ਸਾਈਡ ‘ਤੇ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਪਹਿਲਾਂ ਉਸਦੇ ਅਤੇ ਉਸਦੇ ਦੋਸਤ ਹੈਪੀ ਪੁੱਤਰ ਬਾਜ ਸਿੰਘ ਦੇ ਮੋਟਰਸਾਈਕਲ ਨੂੰ ਵਾਲ-ਵਾਲ ਬਚਾ ਲਿਆ। ਇਸ ਤੋਂ ਬਾਅਦ ਪਿੱਛੇ ਆ ਰਹੇ ਕੰਵਲ ਮੱਟੂ (25) ਪੁੱਤਰ ਸੁਖਬੀਰ ਸਿੰਘ ਅਤੇ ਪਰਮ ਸਿੰਘ (26) ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਸਨ, ਜੋ ਉਸੇ ਕਾਰ ਦੀ ਲਪੇਟ ਵਿੱਚ ਆ ਗਏ।
ਟੱਕਰ ਕਾਰਨ ਕੰਵਲ ਮੱਟੂ ਦੇ ਸਿਰ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ। ਉਸਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ, ਪਰ ਗੰਭੀਰ ਜ਼ਖ਼ਮਾਂ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਜਦਕਿ ਪਰਮ ਸਿੰਘ ਨੂੰ ਲੱਕ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਪਹਿਲਾਂ ਪਹੁੰਵਿੰਡ ਵਿਖੇ ਇਲਾਜ ਕਰਵਾਉਣ ਤੋਂ ਬਾਅਦ ਹੁਣ ਉਸਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਆਪਰੇਸ਼ਨ ਲਈ ਦਾਖ਼ਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਕੰਵਲ ਮੱਟੂ ਆਪਣੇ ਪਰਿਵਾਰ ਦੀ ਗੁਜ਼ਾਰਾ ਲਈ ਤਰਨ ਤਾਰਨ ਵਿੱਚ ਇੱਕ ਸਲੂਨ ‘ਤੇ ਕੰਮ ਕਰਦਾ ਸੀ, ਜਦਕਿ ਪਰਮ ਸਿੰਘ ਪਾਰਸਲ ਵੰਡਣ ਦਾ ਕੰਮ ਕਰਦਾ ਹੈ।
ਮ੍ਰਿਤਕ ਕੰਵਲ ਮੱਟੂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਵੱਲੋਂ ਕਰੀਬ 2.50 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਅਤੇ ਪਰਿਵਾਰ ਵੱਲੋਂ ਇਹ ਰਕਮ ਜਮ੍ਹਾਂ ਵੀ ਕਰਵਾ ਦਿੱਤੀ ਗਈ। ਪਰ ਅੱਜ ਤੜਕੇ ਕੰਵਲ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਹਸਪਤਾਲ ਵੱਲੋਂ ਹੁਣ ਲਾਸ਼ ਦੇਣ ਲਈ ਕਰੀਬ 2 ਲੱਖ ਰੁਪਏ ਹੋਰ ਮੰਗੇ ਜਾ ਰਹੇ ਹਨ, ਜਿਸ ਕਾਰਨ ਖ਼ਬਰ ਲਿਖੇ ਜਾਣ ਤੱਕ ਪਰਿਵਾਰ ਨੂੰ ਕੰਵਲ ਦੀ ਲਾਸ਼ ਨਹੀਂ ਮਿਲੀ ਸੀ।
