ਵਿਦੇਸ਼ ਭੇਜਣ ਦੇ ਨਾਂ ''ਤੇ ਲੱਖਾਂ ਦੀ ਠੱਗੀ ਮਾਰਨ ਵਾਲੀ ਭੋਲੇ ਭੋਗਪੁਰ ਕਾਬੂ

06/13/2019 12:13:01 AM

ਭੋਗਪੁਰ (ਸੂਰੀ)— ਭੋਗਪੁਰ ਸ਼ਹਿਰ 'ਚ ਟਰੈਵਲ ਏਜੰਟ ਦਾ ਦਫਤਰ ਖੋਲਕੇ ਕਈ ਲੋਕਾਂ ਨੂੰ ਵਿਦੇਸ਼ 'ਚ ਮੋਟੀ ਕਮਾਈ ਦੇ ਸੁਪਨੇ ਦਿਖਾ ਕੇ ਉਨ੍ਹਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਵਾਲੀ ਮਹਿਲਾ ਟ੍ਰੈਵਲ ਏਜੰਟ ਨੂੰ ਭੋਗਪੁਰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਨਰੇਸ਼ ਜੋਸ਼ੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਨਵਜੋਤ ਸਿੰਘ ਮਾਹਲ ਐੱਸ.ਐੱਸ.ਪੀ. ਜਲੰਧਰ ਦਿਹਾਤੀ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਡੀ.ਐੱਸ.ਪੀ. ਆਦਮਪੁਰ ਗੁਰਦੇਵ ਸਿੰਘ ਦੀ ਅਗਵਾਈ ਹੇਠ ਭੋਗਪੁਰ ਪੁਲਸ ਵੱਲੋਂ ਫਰਜ਼ੀ ਏਜੰਟਾਂ ਖਿਲਾਫ ਸ਼ਕੰਜਾ ਕਸਦਿਆਂ ਟ੍ਰੈਵਲ ਏਜੰਟ ਸੁਰਿੰਦਰ ਕੌਰ ਉਰਫ਼ ਭੋਲੇ, ਜੋ ਕਿ ਭੋਗਪੁਰ 'ਚ 'ਮਾਂ ਜੈ ਲਕਸ਼ਮੀ ਟਰੇਡ ਟੈਸਟ ਸੈਂਟਰ' ਆਦਮਪੁਰ ਰੋਡ ਨਜ਼ਦੀਕ ਰੇਲਵੇ ਫਾਟਕ ਭੋਗਪੁਰ 'ਚ ਟਰੈਵਲ ਏਜੰਟ ਦਾ ਕਾਰੋਬਾਰ ਕਰਦੀ ਸੀ। ਉਸ ਦੇ ਖਿਲਾਫ ਧੋਖਾਧੜੀ ਦੀਆਂ ਧਰਾਵਾਂ ਹੇਠ ਥਾਣਾ ਭੋਗਪੁਰ 'ਚ ਦੋ ਮਾਮਲੇ ਦਰਜ਼ ਸਨ। ਮੁਲਜ਼ਮ ਸੁਰਿੰਦਰ ਕੌਰ ਉਰਫ਼ ਭੋਲੇ ਇਨ੍ਹਾਂ ਮਾਮਲਿਆਂ ਲੁੜੀਂਦੀ ਸੀ। ਥਾਣਾ ਭੋਗਪੁਰ ਅਤੇ ਜ਼ਿਲ੍ਹਾ ਪੁਲਸ ਪਾਸ ਟਰੈਵਲ ਏਜੰਟ ਸੁਰਿੰਦਰ ਕੌਰ ਉਰਫ਼ ਭੋਲੇ ਖਿਲਾਫ ਕਈ ਲੋਕਾਂ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੀ ਜਾਂਚ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਪੂਰੀ ਹੋਣ ਉਪਰੰਤ ਜੇਕਰ ਦੋਸ਼ ਸਹੀ ਸਾਬਤ ਹੋਏ ਤਾਂ ਮੁਲਜ਼ਮ ਅਤੇ ਉਸ ਦੇ ਸਾਥੀਆਂ ਖਿਲਾਫ ਪੁਲਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮ ਅਤੇ ਉਸ ਦੇ ਸਾਥੀਆਂ ਵੱਲੋਂ ਕਈ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਚੁੱਕਾ ਹੈ। ਕਈ ਲੋਕਾਂ ਵੱਲੋਂ ਪੁਲਸ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

ਸੁਰਿੰਦਰ ਕੌਰ ਉਰਫ਼ ਭੋਲੇ ਤੇ ਉਸ ਦੇ ਸਾਥੀਆਂ ਖਿਲਾਫ ਦਰਜ਼ ਮਾਮਲੇ
ਮਾਂ ਜੈ ਲਕਸ਼ਮੀ ਟਰੇਡ ਟੈਸਟ ਸੈਂਟਰ ਭੋਗਪੁਰ ਦੀ ਮਾਲਕ ਟ੍ਰੈਵਲ ਏਜੰਟ ਸੁਰਿੰਦਰ ਕੌਰ ਉਰਫ਼ ਭੋਲੇ ਖਿਲਾਫ ਪਹਿਲਾ ਮਾਮਲਾ ਨੰਬਰ 191 ਦਸੰਬਰ 2018 'ਚ ਦਰਜ਼ ਕੀਤਾ ਗਿਆ ਸੀ, ਜਿਸ ਵਿਚ ਇਸ ਏਜੰਟ ਨੇ ਸਲੇਸ਼ ਕੁਮਾਰ ਪੁੱਤਰ ਰਾਮ ਪ੍ਰਸ਼ਾਦ ਵਾਸੀ ਭੋਗਪੁਰ ਨਾਲ ਜੋਰਡਨ ਭੇਜਣ ਦੇ ਨਾਮ ਤੇ ਇਕ ਲੱਖ ਪੰਦਰਾਂ ਹਜ਼ਾਰ ਰੁਪਏ ਦੀ ਠੱਗੀ ਮਾਰੀ ਸੀ। ਪੁਲਸ ਵੱਲੋਂ ਮਾਮਲਾ ਦਰਜ਼ ਕਰਨ ਉਪਰੰਤ ਏਜੰਟ ਸੁਰਿੰਦਰ ਕੌਰ ਉਰਫ਼ ਭੋਲੇ ਦੀ ਭਾਲ ਕੀਤੀ ਜਾ ਰਹੀ ਸੀ।

ਭੋਗਪੁਰ ਪੁਲਸ ਵੱਲੋਂ ਇਕ ਹੋਰ ਸ਼ਿਕਾਇਤ ਦੇ ਅਧਾਰ ਤੇ ਟ੍ਰੈਵਲ ਏਜੰਟ ਸੁਰਿੰਦਰ ਕੌਰ ਉਰਫ਼ ਭੋਲੇ ਅਤੇ ਉਸ ਦੀ ਸਾਥੀ ਜਸ਼ਨਦੀਪ ਕੌਰ ਉਰਫ ਅੰਜਲੀ ਪੁੱਤਰੀ ਸੁਖਦੇਵ ਲਾਲ ਵਾਸੀ ਪੱਜੋਦਿੱਤਾ ਥਾਣਾ ਬੁੱਲੋਵਾਲ, ਲਖਵੀਰ ਉਰਫ ਵਿੱਕੀ ਪੁੱਤਰ ਕਰਤਾਰ ਉਰਫ ਵਿਜੈ ਕੁਮਾਰ ਵਾਸੀ ਦਿਆਲਪੁਰ ਅਤੇ ਸੁਖਦੇਵ ਰਾਜ ਉਰਫ ਸੁੱਖਾ ਪੁੱਤਰ ਜਗਤਾਰ ਸਿੰਘ ਵਾਸੀ ਮੁਹੱਲਾ ਰਵਿਦਾਸਪੁਰਾ ਭੋਗਪੁਰ ਖਿਲਾਫ ਮਾਮਲਾ ਨੰਬਰ 6, ਜੋ ਕਿ ਜਨਵਰੀ 2019 ਵਿਚ ਦਰਜ ਕੀਤਾ ਗਿਆ ਸੀ। ਇਸ ਮਾਮਲੇ ਅਨੁਸਾਰ ਇਸ ਗਿਰੋਹ ਨੇ ਬਿਕਰਮਜੀਤ ਸਿੰਘ ਪੁੱਤਰ ਭਜਨਜੀਤ ਸਿੰਘ ਵਾਸੀ ਆਲਮਪੁਰ ਬੱਕਾ ਨਾਲ ਡੇਢ ਲੱਖ ਰੁਪਏ, ਹਰਦੀਪ ਸਿੰਘ ਅਤੇ ਰਾਜੇਸ਼ ਕੁਮਾਰ ਦੋਵੇਂ ਪੁੱਤਰ ਗੁਰਮੀਤ ਸਿੰਘ ਵਾਸੀ ਇੱਬਣ ਥਾਣਾ ਸਦਰ ਕਪੂਰਥਲਾ ਨਾਲ ਡੇਢ-ਡੇਢ ਲੱਖ ਰੁਪਏ, ਮੰਗਤ ਰਾਮ ਪੁੱਤਰ ਦਰਸ਼ਨ ਰਾਮ ਨਾਲ ਡੇਢ ਲੱਖ ਰੁਪਏ ਅਤੇ ਬਲਵੀਰ ਸਿੰਘ ਪੁੱਤਰ ਮੁਨਸ਼ੀ ਰਾਮ ਨਾਲ ਡੇਢ ਲੱਖ ਰੁਪਏ (ਦੋਵੇਂ ਵਾਸੀ ਜਲਾਲਪੁਰ ਥਾਣਾ ਟਾਂਡਾ) ਦੀ ਠੱਗੀ ਵਿਦੇਸ਼ ਭੇਜਣ ਦੇ ਨਾਮ ਤੇ ਕੀਤੀ ਸੀ। ਪੁਲਸ ਵੱਲੋਂ ਇਸ ਮਾਮਲੇ ਵਿਚ ਜਸ਼ਨਦੀਪ ਕੌਰ ਉਰਫ ਅੰਜਲੀ ਅਤੇ ਸੁਖਦੇਵ ਰਾਜ ਉਰਫ ਸੁੱਖਾ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


Baljit Singh

Content Editor

Related News