ਬਦਲੇ ਰੂਟ ’ਤੇ ਚੱਲੇਗੀ ਪੰਜਾਬ ਜਾਣ ਵਾਲੀ ਰੇਲਗੱਡੀ, ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ

Wednesday, Sep 03, 2025 - 03:50 PM (IST)

ਬਦਲੇ ਰੂਟ ’ਤੇ ਚੱਲੇਗੀ ਪੰਜਾਬ ਜਾਣ ਵਾਲੀ ਰੇਲਗੱਡੀ, ਯਾਤਰੀਆਂ ਨੂੰ ਹੋ ਸਕਦੀ ਹੈ ਪਰੇਸ਼ਾਨੀ

ਫਿਰੋਜ਼ਪੁਰ (ਰਾਜੇਸ਼ ਢੰਡ) : ਉੱਤਰ ਰੇਲਵੇ ਨੇ ਬਾਰਸ਼ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਅਹਿਮ ਫ਼ੈਸਲਾ ਲਿਆ ਹੈ। ਭਾਰੀ ਮੀਂਹ ਅਤੇ ਪਾਣੀ ਭਰਨ ਕਾਰਨ 3 ਸਤੰਬਰ 2025 ਨੂੰ ਚੱਲਣ ਵਾਲੀ ਰੇਲਗੱਡੀ ਨੰਬਰ 22479 ਅਤੇ 22480 ਨਵੀਂ ਦਿੱਲੀ-ਲੋਹੀਆਂ ਖਾਸ ਜੰਕਸ਼ਨ-ਨਵੀਂ ਦਿੱਲੀ ਦਾ ਰੂਟ ਬਦਲ ਦਿੱਤਾ ਗਿਆ ਹੈ। ਹੁਣ ਇਹ ਰੇਲਗੱਡੀ ਜਲੰਧਰ ਸਿਟੀ, ਕਪੂਰਥਲਾ ਅਤੇ ਲੋਹੀਆਂ ਖਾਸ ਜੰਕਸ਼ਨ ਵਾਲੇ ਆਪਣੇ ਨਿਰਧਾਰਿਤ ਰੂਟ ਦੀ ਬਜਾਏ, ਫਿਲੌਰ ਜੰਕਸ਼ਨ-ਮਲਸੀਆ ਸ਼ਾਹਖਤ-ਲੋਹੀਆਂ ਖਾਸ ਜੰਕਸ਼ਨ ਦੇ ਬਦਲੇ ਹੋਏ ਰੂਟ ਤੋਂ ਹੋ ਕੇ ਲੰਘੇਗੀ।

ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਰੇਲਗੱਡੀ ਦੇ ਨਵੇਂ ਰੂਟ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣ, ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਰੇਲਵੇ ਨੇ ਦੱਸਿਆ ਕਿ ਇਹ ਫ਼ੈਸਲਾ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਰੂਟ ਬਦਲਣ ਨਾਲ ਯਾਤਰਾ ਦੇ ਸਮੇਂ ਵਿਚ ਥੋੜ੍ਹਾ ਬਹੁਤ ਫ਼ਰਕ ਆ ਸਕਦਾ ਹੈ। ਰੇਲਗੱਡੀ ਦੀ ਤਾਜ਼ਾ ਜਾਣਕਾਰੀ ਲਈ ਯਾਤਰੀ ਐੱਨ. ਟੀ. ਈ. ਐੱਸ. ਦੀ ਵੈੱਬਸਾਈਟ ’ਤੇ ਜਾ ਸਕਦੇ ਹਨ ਜਾਂ 139 ਡਾਇਲ ਕਰਕੇ ਪੁੱਛਗਿੱਛ ਕਰ ਸਕਦੇ ਹਨ। ਉੱਤਰ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
 


author

Babita

Content Editor

Related News