ਚੰਡੀਗੜ੍ਹ-ਫਿਰੋਜ਼ਪੁਰ ਐਕਸਪ੍ਰੈੱਸ ਟਰੇਨ ''ਤੇ ਪਥਰਾਅ, 3 ਨਾਬਾਲਗ ਗ੍ਰਿਫਤਾਰ
Monday, Jan 06, 2020 - 11:45 AM (IST)
ਚੰਡੀਗੜ੍ਹ (ਲਲਨ) : ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਾਤ ਨੂੰ ਨਿਕਲੀ ਚੰਡੀਗੜ੍ਹ-ਫਿਰੋਜ਼ਪੁਰ ਸੁਪਰਫਾਸਟ ਟਰੇਨ ਨੰਬਰ-14613 'ਤੇ ਨਾਬਾਲਗਾਂ ਨੇ ਪਥਰਾਅ ਕਰ ਦਿੱਤਾ। ਹਾਲਾਂਕਿ ਪਥਰਾਅ 'ਚ ਟਰੇਨ 'ਚ ਸਵਾਰ ਕਿਸੇ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਪਰ ਟਰੇਨ ਦੇ ਕਈ ਸ਼ੀਸ਼ੇ ਅਤੇ ਲਾਈਟਾਂ ਟੁੱਟ ਗਈਆਂ। ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜਿਉਂ ਹੀ ਇਹ ਟਰੇਨ ਮੋਹਾਲੀ ਲਈ ਨਿਕਲੀ ਤਾਂ ਰਸਤੇ 'ਚ ਇਹ ਘਟਨਾ ਹੋਈ। ਟਰੇਨ 'ਚ ਮੌਜੂਦ ਆਰ. ਪੀ. ਐੱਫ. ਦੇ ਕਰਮਚਾਰੀਆਂ ਨੇ ਚੰਡੀਗੜ੍ਹ ਆਰ. ਪੀ. ਐੱਫ. ਨੂੰ ਇਸਦੀ ਸੂਚਨਾ ਦਿੱਤੀ। ਟਰੇਨ ਤੋਂ ਚੰਡੀਗੜ੍ਹ ਆਰ. ਪੀ. ਐੱਫ. ਨੂੰ ਘਟਨਾ ਸਥਾਨ ਦੀ ਲੋਕੇਸ਼ਨ ਦਿੱਤੀ ਗਈ। ਇਸ ਤੋਂ ਬਾਅਦ ਏ. ਐੱਸ. ਆਈ. ਜੋਗਿੰਦਰ ਨੇਗੀ ਦੀ ਅਗਵਾਈ 'ਚ ਇਕ ਟੀਮ ਘਟਨਾ ਸਥਾਨ ਲਈ ਦੇਰ ਰਾਤ ਰਵਾਨਾ ਕੀਤੀ ਗਈ। ਏ. ਐੱਸ. ਆਈ. ਜੋਗਿੰਦਰ ਨੇਗੀ ਨੇ ਦੱਸਿਆ ਕਿ ਤਿੰਨ ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕਿਲੋਮੀਟਰ ਨੰਬਰ-2/18 ਕੋਲ ਫੜਿਆ
ਨੇਗੀ ਨੇ ਦੱਸਿਆ ਕਿ ਕਾਂਸਟੇਬਲ ਨਵੀਨ ਕੁਮਾਰ ਅਤੇ ਸੁਨੀਲ ਨੇ ਚੰਡੀਗੜ੍ਹ-ਮੋਹਾਲੀ ਵਿਚਕਾਰ ਕਿਲੋਮੀਟਰ ਨੰਬਰ-2/18 ਕੋਲ ਤਿੰਨੇ ਨਾਬਾਲਗਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਦੀ ਉਮਰ 13 ਸਾਲ, ਦੂਜੇ ਅਤੇ ਤੀਜੇ ਦੀ ਉਮਰ 14 ਸਾਲ ਹੈ। ਇਨ੍ਹਾਂ ਤਿੰਨਾਂ ਨੂੰ ਟਰੇਨ 'ਤੇ ਪਥਰਾਅ ਕਰਦੇ ਸਮੇਂ ਕੁਝ ਲੋਕਾਂ ਨੇ ਟ੍ਰੈਕ ਕੋਲੋਂ ਫੜ ਲਿਆ ਸੀ। ਤਿੰਨਾਂ ਖਿਲਾਫ ਰੇਲਵੇ ਐਕਟ ਦੀ ਧਾਰਾ-153 ਤਹਿਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਨੂੰ ਐਤਵਾਰ ਸਵੇਰੇ ਜਸਟਿਸ ਜੁਵੇਨਾਈਲ ਬੋਰਡ ਸਾਹਮਣੇ ਪੇਸ਼ ਕੀਤਾ ਗਿਆ।
ਸ਼ਤਾਬਦੀ ਅਤੇ ਸਦਭਾਵਨਾ ਸੁਪਰਫਾਸਟ 'ਤੇ ਵੀ ਹੋ ਚੁੱਕਿਐ ਪਥਰਾਅ
ਏ. ਐੱਸ. ਆਈ. ਨੇਗੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ-ਨਵੀਂ ਦਿੱਲੀ ਸ਼ਤਾਬਦੀ ਅਤੇ ਚੰਡੀਗੜ੍ਹ-ਲਖਨਊ ਸਦਭਾਵਨਾ ਸੁਪਰਫਾਸਟ ਟਰੇਨ 'ਤੇ ਵੀ ਕਈ ਵਾਰ ਪਥਰਾਅ ਹੋ ਚੁੱਕਾ ਹੈ। ਆਰ. ਪੀ. ਐੱਫ. ਦੀ ਟੀਮ ਨੇ ਟਰੇਨਾਂ 'ਤੇ ਪਥਰਾਅ ਕਰਨ ਵਾਲਿਆਂ ਨੂੰ ਫੜਨ ਲਈ ਪਹਿਲਾਂ ਤੋਂ ਗਸ਼ਤ ਵਧਾ ਦਿੱਤੀ ਹੈ। ਚੰਡੀਗੜ੍ਹ ਤੋਂ ਅੰਬਾਲਾ, ਮੋਹਾਲੀ ਅਤੇ ਪੰਜਾਬ ਨੂੰ ਜਾਣ ਵਾਲੇ ਟ੍ਰੈਕ 'ਤੇ ਕਰਮਚਾਰੀਆਂ ਦੀ ਚੌਕਸੀ ਵਧਾ ਦਿੱਤੀ ਗਈ ਹੈ।