ਅੰਦੋਲਨ ਤੋਂ ਡਰੀ ਟ੍ਰੇਡ ਅਤੇ ਇੰਡਸਟਰੀ, ਹੋ ਰਿਹੈ ਭਾਰੀ ਨੁਕਸਾਨ, ਭਾਜਪਾ ਨੇ ਵੱਟੀ ਚੁੱਪ

Friday, Feb 16, 2024 - 06:56 PM (IST)

ਅੰਦੋਲਨ ਤੋਂ ਡਰੀ ਟ੍ਰੇਡ ਅਤੇ ਇੰਡਸਟਰੀ, ਹੋ ਰਿਹੈ ਭਾਰੀ ਨੁਕਸਾਨ, ਭਾਜਪਾ ਨੇ ਵੱਟੀ ਚੁੱਪ

ਜਲੰਧਰ (ਬਿਊਰੋ) : ਕੱਚੇ ਮਾਲ ਦੀ ਸਪਲਾਈ ਰੁਕਣ ਕਾਰਨ ਕਈ ਫੈਕਟਰੀਆਂ ’ਚ ਉਤਪਾਦਨ ਘੱਟ ਕਰ ਦਿੱਤਾ ਗਿਆ ਹੈ। ਇਸ ਦਾ ਸਿੱਧਾ ਅਸਰ ਰੋਜ਼ਗਾਰ ਅਤੇ ਪੰਜਾਬ ਦੀ ਅਰਥਵਿਵਸਥਾ ’ਤੇ ਵੀ ਪੈਣ ਦਾ ਖਦਸ਼ਾ ਹੈ। ਪੰਜਾਬ ਦੇ ਖੇਤੀ ਉਤਪਾਦਾਂ ਨੂੰ ਦੂਜੇ ਸੂਬਿਆਂ ’ਚ ਸਪਲਾਈ ਕਰਨ ਅਤੇ ਦੂਜੇ ਸੂਬਿਆਂ ਤੋਂ ਕੱਚਾ ਮਾਲ ਮੰਗਵਾਉਣ ਲਈ ਹਰ ਰੋਜ਼ ਕਰੀਬ 8 ਤੋਂ 10 ਹਜ਼ਾਰ ਟਰੱਕਾਂ ਦੀ ਆਵਾਜਾਈ ਹੁੰਦੀ ਹੈ। ਕਿਸਾਨ ਅੰਦੋਲਨ ਕਾਰਨ ਟਰੱਕਾਂ ਦੀ ਇਹ ਆਵਾਜਾਈ ਮੱਠੀ ਪੈ ਗਈ ਹੈ, ਜਿਸ ਕਾਰਨ ਇਸ ਅੰਦੋਲਨ ਦਾ ਜ਼ਮੀਨੀ ਪੱਧਰ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਪਿਛਲੇ ਇਕ ਹਫ਼ਤੇ ਤੋਂ ਹਰਿਆਣਾ ਨਾਲ ਲੱਗਦੀ ਸਰਹੱਦ ਬੰਦ ਹੋਣ ਕਾਰਨ ਪੰਜਾਬ ਦੇ ਕੁਝ ਇਲਾਕਿਆਂ ’ਚ ਸਬਜ਼ੀਆਂ ਮਹਿੰਗੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਦਾ ਸਿੱਧਾ ਅਸਰ ਪੰਜਾਬ ਦੇ ਆਮ ਲੋਕਾਂ ’ਤੇ ਪਵੇਗਾ ਕਿਉਂਕਿ ਇਸ ਨਾਲ ਮਹਿੰਗਾਈ ਵਧੇਗੀ। ਸਬਜ਼ੀਆਂ ਤੋਂ ਬਾਅਦ ਆਵਾਜਾਈ ਠੱਪ ਹੋਣ ਦਾ ਅਸਰ ਹੋਰ ਵਸਤਾਂ ’ਤੇ ਵੀ ਸਾਫ਼ ਨਜ਼ਰ ਆਵੇਗਾ। ਪੰਜਾਬ ਦੇ ਕਿੰਨੂ ਕਿਸਾਨਾਂ ਤੋਂ ਇਲਾਵਾ ਹਿਮਾਚਲ ਦੇ ਸੇਬ ਉਤਪਾਦਕ ਕਿਸਾਨਾਂ ਨੂੰ ਵੀ ਇਸ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ 

ਸਰਕਾਰ ਜਲਦੀ ਕੱਢੇ ਮਸਲੇ ਦਾ ਹੱਲ : ਏ. ਐੱਸ. ਮਿੱਤਲ
ਸੋਨਾਲੀਕਾ ਟ੍ਰੈਕਟਰ ਦੇ ਵਾਈਸ ਪ੍ਰੈਜ਼ੀਡੈਂਟ ਏ. ਐੱਸ. ਮਿੱਤਲ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰ ਕੇ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ। ਜਿੰਨਾ ਇਹ ਅੰਦੋਲਨ ਵਧੇਗਾ, ਉਦਯੋਗ ਨੂੰ ਓਨਾ ਹੀ ਨੁਕਸਾਨ ਹੋਵੇਗਾ। ਸਾਨੂੰ 2020-21 ਦੇ ਅੰਦੋਲਨ ਤੋਂ ਸਬਕ ਸਿੱਖਣ ਦੀ ਲੋੜ ਹੈ, ਜਿਸ ਦੌਰਾਨ ਉਦਯੋਗਪਤੀਆਂ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ। ਇਸ ਅੰਦੋਲਨ ਨਾਲ ਨਾ ਸਿਰਫ਼ ਆਰਥਿਕ ਨੁਕਸਾਨ ਵਧੇਗਾ ਸਗੋਂ ਰਿਸ਼ਤਿਆਂ ਵਿਚ ਵੀ ਕੁੜੱਤਣ ਪੈਦਾ ਹੋਵੇਗੀ। ਇਸ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਵੀ ਵਿਗੜ ਸਕਦੀ ਹੈ। ਪੰਜਾਬ ਇਕ ਸਰਹੱਦੀ ਸੂਬਾ ਹੈ, ਇਸ ਕਾਰਨ ਵੀ ਭਾਰਤ ਦੇ ਦੁਸ਼ਮਣ ਪੰਜਾਬ ਦੇ ਦੁਸ਼ਮਣ ਇਸਨੂੰ ਅਸਥਿਰ ਕਰਨ ’ਤੇ ਨਜ਼ਰ ਰੱਖਦੇ ਹਨ। ਇਸ ਲਈ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਨੂੰ ਵੀ ਵਿਗਾੜ ਸਕਦਾ ਹੈ।

ਇਹ ਵੀ ਪੜ੍ਹੋ : ਪੀ. ਜੀ. ਆਈ. ਇਲਾਜ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਘਰ ਬੈਠੇ ਮਿਲੇਗੀ ਹਰ ਸੂਚਨਾ  

ਏਵਨ ਸਾਈਕਲ ਨੇ ਉਤਪਾਦਨ 30 ਫੀਸਦੀ ਘਟਾਇਆ : ਪਾਹਵਾ
ਏਵਨ ਸਾਈਕਲ ਦੇ ਚੇਅਰਮੈਨ ਓਂਕਾਰ ਸਿੰਘ ਪਾਹਵਾ ਨੇ ਕਿਹਾ ਕਿ ਇਸ ਸਮੇਂ ਅਸੀਂ ਆਪਣੇ ਸਾਈਕਲ ਉਤਪਾਦਨ ਨੂੰ 30 ਤੋਂ 40 ਫੀਸਦੀ ਤੱਕ ਘਟਾ ਦਿੱਤਾ ਹੈ ਕਿਉਂਕਿ ਜੇਕਰ ਅਸੀਂ ਉਤਪਾਦਨ ਨੂੰ ਆਮ ਰੱਖਦੇ ਹਾਂ, ਤਾਂ ਸਾਨੂੰ ਇਸ ਨੂੰ ਸਟੋਰ ਕਰਨ ਲਈ ਵਾਧੂ ਜਗ੍ਹਾ ਦੀ ਲੋੜ ਪਵੇਗੀ। ਕਿਸੇ ਉਦਯੋਗਪਤੀ ਕੋਲ ਇੰਨੀ ਵਾਧੂ ਥਾਂ ਨਹੀਂ ਹੈ। ਇਸ ਲਈ, ਆਵਾਜਾਈ ਦੇ ਕੰਮ ’ਚ ਵਿਘਨ ਦੇ ਨਾਲ, ਅਸੀਂ ਉਤਪਾਦਨ ਨੂੰ ਘਟਾ ਦਿੱਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਇਹ ਮਸਲਾ ਹੱਲ ਹੋ ਜਾਵੇਗਾ ਅਤੇ ਇੰਡਸਟਰੀ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇਗਾ। ਕਿਉਂਕਿ ਢੋਆ-ਢੁਆਈ ਠੱਪ ਹੋਣ ਕਾਰਨ ਨਾ ਸਿਰਫ਼ ਨਿਰਮਾਣ ਇਕਾਈ ਨੂੰ ਨੁਕਸਾਨ ਹੋਵੇਗਾ, ਸਗੋਂ ਸਪਲਾਈ ਚੇਨ ਨਾਲ ਜੁੜੇ ਮਜ਼ਦੂਰਾਂ ਅਤੇ ਡੀਲਰਾਂ ਨੂੰ ਵੀ ਆਰਥਿਕ ਨੁਕਸਾਨ ਉਠਾਉਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ, 1 ਸੀਟ ’ਤੇ 5-5 ਉਮੀਦਵਾਰਾਂ ਦੀ ਆਏਗੀ ਨੌਬਤ

ਦਿੱਲੀ ’ਚ ਮਾਲ ਦੀ ਆਵਾਜਾਹੀ ਯਕੀਨੀ ਹੋਵੇ : ਖੰਡੇਲਵਾਲ
ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (ਕੈਟ) ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਜਮਹੂਰੀਅਤ ’ਚ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਬਿਲਕੁੱਲ ਜਾਇਜ਼ ਹੈ ਪਰ ਇਸ ਪ੍ਰਕਿਰਿਆ ’ਚ ਕਿਸੇ ਹੋਰ ਵਿਅਕਤੀ ਦੇ ਜਮਹੂਰੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਕਿਸਾਨ ਅੰਦੋਲਨ ਕਾਰਨ ਸੜਕੀ ਅਤੇ ਰੇਲ ਆਵਾਜਾਈ ’ਚ ਵਿਘਨ ਪਿਆ ਹੈ, ਜਿਸ ਕਾਰਨ ਆਮ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਹੋ ਰਿਹਾ ਹੈ ਅਤੇ ਸਪਲਾਈ ਚੇਨ ’ਚ ਵਿਘਨ ਪੈਣ ਕਾਰਨ ਵਪਾਰੀ ਚਿੰਤਤ ਹਨ ਕਿਉਂਕਿ ਸਪਲਾਈ ਚੇਨ ’ਚ ਰੁਕਾਵਟ ਆਈ ਹੈ ਪਰ ਵਪਾਰੀਆਂ ਨੂੰ ਸਰਕਾਰ ’ਤੇ ਭਰੋਸਾ ਹੈ ਕਿ ਉਹ ਛੇਤੀ ਹੀ ਇਸ ਮਸਲੇ ਦਾ ਹੱਲ ਕੱਢੇਗੀ ਅਤੇ ਮਾਲ ਦੀ ਆਵਾਜਾਹੀ ਬਿਨਾਂ ਰੁਕਾਵਟ ਤੋਂ ਯਕੀਨੀ ਕਰੇਗੀ।

ਕਿਸਾਨਾਂ ਦੀ ਆਰਥਿਕ ਹਾਲਤ ਮਾੜੀ, ਐੱਮ. ਐੱਸ. ਪੀ. ਯਕੀਨੀ ਹੋਵੇ : ਦਵਿੰਦਰ ਸ਼ਰਮਾ
ਮਸ਼ਹੂਰ ਖੇਤੀ ਆਰਥਿਕ ਮਾਹਿਰ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਇਸ ਮੰਗ ਨੂੰ ਜਲਦੀ ਤੋਂ ਜਲਦੀ ਹਾਂ-ਪੱਖੀ ਢੰਗ ਨਾਲ ਵਿਚਾਰਨਾ ਚਾਹੀਦਾ ਹੈ। ਦੇਸ਼ ਵਿਚ ਇਕ ਕਿਸਾਨ ਪਰਿਵਾਰ ਦੀ ਔਸਤ ਘਰੇਲੂ ਆਮਦਨ 10218 ਰੁਪਏ ਪ੍ਰਤੀ ਮਹੀਨਾ ਹੈ ਅਤੇ ਇਸ ਮਹਿੰਗਾਈ ਦੀ ਸਥਿਤੀ ਵਿਚ ਇਸ ਆਮਦਨ ’ਤੇ ਗੁਜ਼ਾਰਾ ਕਰਨਾ ਮੁਸ਼ਕਲ ਹੈ। ਜੇਕਰ ਖੇਤੀ ਦੀ ਹੀ ਗੱਲ ਕਰੀਏ ਤਾਂ ਖੇਤੀ ਤੋਂ ਰੋਜ਼ਾਨਾ ਦੀ ਆਮਦਨ 27 ਰੁਪਏ ਹੁੰਦੀ ਹੈ ਅਤੇ ਕੋਈ ਵੀ ਆਮ ਆਦਮੀ ਇੰਨੇ ਪੈਸੇ ’ਤੇ ਗੁਜ਼ਾਰਾ ਨਹੀਂ ਕਰ ਸਕਦਾ। ਜਿੱਥੋਂ ਤੱਕ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਸ਼ੁਰੂ ਹੋਣ ਦੀ ਗੱਲ ਹੈ, ਹਰੀ ਕ੍ਰਾਂਤੀ ਵਿਚ ਪੰਜਾਬ ਮੋਹਰੀ ਸੂਬਾ ਸੀ ਅਤੇ ਪੰਜਾਬ ਦੇ ਕਿਸਾਨਾਂ ਨੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਲਈ ਦਿਨ-ਰਾਤ ਕੰਮ ਕੀਤਾ ਹੈ। ਸਰਕਾਰ ਨੂੰ ਇਸ ਮਾਮਲੇ ਵਿਚ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ 23 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਵਾਧਾ ਕਰਨਾ ਚਾਹੀਦਾ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਇਹ ਫ਼ਸਲਾਂ ਬਾਜ਼ਾਰੀ ਕੀਮਤ ਤੋਂ ਘੱਟ ਨਾ ਵਿਕਣ।

ਇਹ ਵੀ ਪੜ੍ਹੋ : ਖੇਡਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਮੰਤਰੀ ਮੀਤ ਹੇਅਰ ਨੇ ਕੀਤਾ ਅਹਿਮ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Anuradha

Content Editor

Related News