ਚੰਡੀਗੜ੍ਹ ''ਚ ਭਾਜਪਾ ਮਹਿਲਾ ਮੋਰਚਾ ਵਲੋਂ ਵੱਡਾ ਪ੍ਰਦਰਸ਼ਨ, ਪੁਲਸ ਨਾਲ ਹੋਈ ਧੱਕਾ-ਮੁੱਕੀ
Saturday, Nov 22, 2025 - 02:15 PM (IST)
ਚੰਡੀਗੜ੍ਹ : ਚੰਡੀਗੜ੍ਹ 'ਚ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਵਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਮਹਿਲਾ ਮੋਰਚਾ ਵਲੋਂ ਪ੍ਰਦਰਸ਼ਨ ਦੌਰਾਨ 'ਆਪ' ਨੂੰ ਪੰਜਾਬ ਦੀਆਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਾਰੰਟੀ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਚੰਡੀਗੜ੍ਹ ਪੁਲਸ ਨੇ ਉਨ੍ਹਾਂ ਨੂੰ ਰਾਹ 'ਚ ਹੀ ਰੋਕ ਲਿਆ।
ਪ੍ਰਦਰਸ਼ਨਕਾਰੀਆਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਦੀ ਪੁਲਸ ਨਾਲ ਧੱਕਾ-ਮੁੱਕੀ ਵੀ ਹੋ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨ ਦੌਰਾਨ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੂੰ ਪੁਲਸ ਵਲੋਂ ਹਿਰਾਸਤ 'ਚ ਲੈ ਲਿਆ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪਾਰਟੀ ਵਲੋਂ ਕੀਤਾ ਗਿਆ ਸੀ ਪਰ 4 ਸਾਲ ਬੀਤਣ ਦੇ ਬਾਵਜੂਦ ਵੀ ਔਰਤਾਂ ਨੂੰ ਇਕ ਕਿਸ਼ਤ ਨਹੀਂ ਮਿਲੀ ਹੈ। ਇਸ ਲਈ ਉਨ੍ਹਾਂ ਵਲੋਂ ਪਾਰਟੀ ਖ਼ਿਲਾਫ਼ ਹੱਲਾ ਬੋਲਿਆ ਗਿਆ ਹੈ।
