ਇਨ੍ਹਾਂ ਭਿਆਨਕ ਬੀਮਾਰੀਆਂ ’ਚ ਹੋ ਰਿਹੈ ਭਾਰੀ ਵਾਧਾ, ਮਰੀਜ਼ਾਂ ਦੀ ਗਿਣਤੀ ਹੋਈ ਦੁੱਗਣੀ
Thursday, Nov 13, 2025 - 03:45 PM (IST)
ਸੁਲਤਾਨਪੁਰ ਲੋਧੀ(ਧੀਰ)- ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿਚ ਸ਼ੂਗਰ ਵਰਗੀਆਂ ਬੀਮਾਰੀਆਂ ਨੇ ਨਵੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ ਤੇ ਭਾਰਤ ਸ਼ੂਗਰ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ। 2025 ਤੱਕ 70 ਮਿਲੀਅਨ ਤੋਂ ਵੱਧ ਲੋਕਾਂ ਦੇ ਇਸ ਤੋਂ ਪੀੜਤ ਹੋਣ ਦੀ ਸੰਭਾਵਨਾ ਹੈ। ਜ਼ਿਆਦਾਤਰ ਮੌਤਾਂ ਦਿਲ ਦੀ ਬੀਮਾਰੀ ਨਾਲ ਹੁੰਦੀਆਂ ਹਨ।
ਇਹ ਵੀ ਪੜ੍ਹੋ- ਮੁੰਡੇ ਨਾਲ ਗੰਦੀ ਹਰਕਤ ਕਰਨ ਵਾਲੇ 2 ਮੁਲਜ਼ਮਾਂ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ
ਪਿਛਲੇ 30 ਸਾਲਾਂ ’ਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਦਿਲ ਦੀ ਬੀਮਾਰੀ ਪਹਿਲਾਂ ਪੰਜਵੇਂ ਨੰਬਰ ’ਤੇ ਸੀ ਪਰ ਹੁਣ ਇਹ ਦੇਸ਼ ਦੀ ਸਭ ਤੋਂ ਵੱਡੀ ਬੀਮਾਰੀ ਬਣ ਗਈ ਹੈ। ਇਕ ਅਧਿਐਨ ਅਨੁਸਾਰ ਭਾਰਤ ’ਚ ਪਿਛਲੇ ਤਿੰਨ ਦਹਾਕਿਆਂ ਦੌਰਾਨ ਦਿਲ, ਸੀ. ਓ. ਪੀ. ਡੀ., ਸ਼ੂਗਰ ਤੇ ਸਟ੍ਰੋਕ ਵਰਗੀਆਂ ਬੀਮਾਰੀਆਂ ਲੋਕਾਂ ਦੀ ਸਿਹਤ ਦੇ ਨੁਕਸਾਨ ’ਚ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਡਬਲਯੂ. ਐੱਚ. ਓ. ਦੀ ਰਿਪੋਰਟ ਅਨੁਸਾਰ ਦੇਸ਼ ’ਚ 70 ਫੀਸਦੀ ਓ. ਪੀ. ਡੀ. ਸੇਵਾਵਾਂ, 58 ਫੀਸਦੀ ਦਾਖਲ ਮਰੀਜ਼ ਤੇ 90 ਫੀਸਦੀ ਦਵਾਈਆਂ ਅਤੇ ਟੈਸਟ ਨਿੱਜੀ ਹੱਥਾਂ ’ਚ ਹਨ। ਚੰਗਾ ਇਲਾਜ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਭਾਰਤ ’ਚ ਸਰਕਾਰੀ ਪੱਧਰ ’ਤੇ ਸਿਹਤ ਸਹੂਲਤਾਂ ਵਿਚ ਸੁਧਾਰ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ- ਪੰਜਾਬ: ਮੈਰਿਜ ਪੈਲੇਸ, ਹੋਟਲ ਤੇ ਰਿਜ਼ੋਰਟ ਮਾਲਕਾਂ ਨੂੰ ਰਹਿਣਾ ਹੋਵੇਗਾ ਚੌਕਸ ! ਹੁਣ ਸ਼ਰਾਬ ਦੀ ਖਪਤ ਦੱਸੇਗੀ...
ਗੈਰ-ਸੰਚਾਰੀ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ 50 ਫੀਸਦੀ ਹਨ । ਦੱਖਣੀ ਏਸ਼ੀਆ ਖੇਤਰ ’ਚ ਲੋਕਾਂ ਦੀਆਂ ਜ਼ਿੰਦਗੀਆਂ ਦਾ ਇਕ ਵੱਡਾ ਹਿੱਸਾ ਮਾੜੀ ਸਿਹਤ ਕਾਰਨ ਹੁੰਦਾ ਹੈ ਅਤੇ ਗੈਰ-ਸੰਚਾਰੀ (ਐੱਨ. ਸੀ. ਡੀ.) ਬੀਮਾਰੀਆਂ ਇਸ ਦਾ ਇਕ ਵੱਡਾ ਕਾਰਨ ਬਣ ਕੇ ਸਾਹਮਣੇ ਆਈਆਂ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਭਾਰਤ ਦੀ ਸਿਹਤ ਪ੍ਰਣਾਲੀ ’ਤੇ ਬੀਮਾਰੀਆਂ ਦਾ 58 ਫੀਸਦੀ ਬੋਝ ਗੈਰ-ਸੰਚਾਰੀ ਬੀਮਾਰੀਆਂ ਕਾਰਨ ਹੈ, ਜੋ 1990 ’ਚ 29 ਫੀਸਦੀ ਸੀ। ਹਵਾ ਪ੍ਰਦੂਸ਼ਣ, ਹਾਈ ਬਲੱਡ ਪ੍ਰੈਸ਼ਰ ਅਤੇ ਖਰਾਬ ਭੋਜਨ ਮੁੱਖ ਕਾਰਨ ਹਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ 15 ਤਰੀਕ ਤੱਕ ਵੱਡੀ ਭਵਿੱਖਬਾਣੀ
1970 ’ਚ ਔਸਤ ਉਮਰ 47.7 ਸਾਲ ਸੀ, ਜੇ 2020 ਵਿਚ ਵਧ ਕੇ 69.6 ਸਾਲ ਹੋ ਗਈ ਹੈ। ਡਾਕਟਰਾਂ ਅਤੇ ਨਰਸਾਂ ਦੇ ਅਨੁਪਾਤ ਵਿਚ ਮੁਕਾਬਲਾਤਨ ਸੁਧਾਰ ਹੋਇਆ ਹੈ ਪਰ ਆਮ ਤੌਰ ’ਤੇ ਸਥਿਤੀ ਅਜੇ ਵੀ ਕਮਜ਼ੋਰ ਹੈ। 10 ਹਜ਼ਾਰ ਲੋਕਾਂ ਲਈ ਸਿਰਫ 9 ਡਾਕਟਰ ਅਤੇ 24 ਨਰਸਾਂ ਹਨ। ਇੰਨੇ ਹੀ ਲੋਕਾਂ ਲਈ ਸਿਰਫ਼ 9 ਫਾਰਮਾਸਿਸਟ ਹਨ।
ਇਹ ਵੀ ਪੜ੍ਹੋ- ਕੱਲ੍ਹ ਖੁਲ੍ਹੇਗਾ 'ਚੋਣ ਪਿਟਾਰਾ', CCTV ਤੇ BSF ਦੀ ਨਿਗਰਾਨੀ ਹੇਠ EVM ਮਸ਼ੀਨਾਂ ’ਚ ਬੰਦ 15 ਉਮੀਦਵਾਰਾਂ ਦੀ ਕਿਸਮ
ਦਿਹਾਤੀ ਖੇਤਰਾਂ ਦੇ ਸਰਕਾਰੀ ਹਸਪਤਾਲਾਂ ’ਚ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਘਾਟ
ਦੱਸਣਯੋਗ ਹੈ ਕਿ ਦਿਹਾਤੀ ਖੇਤਰਾਂ ਦੇ ਸਰਕਾਰੀ ਹਸਪਤਾਲਾਂ ’ਚ ਦਿਲ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਵੱਡੀ ਘਾਟ ਰੜਕ ਰਹੀ ਹੈ, ਜਿਸ ਕਰ ਕੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ’ਚ ਦਿਕਤ ਆਉਂਦੀ ਹੈ ਕਿਉਂਕਿ ਸਰਕਾਰੀ ਹਸਪਤਾਲਾਂ ’ਚ ਡਾਕਟਰ ਨਹੀਂ ਤੇ ਪ੍ਰਾਈਵੇਟ ਹਸਪਤਾਲਾਂ ’ਚੋਂ ਉਹ ਮਹਿੰਗਾ ਇਲਾਜ ਕਰਵਾ ਨਹੀਂ ਸਕਦੇ। ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਵਧ ਰਹੀ ਹੈ ਸ਼ੂਗਰ ਦੇ ਰੋਗੀਆਂ ਦੀ ਗਿਣਤੀ
ਭਾਰਤ ’ਚ ਕੁਲ 11.4 ਫੀਸਦੀ ਲੋਕ ਸ਼ੂਗਰ ਅਤੇ 36 ਫ਼ੀਸਦੀ ਹਾਈ ਹਲੱਡ ਪ੍ਰੈਸਰ ਦੇ ਮਰੀਜ਼ ਹਨ। 15.3 ਫ਼ੀਸਦੀ ਲੋਕ ਪ੍ਰੀ-ਡਾਇਬਟੀਜ਼ ਹਨ। ਪੰਜਾਬ ’ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਸਭ ਤੋਂ ਵੱਧ ਹਨ, ਜਿਨ੍ਹਾਂ ਦੀ ਗਿਣਤੀ 51.8 ਫੀਸਦੀ ਹੈ। ਮਦਰਾਸ ਡਾਇਬੀਟੀਜ਼ ਰਿਸਰਚ ਫਾਊਂਡੇਸ਼ਨ ਨੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ ਇਹ ਅਧਿਐਨ ਕੀਤਾ ਸੀ। ਇਸ ਵਿਚ ਇਹ ਵੀ ਵੇਖਿਆ ਗਿਆ ਕਿ ਭਾਰਤ ਵਿਚ 28.6 ਫੀਸਦੀ ਲੋਕ ਆਮ ਮੋਟਾਪੇ ਤੋਂ ਪੀੜਤ ਹਨ।
ਸੂਬਿਆਂ ’ਚੋਂ ਗੋਆ ਵਿਚ ਸ਼ੂਗਰ ਦੇ ਸਭ ਤੋਂ ਵੱਧ ਕੇਸ (26.4 ) ਹਨ, ਜਦੋਂਕਿ ਉੱਤਰ ਪ੍ਰਦੇਸ਼ ’ਚ ਸਭ ਤੋਂ ਘੱਟ (4.8 ਫ਼ੀਸਦੀ) ਹਨ। ਅਧਿਐਨ ਵਿਚ ਕਿਹਾ ਗਿਆ ਕਿ 2017 ਵਿਚ ਭਾਰਤ ਵਿਚ ਲੱਗਭਗ 7.5 ਫੀਸਦੀ ਲੋਕਾਂ ਨੂੰ ਸ਼ੂਗਰ ਸੀ। ਇਸ ਦਾ ਮਤਲਬ ਹੈ ਕਿ ਉਦੋਂ ਤੋਂ ਹੁਣ ਤੱਕ ਇਹ ਗਿਣਤੀ 50 ਫੀਸਦੀ ਤੋਂ ਵੱਧ ਵਧ ਗਈ ਹੈ। ਗੈਰ-ਸੰਚਾਰੀ ਬੀਮਾਰੀਆਂ ’ਚ ਤੇਜ਼ੀ ਨਾਲ ਵਾਧੇ ਦਾ ਮੁੱਖ ਕਾਰਨ ਗਲਤ ਖੁਰਾਕ, ਸਰੀਰਕ ਸਰਗਰਮੀਆਂ ਦੀ ਘਾਟ ਅਤੇ ਤਣਾਅ ਨੂੰ ਮੰਨਿਆ ਜਾ ਸਕਦਾ ਹੈ।
ਦਿਲ ਦਾ ਦੌਰਾ ਜਾਨਲੇਵਾ : ਸਿਹਤ ਮਾਹਿਰ
ਸਿਹਤ ਮਾਹਿਰ ਡਾ. ਅਮਨਪ੍ਰੀਤ ਸਿੰਘ ਨੇ ਕਿਹਾ ਕਿ ਦਿਲ ਦਾ ਦੌਰਾ ਇਕ ਜਾਨਲੇਵਾ ਸਥਿਤੀ ਹੈ ਜੋ ਪਿਛਲੇ ਕੁਝ ਸਾਲਾਂ ’ਚ ਕਾਫ਼ੀ ਆਮ ਹੋ ਗਈ ਹੈ। ਛਾਤੀ ’ਚ ਦਰਦ ਦਿਲ ਦੇ ਦੌਰੇ ਦਾ ਸਭ ਤੋਂ ਆਮ ਚਿਤਾਵਨੀ ਸੰਕੇਤ ਹੈ।
ਦਿਲ ਦੇ ਦੌਰੇ ਦੇ ਲੱਛਣ
ਛਾਤੀ ’ਚ ਦਰਦ ਜਾਂ ਬੇਆਰਾਮੀ, ਸਾਹ ਦੀ ਕਮੀ, ਬਾਹਾਂ, ਮੋਢੇ ਜਾਂ ਗਰਦਨ ’ਚ ਦਰਦ, ਪਸੀਨਾ ਆਉਣਾ, ਚੱਕਰ ਆਉਣਾ ਹੈ। ਬਹੁਤ ਸਾਰੇ ਲੋਕਾਂ ਨੂੰ ਦਿਲ ਦੇ ਦੌਰੇ ਦੇ ਚਿਤਾਵਨੀ ਸੰਕੇਤਾਂ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੁੰਦਾ। ਦਿਲ ਦਾ ਦੌਰਾ ਉਦੋਂ ਹੁੰਦਾ ਹੈ, ਜਦੋਂ ਦਿਲ ਨੂੰ ਖੂਨ ਦੀ ਸਪਲਾਈ ਬੰਦ ਹੋ ਜਾਂਦੀ ਹੈ। ਜੇਕਰ ਆਕਸੀਜਨ ਭਰਪੂਰ ਖੂਨ ਦਿਲ ਤਕ ਨਹੀਂ ਪਹੁੰਚ ਪਾਉਂਦਾ ਤਾਂ ਇਹ ਦਿਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਨਤੀਜੇ ਵਜੋਂ ਦਿਲ ਦੀਆਂ ਮਾਸਪੇਸ਼ੀਆ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਤੁਹਾਡੇ ਦਿਲ ਨੂੰ ਲੋੜੀਂਦਾ ਖੂਨ ਅਤੇ ਆਕਸੀਜਨ ਨਹੀਂ ਮਿਲਦੀ ਤਾਂ ਇਹ ਸਹੀ ਢੰਗ ਨਾਲ ਕੰਮ ਨਹੀਂ ਕਰਦਾ।
ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਹਾਰਟ ਅਟੈਕ ਦੇ ਮਾਮਲੇ ਵੱਧ ਜਾਂਦੇ ਹਨ। ਸਰਦੀਆਂ ’ਚ ਤਾਪਮਾਨ ਘੱਟ ਹੋਣ ਕਾਰਨ ਸਾਡੇ ਦਿਲ ਨੂੰ ਖੂਨ ਸਪਲਾਈ ਕਰਨ ਵਾਲੀਆਂ ਧਮਨੀਆਂ ਸੁੰਗੜ ਜਾਂਦੀਆਂ ਹਨ। ਇਸ ਕਾਰਨ ਖੂਨ ਹੌਲੀ-ਹੌਲੀ ਦਿਲ ਤੱਕ ਪਹੁੰਚਦਾ ਹੈ। ਦਿਲ ਦੇ ਦੇਰੇ ਤੋਂ ਬਚਣ ਲਈ ਵਿਅਕਤੀ ਨੂੰ ਸਹੀ ਗਰਮ ਕੱਪੜੇ ਪਾਉਣੇ ਚਾਹੀਦੇ ਹਨ। ਤਾਪਮਾਨ ਸਭ ਤੋਂ ਘੱਟ ਹੋਣ ’ਤੇ ਸਵੇਰੇ ਅਤੇ ਰਾਤ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਸਹੀ ਕੱਪੜੇ ਪਾਓ।
