ਭਾਜਪਾ ਮਹਿਲਾ ਮੋਰਚਾ ਨੇ 45,000 ਦੇ ਵਾਅਦੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ''ਸੀਸ ਮਹਿਲ'' ਘੇਰਿਆ

Saturday, Nov 22, 2025 - 05:55 PM (IST)

ਭਾਜਪਾ ਮਹਿਲਾ ਮੋਰਚਾ ਨੇ 45,000 ਦੇ ਵਾਅਦੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ''ਸੀਸ ਮਹਿਲ'' ਘੇਰਿਆ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਨੇ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਨਾ ਦਿੱਤੇ ਗਏ 45,000 ਦੇ ਬਕਾਇਆ ਰਾਸ਼ੀ ਦੇ ਵਾਅਦੇ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਚ ਅਰਵਿੰਦ ਕੇਜਰੀਵਾਲ ਦੇ ‘ਸੀਸ ਮਹਿਲ’ ਦਾ ਘਿਰਾਓ ਕੀਤਾ। ਇਸ ਮੌਕੇ ਮਹਿਲਾ ਮੋਰਚਾ ਦੀ ਅਗਵਾਈ ਜੈ ਇੰਦਰ ਕੌਰ ਨੇ ਕੀਤੀ, ਜਿਨ੍ਹਾਂ ਹਜ਼ਾਰਾਂ ਔਰਤਾਂ ਦੇ ਨਾਲ ਮਿਲ ਕੇ ਸਰਕਾਰ ਨੂੰ ਸਖ਼ਤ ਤੌਰ ‘ਤੇ ਵਾਅਦਿਆਂ ਦੀ ਪਾਲਨਾ ਨਾ ਕਰਨ ਲਈ ਜਵਾਬਦੇਹੀ ਬਣਨ ਦੀ ਮੰਗ ਕੀਤੀ। ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਪੁਲਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ। 22 ਨਵੰਬਰ 2021 ਨੂੰ ਮੋਗਾ ਦੀ ਇਕ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਬੜੇ ਮਾਣ ਨਾਲ ਪੰਜਾਬ ਦੀ ਹਰ ਔਰਤ ਨੂੰ ਮਹੀਨੇ ਦੇ 1,000 ਦੇਣ ਦੀ ਤੀਜੀ ਗਾਰੰਟੀ ਦਾ ਐਲਾਨ ਕੀਤਾ ਸੀ ਪਰ ਅੱਜ 45 ਮਹੀਨੇ ਬਾਅਦ ਵੀ, ਜਿਨ੍ਹਾਂ ਔਰਤਾਂ ਨੇ ਉਨ੍ਹਾਂ ਦੇ ਵਾਅਦਿਆਂ ‘ਤੇ ਭਰੋਸਾ ਕੀਤਾ, ਉਨ੍ਹਾਂ ਨੂੰ ਇਕ ਵੀ ਰੁਪਿਆ ਨਹੀਂ ਮਿਲਿਆ। ਇਸ ਤਰ੍ਹਾਂ ਹਰ ਔਰਤ ਦਾ 45,000 ਬਕਾਇਆ ਹੈ, ਜੋ ਕਿ ‘ਆਪ’ ਦੀ ਸਿਆਸੀ ਰਣਨੀਤੀ ਅਤੇ ਝੂਠੇ ਵਾਅਦਿਆਂ ਦੀ ਸਪੱਸ਼ਟ ਨਕਲ ਪੇਸ਼ ਕਰਦਾ ਹੈ।

PunjabKesari

ਜੈ ਇੰਦਰ ਕੌਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਧੋਖਾ ਦਿੱਤਾ ਹੈ, ਜਿਨ੍ਹਾਂ ਨੇ ਵੱਡੀ ਗਿਣਤੀ ਵਿਚ ਵੋਟਾਂ ਦੇ ਕੇ ਉਨ੍ਹਾਂ ਨੂੰ ਜਿੱਤਵਾਇਆ। ਉਨ੍ਹਾਂ ਨੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀਆਂ ਔਰਤਾਂ ਦਾ ਭਰੋਸਾ ਤੋੜਿਆ ਹੈ ਅਤੇ ਉਨ੍ਹਾਂ ਦੀਆਂ ਦੱਸੀ ਗਈਆਂ "ਗਾਰੰਟੀਆਂ" ਸਿਰਫ਼ ਸਿਆਸੀ ਧੋਖਾਧੜੀ ਬਣ ਕੇ ਰਹਿ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਹੇਠ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਜਿਸ ਕਾਰਨ ਪੰਜਾਬ ਵਿਚ ਕੋਈ ਵੀ ਔਰਤ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਸੂਬੇ ਭਰ ਵਿਚ ਰੋਜ਼ਾਨਾ ਹੋ ਰਹੀਆਂ ਖੋਹਾਂ, ਹਮਲਿਆਂ ਅਤੇ ਹੋਰ ਅਪਰਾਧਕ ਘਟਨਾਵਾਂ ਪੰਜਾਬ ਦੀ ਖ਼ਰਾਬ ਹੋ ਰਹੀ ਸੁਰੱਖਿਆ ਸਥਿਤੀ ਦੀ ਗੰਭੀਰ ਹਕੀਕਤ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਬਹੁਤ ਸੂਝਵਾਨ ਹਨ ਅਤੇ ਉਹ ਇਸ ਸਰਕਾਰ ਦੀਆਂ ਭੈੜੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

PunjabKesari

ਇਸ ਮੌਕੇ ਜੈ ਇੰਦਰ ਕੌਰ ਨਾਲ ਸੀਨੀਅਰ ਭਾਜਪਾ ਮਹਿਲਾ ਮੋਰਚਾ ਨੇਤਾਵਾਂ ਜਿਵੇਂ ਕਿ ਪਰਮਪਾਲ ਕੌਰ, ਮੀਨੂ ਸੇਠੀ, ਰੇਨੂ ਕਸ਼ਯਪ, ਰੇਨੂ ਥਾਪਰ, ਸੀਮਾ ਕੁਮਾਰੀ, ਸਰਬਜੀਤ ਬਾਠ ਅਤੇ ਏਕਤਾ ਨਾਗਪਾਲ ਵੀ ਮੌਜੂਦ ਸਨ। ਇਨ੍ਹਾਂ ਦੇ ਨਾਲ ਸਮੁੱਚੀ ਪੰਜਾਬ ਰਾਜ ਅਤੇ ਜ਼ਿਲ੍ਹਾ ਭਾਜਪਾ ਮਹਿਲਾ ਮੋਰਚਾ ਦੀਆਂ ਟੀਮਾਂ ਵੀ ਸ਼ਾਮਿਲ ਸਨ। ਪ੍ਰਦਰਸ਼ਨ ਦੌਰਾਨ ਚੰਡੀਗੜ੍ਹ ਪੁਲਿਸ ਵੱਲੋਂ ਸਾਰਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਨ੍ਹੀਂ ਨੇ ਕਿਹਾ ਕਿ ‘ਆਪ’ ਸਰਕਾਰ ਦਾ ਸਮਾਂ ਪੁੱਗ ਚੁੱਕਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੀਆਂ ਔਰਤਾਂ ਉਨ੍ਹਾਂ ਨੂੰ ਸਖ਼ਤ ਜਵਾਬ ਦੇਣਗੀਆਂ ਜਿਨ੍ਹਾਂ ਨੇ ਉਨ੍ਹਾਂ ਦਾ ਭਰੋਸਾ ਤੋੜਿਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਜਿਵੇਂ ਕੇਜਰੀਵਾਲ ਨੂੰ ਦਿੱਲੀ ਵਿਚ ਲੋਕ ਨਕਾਰ ਰਹੇ ਹਨ, ਬਹੁਤ ਜਲਦ ਇਸ ਸਰਕਾਰ ਨੂੰ ਵੀ ਪੰਜਾਬ ਵਿਚੋਂ ਕੱਢਿਆ ਜਾਵੇਗਾ। ਅੱਜ ਪੰਜਾਬ ਲਈ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਇਕੋ-ਇਕ ਆਸ ਹੈ।"

ਜੈ ਇੰਦਰ ਕੌਰ ਨੇ ਆਗੇ ਕਿਹਾ ਕਿ ‘ਆਪ’ ਹਰ ਬਜਟ ਸੈਸ਼ਨ ਵਿਚ ਇਕੋ ਗੱਲ ਦੁਹਰਾਉਂਦੀ ਹੈ ਕਿ "ਔਰਤਾਂ ਨੂੰ 1,000 ਜਲਦੀ ਹੀ ਮਿਲ ਜਾਣਗੇ" ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਵਾਅਦਾ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਿਹਾ ਹੈ। ਉਨ੍ਹਾਂ ਨੇ ਦ੍ਰਿੜ ਇਰਾਦਾ ਜਤਾਇਆ ਕਿ ਭਾਜਪਾ ਮਹਿਲਾ ਮੋਰਚਾ ਇਸ ਲੜਾਈ ਨੂੰ ਅਖੀਰ ਤੱਕ ਜਾਰੀ ਰੱਖੇਗੀ ਤਾਂ ਜੋ ਪੰਜਾਬ ਦੀਆਂ ਔਰਤਾਂ ਨੂੰ ਸਿਰਫ਼ ਖੋਖਲੇ ਵਾਅਦੇ ਨਾ ਮਿਲਣ, ਸਗੋਂ ਉਹਨਾਂ ਦਾ ਬਣਦਾ ਹੱਕ ਵੀ ਪ੍ਰਾਪਤ ਹੋਵੇ। ਅੱਜ ਦੇ ਇਸ ਵੱਡੇ ਪ੍ਰਦਰਸ਼ਨ ਤੋਂ 'ਆਪ' ਦੇ ਧੋਖੇ ਵਾਲੇ ਰਾਜ ਪ੍ਰਤੀ ਪੰਜਾਬ ਦੇ ਲੋਕਾਂ ਵਿਚ ਵਧ ਰਹੇ ਗੁੱਸੇ ਅਤੇ ਨਿਰਾਸ਼ਾ ਦੀ ਸਾਫ਼ ਝਲਕ ਮਿਲਦੀ ਹੈ। ਭਾਜਪਾ ਮਹਿਲਾ ਮੋਰਚਾ ਨੇ ਇਹ ਸੰਕਲਪ ਲਿਆ ਹੈ ਕਿ ਉਹ ਇਸ ਅੰਦੋਲਨ ਨੂੰ ਹੋਰ ਤੇਜ਼ ਕਰੇਗਾ, ਜਦੋਂ ਤੱਕ ਸਰਕਾਰ ਨੂੰ ਪੰਜਾਬ ਦੀਆਂ ਔਰਤਾਂ ਨਾਲ ਕੀਤੇ ਧੋਖੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ।


author

Gurminder Singh

Content Editor

Related News