ਕਿਸਾਨਾਂ ਖ਼ਿਲਾਫ਼ ਭਰਮ ਪੈਦਾ ਕਰਨ ਵਾਲੇ ਪ੍ਰਚਾਰ ਤੋਂ ਉਪਜਿਆ ‘ਟਰੈਕਟਰ-ਟੂ-ਟਵਿੱਟਰ’

Friday, Jan 08, 2021 - 01:27 AM (IST)

ਸਿੰਘੂ ਬਾਰਡਰ (ਰਮਨਜੀਤ): ‘ਟਰੈਕਟਰ-ਟੂ-ਟਵਿੱਟਰ’, ਤਕਰੀਬਨ ਡੇਢ-ਦੋ ਮਹੀਨੇ ਪਹਿਲਾਂ ਤੱਕ ਇਹ ਕਿਸੇ ਨੇ ਨਹੀਂ ਸੁਣਿਆ ਸੀ ਪਰ ਮੌਜੂਦਾ ਸਮੇਂ ਵਿਚ ਸੋਸ਼ਲ ਮੀਡੀਆ ਕਾਊਂਟ ਦਾ ਇਹ ਹੈਂਡਲ ਦੰਦਕਥਾ ਬਣ ਚੁੱਕਿਆ ਹੈ। ਇਹ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਹੀ ਦੇਣ ਹੈ, ਜੋ ਕਿਸਾਨ ਪਰਿਵਾਰਾਂ ਨਾਲ ਜੁੜੇ ਨੌਜਵਾਨਾਂ ਦਾ ‘ਬਰੇਨ-ਚਾਈਲਡ’ ਹੈ।

ਆਲਮ ਇਹ ਹੈ ਕਿ ਸੋਸ਼ਲ ਮੀਡੀਆ ਦੀ ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ’ਤੇ ਸ਼ੁਰੂ ਹੋਏ ਹੈਂਡਲ ਦੀ ਬਦੌਲਤ ਨਾ ਸਿਰਫ਼ ਕਿਸਾਨ ਅੰਦੋਲਨ ਖ਼ਿਲਾਫ਼ ਚਾਲਬਾਜ਼ ਪ੍ਰਚਾਰ ਨੂੰ ਸਖ਼ਤ ਟੱਕਰ ਦਿੱਤੀ ਜਾ ਰਹੀ ਹੈ, ਸਗੋਂ ਦਿੱਲੀ ਬਾਰਡਰ ’ਤੇ ਧਰਨੇ ਦਾ ਹਰ ਸ਼ਾਮ ਅਪਡੇਟ, ਧਰਨਾ ਸਥਾਨ ਦੀਆਂ ਸਹੀ ਸੂਚਨਾਵਾਂ ਅਤੇ ਅਪਡੇਟ ਲਈ ਵੀ ਮੁੱਢਲਾ ਜ਼ਰੀਆ ਬਣ ਕੇ ਉੱਭਰ ਰਿਹਾ ਹੈ। ਡੇਢ-ਦੋ ਮਹੀਨਿਆਂ ਦੌਰਾਨ ਹੀ ਲੱਖਾਂ ਤੱਕ ਪਹੁੰਚ ਹਾਸਲ ਕਰਨ ਵਾਲੇ ‘ਕੈਂਪੇਨ’ ਨੇ ਰਾਜਨੀਤਕ ਪਾਰਟੀਆਂ ਦੇ ਬਿਨਾਂ ‘ਆਈ. ਟੀ. ਸੈੱਲ’ ਕਈ ਦਿਨਾਂ ਤਕ ਨਾ ਸਿਰਫ ਭਾਰਤ ਸਗੋਂ ਵਿਦੇਸ਼ਾਂ ਵਿਚ ਵੀ ਹੈਸ਼ਟੈਗਸ ਨੂੰ ‘ਟਾਪ ਟਰੈਂਡਿੰਗ’ ਵਿਚ ਬਣਾਈ ਰੱਖਣ ਵਿਚ ਵੀ ਸਫ਼ਲਤਾ ਹਾਸਲ ਕੀਤੀ ਹੈ।

‘ਕੋਰ ਟੀਮ ਵਿਚ ਕਿਸਾਨ ਤੋਂ ਲੈ ਕੇ ਦੰਦਾਂ ਦੇ ਡਾਕਟਰ ਤੱਕ’

ਦਿੱਲੀ ਦੇ ਬਾਰਡਰ ’ਤੇ ਡਟੇ ਵੱਖ-ਵੱਖ ਪ੍ਰਦੇਸ਼ਾਂ ਦੇ ਕਿਸਾਨਾਂ ਦੀ ਹੀ ਤਰ੍ਹਾਂ 29 ਨਵੰਬਰ, 2020 ਨੂੰ ਸ਼ੁਰੂ ਹੋਏ ‘ਟਰੈਕਟਰ2ਟਵਿੱਟਰ’ ਦੀ ਸ਼ੁਰੂਆਤੀ ਟੀਮ ਵਿਚ ਵੀ ਵੱਖ-ਵੱਖ ਰੰਗ ਮਿਲੇ ਹੋਏ ਹਨ। ਟੀਮ ਵਿਚ ਮਾਨਸਾ ਦੇ ਉਦਮੀ ਅਤੇ ਇੰਜੀਨੀਅਰਿੰਗ ਗ੍ਰੈਜੂਏਟ ਮਾਨਿਕ ਗੋਇਲ, ਲੁਧਿਆਣਾ ਦੇ ਆਈ. ਟੀ. ਪ੍ਰੋਫੈਸ਼ਨਲ ਭਵਜੀਤ ਸਿੰਘ, ਕਿਸਾਨ ਬੱਬੂ ਖੋਸਾ, ਲੁਧਿਆਣਾ ਦੇ ਹੀ ਦੰਦਾਂ ਦੇ ਡਾ. ਅਮਨਦੀਪ ਸਿੰਘ ਅਤੇ ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਰਾਜ ਬੁੱਟਰ ਸ਼ਾਮਲ ਹਨ।

ਮਾਨਸਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਇੰਜੀਨੀਅਰਿੰਗ ਗ੍ਰੈਜੂਏਟ ਮਾਨਿਕ ਦਾ ਕਹਿਣਾ ਹੈ ਕਿ ਅਸੀਂ ਸੋਚਿਆ ਸੀ ਕਿ ਲੋਕਾਂ ਨੂੰ ਅਸਲੀਅਤ ਅਤੇ ਤੱਥਾਂ ਦੀ ਜਾਣਕਾਰੀ ਦੇਣ ਲਈ ਅਜਿਹਾ ਹੋਣਾ ਚਾਹੀਦਾ ਹੈ। ਉਥੇ ਹੀ, ‘ਟਰੋਲ ਆਰਮੀ’ ਨੂੰ ਟੱਕਰ ਦੇਣ ਲਈ ਇਹ ਵੀ ਜ਼ਰੂਰੀ ਸੀ ਕਿ ਲੋਕਾਂ ਦਾ ਵੱਡਾ ਸਮੂਹ ਇਸ ਕੰਮ ਵਿਚ ਸਹਿਯੋਗ ਦੇਵੇ।

‘ਪੰਜਾਬ ਦੇ ਖੇਤਾਂ ਦੇ ਪੁੱਤਰ-ਧੀਆਂ ਨੇ ਦਿੱਲੀ ਧਰਨੇ ਵੱਲ ਕੀਤਾ ਰੁਖ਼’

 ਦਿੱਲੀ ਮੋਰਚਿਆਂ ਵਿਚ ਸ਼ਾਮਲ ਹੋਣ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਐਲਾਨ ’ਤੇ 50 ਦੇ ਕਰੀਬ ਬੱਸਾਂ, ਟਰੱਕਾਂ, ਕੈਂਟਰਾਂ ਅਤੇ ਵੈਨਾਂ ਦੇ ਜ਼ਰੀਏ ਸੈਂਕੜੇ ਖੇਤ ਮਜ਼ਦੂਰਾਂ ਦਾ ਕਾਫਲਾ ਖਨੌਰੀ, ਡੱਬਵਾਲੀ ਅਤੇ ਸਰਦੂਲਗੜ੍ਹ ਬਾਰਡਰਾਂ ਤੋਂ ਰਵਾਨਾ ਹੋਇਆ ਹੈ। ਪਲਸ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਵੀ ਰੰਗਕਰਮੀਆਂ ਸਮੇਤ ਕਾਫਲੇ ਵਿਚ ਸ਼ਾਮਲ ਹੋਏ।

ਬਠਿੰਡਾ ਅਤੇ ਡੱਬਵਾਲੀ ਤੋਂ ਕਾਫਲੇ ਰਵਾਨਾ ਹੋਣ ਤੋਂ ਪਹਿਲਾਂ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਮੋਦੀ ਹਕੂਮਤ ਵਲੋਂ ਨਵੇਂ ਖੇਤੀ ਕਾਨੂੰਨਾਂ ਦੇ ਜ਼ਰੀਏ ਖੇਤੀ ਖੇਤਰ ’ਤੇ ਬੋਲਿਆ ਹੱਲਾ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਵਿਚ ਵੱਡੀ ਉਥਲ-ਪੁਥਲ ਮਚਾਉਣ ਜਾ ਰਿਹਾ ਹੈ। ਖੇਤ ਮਜ਼ਦੂਰ ਜੋ ਮੁੱਖ ਤੌਰ ’ਤੇ ਦਲਿਤ ਵਰਗ ਨਾਲ ਸਬੰਧਤ ਹਨ, ਪਹਿਲਾਂ ਹੀ ਖੇਤੀ ਖੇਤਰ ਵਿਚ ਹਕੂਮਤਾਂ ਵਲੋਂ ਲਿਆਂਦੀ ਹਰੀ ਕ੍ਰਾਂਤੀ ਦੀਆਂ ਨੀਤੀਆਂ ਕਾਰਨ ਲੋਕ ਬੇਰੋਜ਼ਗਾਰੀ, ਕਰਜ਼ੇ ਅਤੇ ਖੁਦਕੁਸ਼ੀਆਂ ਵਰਗੀਆਂ ਸਮੱਸਿਆਵਾਂ ਦਾ ਸੰਤਾਪ ਝੱਲ ਰਹੇ ਹਨ ਅਤੇ ਹੁਣ ਮੋਦੀ ਸਰਕਾਰ ਵਲੋਂ ਲਿਆਂਦੇ ਇਹ ਕਾਨੂੰਨ ਉਨ੍ਹਾਂ ਨੂੰ ਮਿਲਦੇ ਰੋਜ਼ਗਾਰ ਦੀ ਹੋਰ ਵੀ ਬਰਬਾਦੀ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਕਾਫਲਾ ਵੀਰਵਾਰ ਰਾਤ ਅਤੇ 8 ਜਨਵਰੀ ਨੂੰ ਟਿਕਰੀ ਬਾਰਡਰ ’ਤੇ ਰੁਕੇਗਾ ਅਤੇ 9 ਜਨਵਰੀ ਨੂੰ ਸਾਰਾ ਦਿਨ ਸਿੰਘੂ ਬਾਰਡਰ ’ਤੇ ਰੁਕਣ ਤੋਂ ਬਾਅਦ 10 ਜਨਵਰੀ ਨੂੰ ਪੰਜਾਬ ਪਰਤੇਗਾ।

‘ਟਵਿੱਟਰ ’ਤੇ ਲਿਆਉਣ ਅਤੇ ਪਹੁੰਚ ਵਧਾਉਣ ਦੀ ਚਰਚਾ ਨਾਲ ਹੀ ਇਹ ਨਾਮ ਨਿਕਲਿਆ’

ਮਾਨਸਾ ਜ਼ਿਲੇ ਨਾਲ ਸਬੰਧਤ ਇੰਜੀਨੀਅਰਿੰਗ ਗ੍ਰੈਜੂਏਟ ਮਾਨਿਕ ਗੋਇਲ ਨੇ ਕਿਹਾ ਕਿ ‘ਟਰੈਕਟਰ2ਟਵਿੱਟਰ’ ਦਾ ਆਈਡੀਆ ਮੇਨ ਸਟਰੀਮ ਮੀਡੀਆ ਦੇ ਕੁਝ ਹਿੱਸੇ ਅਤੇ ਰਾਜਨੀਤਕ ਆਗੂਆਂ ਵਲੋਂ ਕਿਸਾਨਾਂ ਖ਼ਿਲਾਫ਼ ਭਰਮ ਪੈਦਾ ਕਰਨ ਵਾਲਾ ਅਤੇ ਬੇਬੁਨਿਆਦ ਪ੍ਰਚਾਰ ਕਾਰਨ ਆਇਆ।

ਉਨ੍ਹਾਂ ਅਨੁਸਾਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਵਿਚ ਲਗਭਗ ਹਰ ਨੌਜਵਾਨ ਕੋਲ ਸਮਾਰਟਫੋਨ ਹੈ ਅਤੇ ਫੇਸਬੁਕ ਅਤੇ ਇੰਸਟਾਗਰਾਮ ’ਤੇ ਅਕਾਊਂਟ ਵੀ ਪਰ ਇਹ ਵੀ ਸੱਚਾਈ ਹੈ ਕਿ ਟਵਿੱਟਰ ’ਤੇ ਨੌਜਵਾਨ ਘੱਟ ਸਨ। ਉਨ੍ਹਾਂ ਨੂੰ ਟਵਿੱਟਰ ’ਤੇ ਲਿਆਉਣ ਅਤੇ ਪਹੁੰਚ ਵਧਾਉਣ ਦੀ ਚਰਚਾ ਤੋਂ ਹੀ ਇਹ ਨਾਮ ਨਿਕਲਿਆ ‘ਟਰੈਕਟਰ2ਟਵਿਟਰ’। ਟੀਮ ਦੇ ਮੈਂਬਰ ਭਵਜੀਤ ਨੇ ਇਹ ਨਾਮ ਸੁਝਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਦੁਨੀਆ ਨੂੰ ਦੱਸਣਾ ਹੈ ਕਿ ਟਰੈਕਟਰ ਚਲਾਉਣ ਵਾਲੇ ਟਵੀਟ ਵੀ ਕਰਦੇ ਹਨ। ਬੱਸ, ਫਿਰ ਧਰਨਾ ਸਥਾਨਾਂ ’ਤੇ ਪਹੁੰਚੇ ਨੌਜਵਾਨਾਂ ਨੂੰ ਟਵਿੱਟਰ ’ਤੇ ਲਿਆਉਣ ਅਤੇ ਟਵੀਟ ਵਿਚ ਸਹਿਯੋਗ ਲਈ ਪ੍ਰੇਰਿਤ ਕਰ ਕੇ ਟਵਿੱਟਰ ਕੈਂਪੇਨ ਦੇ ਮਹੱਤਵ ਦੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦਾ ਭਰਪੂਰ ਸਹਿਯੋਗ ਮਿਲਿਆ ਅਤੇ ਹੁਣ ਤੱਕ 27,900 ਲੋਕ ਜੁੜ ਚੁੱਕੇ ਹਨ, ਜਿਸ ਨਾਲ ਹਰ ਟਵੀਟ ਦੀ ਪਹੁੰਚ 1 ਲੱਖ ਤੋਂ ਵੀ ਜ਼ਿਆਦਾ ਐਕਾਊਂਟਸ ਦੀ ਹੋ ਚੁੱਕੀ ਹੈ।

‘ਸਿਰਫ਼ ਇਕ ਸੋਸ਼ਲ ਮੀਡੀਆ ਹੈਂਡਲ ਨਹੀਂ, ਅੰਦੋਲਨ ਦਾ ਅਹਿਮ ਹਿੱਸਾ’:

ਲੁਧਿਆਣਾ ਦੇ ਰਹਿਣ ਵਾਲੇ ਆਈ.ਟੀ. ਪ੍ਰੋਫੈਸ਼ਨਲ ਭਵਜੀਤ ਸਿੰਘ ਨੇ ਕਿਹਾ ਕਿ ‘ਟਰੈਕਟਰ2ਟਵਿਟਰ’ ਸਿਰਫ਼ ਇਕ ਸੋਸ਼ਲ ਮੀਡੀਆ ਹੈਂਡਲ ਨਹੀਂ ਰਹਿ ਗਿਆ ਹੈ, ਇਹ ਹੁਣ ਕਿਸਾਨ ਅੰਦੋਲਨ ਦੇ ਮਹੱਤਵਪੂਰਣ ਹਿੱਸੇ ਦੇ ਤੌਰ ’ਤੇ ਕੰਮ ਕਰ ਰਿਹਾ ਹੈ, ਕਿਉਂਕਿ ਸੱਤਾਧਾਰੀ ਪਾਰਟੀ ਦੇ ਆਈ.ਟੀ. ਸੈੱਲ ਨੂੰ ‘ਟਰੈਕਟਰ2ਟਵਿਟਰ’ ਦੇ ਦਮ ’ਤੇ ਕਈ ਦਿਨਾਂ ਤੱਕ ਮਾਤ ਦਿੱਤੀ ਗਈ। ਇਹੀ ਨਹੀਂ ਤਥਾਤਮਕ ਅਤੇ ਜ਼ਮੀਨੀ ਸੱਚਾਈ ਨੂੰ ਵੀ ਲੋਕਾਂ ਤੱਕ ਪਹੁੰਚਾਇਆ ਗਿਆ ਹੈ।

ਪਹਿਲਾਂ ਸਿਰਫ਼ ਹੈਸ਼ਟੈਗ ਅਤੇ ਟਵੀਟ ਤੱਕ ਹੀ ਸੀਮਿਤ ਸੀ ਪਰ ਹੁਣ ਧਰਨਾ ਸਥਾਨਾਂ ਤੋਂ ਹਰ ਸ਼ਾਮ ਅਪਡੇਟ ਵੀਡੀਓ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ। ਪੂਰੇ ਦਿਨ ਦੀ ਗਤੀਵਿਧੀ ਦੀ ਜਾਣਕਾਰੀ ਦੇ ਨਾਲ-ਨਾਲ ਕਿਸਾਨ ਸੰਗਠਨਾਂ ਵਲੋਂ ਐਲਾਨੇ ਅਗਲੇ ਪ੍ਰੋਗਰਾਮਾਂ ਦੀ ਵੀ ਸੂਚਨਾ ਸਾਂਝੀ ਕੀਤੀ ਜਾ ਰਹੀ ਹੈ। ਉਥੇ ਹੀ, ਲਾਲ ਦਾ ਕਹਿਣਾ ਹੈ ਕਿ ਕੈਂਪੇਨ ਲਈ ਕਈ ਲੋਕਾਂ ਨੇ ਰਿਸਪਾਂਸ ਕੀਤਾ ਅਤੇ ਗ੍ਰਾਫਿਕਸ ਤੋਂ ਲੈ ਕੇ ਰਿਸਰਚ, ਕੰਟੈਂਟ ਰਾਈਟਿੰਗ ਤੱਕ ਸ਼ਾਮਲ ਹੈ, ਲਈ ਲੋਕਾਂ ਨੇ ਵਾਲੰਟੀਅਰ ਦੇ ਤੌਰ ’ਤੇ ਆਪਣੀ ਸੇਵਾਵਾਂ ਪੇਸ਼ ਕੀਤੀਆਂ ਹਨ। ਜ਼ਿਆਦਾਤਰ ਨੂੰ ਅਸੀ ਨਿਜੀ ਤੌਰ ’ਤੇ ਨਹੀਂ ਜਾਣਦੇ ਪਰ ਕੈਂਪੇਨ ਦੀ ਹੈਲਪ ਲਈ ਅਸੀ ਲੋਕ ਆਪਸ ਵਿਚ ਜੁੜ ਗਏ ਹਾਂ।

 


Bharat Thapa

Content Editor

Related News