ਤੰਬਾਕੂ ਖਾਣ ਤੇ ਵੇਚਣ ਵਾਲੇ ਨੂੰ ਹੋਵੇਗਾ 11000 ਰੁਪਏ ਜੁਰਮਾਨਾ, ਦੱਸਣ ਵਾਲੇ ਨੂੰ ਵੀ ਮਿਲੇਗਾ ਇਨਾਮ
Saturday, Aug 02, 2025 - 08:51 PM (IST)

ਮਲੋਟ, (ਸ਼ਾਮ ਜੁਨੇਜਾ)- ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ੇ ਵਿਰੁੱਧ ਮੁਹਿੰਮ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਹੈ, ਉਥੇ ਹੀ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਨਸ਼ੇ ਦੀ ਜੜ ਚੈਨੀ-ਖੈਨੀ ਅਤੇ ਤੰਬਾਕੂ 'ਤੇ ਰੋਕ ਲਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ।
ਪਿੰਡ ਕਟੋਰੇਵਾਲਾ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਬੇਸ਼ੱਕ ਨਸ਼ੇ ਦੀ ਭਰਮਾਰ ਹੈ ਅਤੇ ਪੁਲਸ ਵੱਲੋਂ ਰੋਕਣ ਲਈ ਯਤਨ ਜਾਰੀ ਹਨ ਪਰ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਨਸ਼ੇ ਦੀ ਸ਼ੁਰੂਆਤ ਤੰਬਾਕੂ ਅਤੇ ਐਨਰਜੀ ਡਰਿੰਕ ਵਰਗੇ ਪ੍ਰੋਡਕਟਾਂ ਤੋਂ ਕੀਤੀ ਜਾਂਦੀ ਹੈ। ਇਸ ਲਈ ਸ਼ੁਰੂ ਵਿਚ ਇਸ ਦੀ ਰੋਕਥਾਮ ਕੀਤੀ ਜਾਵੇ ਤਾਂ ਨੌਜਵਾਨਾਂ ਦਾ ਨਸ਼ੇ ਤੋਂ ਰੁਝਾਨ ਘਟਾਇਆ ਜਾ ਸਕਦਾ ਹੈ। ਇਸ ਲਈ ਇਨ੍ਹਾਂ ਦੀ ਸਪਲਾਈ ਬੰਦ ਕਰਨ ਲਈ ਪਿੰਡਾਂ ਦੇ ਸਮੂਹ ਦੁਕਾਨਦਾਰਾਂ ਨਾਲ ਮਿਲ ਕੇ ਉਹਨਾਂ ਅਜਿਹੀਆਂ ਵਸਤਾਂ ਦੀ ਵਿਕਰੀ ਰੋਕਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ।
ਇਸ ਸਬੰਧੀ ਪਿੰਡ ਕਟੋਰੇਵਾਲਾ ਦੀ ਸਰਪੰਚ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕਰਿਆਨੇ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਇਨ੍ਹਾਂ ਤੰਬਾਕੂ ਵਸਤਾਂ ਦੀ ਵਿਕਰੀ 'ਤੇ ਰੋਕ ਲਾਈ ਹੈ। ਉੱਥੇ ਹੀ ਪਿੰਡ ਅੰਦਰ ਜਨਤਕ ਥਾਵਾਂ 'ਤੇ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਉੱਪਰ ਵੀ ਨਜ਼ਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਲਿਖਤੀ ਮਤਾ ਪਾਸ ਕੀਤਾ ਗਿਆ ਹੈ ਜਿਸ ਵਿਚ ਫੈਸਲਾ ਕੀਤਾ ਗਿਆ ਹੈ ਕਿ ਅੱਜ ਤੋਂ ਕੋਈ ਵੀ ਦੁਕਾਨਦਾਰ ਕੂਲ ਲਿੱਪ, ਚੈਨੀ-ਖੈਨੀ ਜਾਂ ਇਸ ਨਾਲ ਮਿਲਦੀ ਜੁਲਦੀ ਵਸਤੂ ਨਹੀਂ ਰੱਖੇਗਾ। ਇਸ ਤੋਂ ਇਲਾਵਾ ਜਰਦਾ, ਬੀੜੀ, ਸਿਗਰਟ ਆਦਿ ਦੀ ਵਿਕਰੀ ਪੂਰਨ ਤੌਰ 'ਤੇ ਬੰਦ ਰਹੇਗੀ। ਜੇਕਰ ਕੋਈ ਦੁਕਾਨਦਾਰ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਵੇਚਦਾ ਫੜਿਆ ਗਿਆ ਤਾਂ ਉਸਨੂੰ ਜੁਰਮਾਨਾ ਕੀਤਾ ਜਾਵੇਗਾ। ਕੋਈ ਵੀ ਦੁਕਾਨਦਾਰ ਸਟਿੰਗ ਆਦਿ ਐਨਰਜੀ ਡਰਿੰਕ ਨਹੀਂ ਵੇਚੇਗਾ।
ਸਰਪੰਚ ਸਮੇਤ ਪੰਚਾਇਤ ਮੈਂਬਰਾਂ ਨੇ ਐਲਾਨ ਕਰਦਿਆਂ ਕਿਹਾ ਕਿ ਅੱਜ ਤੋਂ ਬਾਅਦ ਪਿੰਡ ਦੇ ਸ਼ਮਸ਼ਾਨ ਘਾਟ, ਵਾਟਰ ਵਰਕਸ ਜਾਂ ਜਨਤਕ ਥਾਂ 'ਤੇ ਕੋਈ ਚਿੱਟਾ ਪੀਂਦਾ ਫੜਿਆ ਗਿਆ ਤਾਂ ਉਸ ਵਿਰੁੱਧ ਪੰਚਾਇਤ ਕਾਰਵਾਈ ਕਰੇਗੀ। ਉਹਨਾਂ ਫੈਸਲਾ ਕੀਤਾ ਕਿ ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰੇਗਾ ਤਾਂ ਉਸਨੂੰ 11 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ ਅਤੇ ਇਸ ਸਬੰਧੀ ਵੀਡੀਓ ਬਣਾ ਕੇ ਪੰਚਾਇਤ ਦੇ ਧਿਆਨ ਵਿਚ ਲਿਆਉਣ ਵਾਲੇ ਨੂੰ 5 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਇਸ ਸਬੰਧੀ ਪਾਸ ਕੀਤੇ ਗਏ ਮਤੇ 'ਤੇ ਸਰਪੰਚ ਹਰਪ੍ਰੀਤ ਕੌਰ, ਮੈਂਬਰ ਪਲਵਿੰਦਰ ਕੌਰ, ਮਨਦੀਪ ਕੌਰ, ਗੁਰਜੀਤ ਸਿੰਘ, ਰਾਜੂ ਰਾਮ, ਸੱਤਾ ਸਿੰਘ ਅਤੇ ਰਣਜੀਤ ਸਿੰਘ ਸਮੇਤ ਸਮੂਹ ਮੈਂਬਰਾਂ ਦੇ ਦਸਖਤ ਸਨ। ਜਿਸ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ 1 ਅਗਸਤ ਤੋਂ ਲਾਗੂ ਹੋਵੇਗਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਅਜਿਹੇ ਨਸ਼ਿਆਂ ਤੋਂ ਹੀ ਸ਼ੁਰੂਆਤ ਕਰਨੀ ਹੁੰਦੀ ਹੈ ਅਤੇ ਇਸ ਦਾ ਮੰਤਵ ਪਹਿਲੇ ਚਰਨ ਵਿਚ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਰੋਕਣਾ ਹੈ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਸ਼ਾਬੰਦੀ ਸਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।