ਪੰਜਾਬ: ਵਸੂਲੀ ਕਰਨ ਆਏ ਬਦਮਾਸ਼ ਨੂੰ ਬਰਗਰ ਵਾਲੇ ਨੇ ਉਤਾਰਿਆ ਮੌਤ ਦੇ ਘਾਟ
Sunday, Aug 03, 2025 - 06:02 PM (IST)

ਬਠਿੰਡਾ (ਵਿਜੇ ਵਰਮਾ)- ਜ਼ਿਲ੍ਹੇ ਦੀ ਸੰਗਤ ਮੰਡੀ ’ਚ ਗੈਰ-ਕਾਨੂੰਨੀ ਵਸੂਲੀ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਬੱਸ ਸਟੈਂਡ ਨੇੜੇ ਗਲੀ ’ਚ ਸਾਮਾਨ ਵੇਚਣ ਵਾਲਿਓਂ ਤੋਂ ਪੈਸੇ ਵਸੂਲ ਰਹੇ ਬਦਮਾਸ਼ਾਂ ਨੇ ਪਹਿਲਾਂ ਇਕ ਬਰਗਰ ਵੇਚਣ ਵਾਲੇ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਗੁੱਸੇ ’ਚ ਆਏ ਨੌਜਵਾਨ ਨੇ ਆਪਣੇ ਪਿਤਾ ਨਾਲ ਮਿਲ ਕੇ ਹਮਲਾਵਰਾਂ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਲੱਖੀ ਨਾਂ ਦੇ ਬਦਮਾਸ਼ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਗੁਰਪ੍ਰੀਤ ਗੰਭੀਰ ਜ਼ਖਮੀ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ. (ਡੀ.) ਜਸਮੀਤ ਸਿੰਘ ਅਤੇ ਸੀ.ਆਈ.ਏ.-2 ਦੇ ਇੰਚਾਰਜ ਇੰਸਪੈਕਟਰ ਕਰਨਵੀਰ ਸਿੰਘ ਏਮਜ਼ ਹਸਪਤਾਲ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਰਗਰ ਵੇਚਣ ਵਾਲੇ ਨੌਜਵਾਨ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕਰ ਕੇ ਪੂਰੀ ਘਟਨਾ ਦਾ ਕਾਰਨ ਦੱਸਿਆ। ਉਸ ਨੇ ਆਪਣੇ ’ਤੇ ਹੋਏ ਹਮਲੇ ਅਤੇ ਵਸੂਲੀ ਦੀ ਕੋਸ਼ਿਸ਼ ਬਾਰੇ ਜਾਣਕਾਰੀ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੂੰ CM ਮਾਨ ਦੀਆਂ ਨਵੀਆਂ ਹਦਾਇਤਾਂ, ਅਗਲੇ 2 ਹਫ਼ਤਿਆਂ...
ਮੌਕੇ ’ਤੇ ਮੌਜੂਦ ਲੋਕਾਂ ਅਤੇ ਖਾਸ ਸੂਤਰਾਂ ਅਨੁਸਾਰ ਸ਼ਨੀਵਾਰ ਨੂੰ ਲੱਖੀ ਅਤੇ ਉਸਦਾ ਸਾਥੀ ਸੰਗਤ ਮੰਡੀ ਬੱਸ ਅੱਡੇ ’ਤੇ ਸੜਕਾਂ ’ਤੇ ਸਾਮਾਨ ਵੇਚਣ ਵਾਲਿਆਂ ਤੋਂ ਪੈਸੇ ਵਸੂਲ ਰਹੇ ਸਨ। ਜਦੋਂ ਉਨ੍ਹਾਂ ਨੇ ਇਕ ਬਰਗਰ ਵਿਕਰੇਤਾ ਤੋਂ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਵਿਰੋਧ ਕਰਨ ’ਤੇ ਉਸਦੀ ਕੁੱਟਮਾਰ ਕਰ ਦਿੱਤੀ ਤਾਂ ਪੀੜਤ ਨੇ ਇਹ ਗੱਲ ਆਪਣੇ ਪਿਤਾ ਨੂੰ ਦੱਸੀ।
ਇਸ ਤੋਂ ਬਾਅਦ ਦੋਵੇਂ ਪਿਓ-ਪੁੱਤਰ ਨੇ ਲੱਖੀ ਅਤੇ ਗੁਰਪ੍ਰੀਤ ਨੂੰ ਬੱਸ ਅੱਡੇ ’ਚ ਲੱਭ ਕੇ ਉਨ੍ਹਾਂ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ। ਲੱਖੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਗੁਰਪ੍ਰੀਤ ਨੂੰ ਗੰਭੀਰ ਹਾਲਤ ’ਚ ਏਮਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਹਮਲੇ ਦੌਰਾਨ ਲੱਖੀ ਨੇ ਪਿਸਤੌਲ ਨਾਲ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲੇ ਦੀ ਸ਼ੁਰੂਆਤ ’ਚ ਹੀ ਉਸ ਦਾ ਹਥਿਆਰ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੱਖੀ ਹਾਲ ਹੀ ’ਚ ਜ਼ਮਾਨਤ ’ਤੇ ਜੇਲ ਤੋਂ ਰਿਹਾਅ ਹੋਇਆ ਸੀ ਅਤੇ ਸੰਗਤ ਮੰਡੀ ਇਲਾਕੇ ’ਚ ਜਬਰੀ ਵਸੂਲੀ ਅਤੇ ਡਰ ਫੈਲਾਉਣ ਲਈ ਬਦਨਾਮ ਸੀ। ਹਮਲੇ ਤੋਂ ਬਾਅਦ ਮੁਲਜ਼ਮ ਪਿਓ-ਪੁੱਤ ਮੌਕੇ ਤੋਂ ਭੱਜ ਗਏ। ਪੁਲਸ ਨੇ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8