ਅੰਮ੍ਰਿਤਸਰ, ਕਪੂਰਥਲਾ ਦਾ ਸੈਰ ਸਪਾਟਾ ਮਾਸਟਰ ਪਲਾਨ ਮਨਜ਼ੂਰ, ਲਗਭਗ 100 ਕਰੋੜ ਰੁਪਏ ਹੋਣਗੇ ਖ਼ਰਚ

Tuesday, Feb 27, 2024 - 05:57 PM (IST)

ਅੰਮ੍ਰਿਤਸਰ, ਕਪੂਰਥਲਾ ਦਾ ਸੈਰ ਸਪਾਟਾ ਮਾਸਟਰ ਪਲਾਨ ਮਨਜ਼ੂਰ, ਲਗਭਗ 100 ਕਰੋੜ ਰੁਪਏ ਹੋਣਗੇ ਖ਼ਰਚ

ਚੰਡੀਗੜ੍ਹ (ਅਸ਼ਵਨੀ) : ਆਖਰਕਾਰ ਅੰਮ੍ਰਿਤਸਰ ਅਤੇ ਕਪੂਰਥਲਾ ਦੇ ਡੈਸਟੀਨੇਸ਼ਨ ਟੂਰਿਜ਼ਮ ਮਾਸਟਰ ਪਲਾਨ ਨੂੰ ਹਰੀ ਝੰਡੀ ਮਿਲ ਗਈ ਹੈ। ਪ੍ਰਵਾਨਗੀ ਤੋਂ ਬਾਅਦ ਹੁਣ ਪੰਜਾਬ ਸੈਰ ਸਪਾਟਾ ਵਿਭਾਗ ਦੋਨਾਂ ਥਾਂਵਾਂ ਦੀਆਂ ਵਿਸਥਾਰਿਤ ਪ੍ਰਾਜੈਕਟ ਰਿਪੋਰਟਾਂ ਤਿਆਰ ਕਰਨ ਵਿਚ ਲੱਗ ਗਿਆ ਹੈ ਤਾਂ ਜੋ ਕੇਂਦਰੀ ਸੈਰ ਸਪਾਟਾ ਮੰਤਰਾਲੇ ਤੋਂ ਮਿਲਣ ਵਾਲੀ ਫੰਡਿੰਗ ਦਾ ਰਾਹ ਸਾਫ਼ ਹੋ ਸਕੇ। ਇਨ੍ਹਾਂ ਦੋਨਾਂ ਯੋਜਨਾਵਾਂ ’ਤੇ ਲਗਭਗ 100 ਕਰੋੜ ਰੁਪਏ ਖਰਚ ਦਾ ਪ੍ਰਸਤਾਵ ਹੈ।
ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ’ਚ ਡੈਸਟੀਨੇਸ਼ਨ ਬੇਸਡ ਸੈਰ-ਸਪਾਟਾ ਵਿਕਾਸ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਇਹ ਸਭ ਕੇਂਦਰੀ ਸੈਰ-ਸਪਾਟਾ ਮੰਤਰਾਲੇ ਦੀ ਸਵਦੇਸ਼ ਦਰਸ਼ਨ 2.0 ਸਕੀਮ ਰਾਹੀਂ ਸੰਭਵ ਹੋ ਰਿਹਾ ਹੈ। ਦਰਅਸਲ, ਮੰਤਰਾਲੇ ਨੇ ਮੰਜ਼ਿਲ ਅਤੇ ਸੈਰ-ਸਪਾਟਾ ਕੇਂਦਰਿਤ ਦ੍ਰਿਸ਼ਟੀਕੋਣ ਅਖਤਿਆਰ ਕਰਦੇ ਹੋਏ ਸੈਰ-ਸਪਾਟਾ ਸਥਾਨਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਹਿਲਾਂ ਤੋਂ ਚੱਲ ਰਹੀ ਸਵਦੇਸ਼ ਦਰਸ਼ਨ ਯੋਜਨਾ ਨੂੰ ਨਵਾਂ ਰੂਪ ਦੇ ਕੇ ਸਵਦੇਸ਼ ਦਰਸ਼ਨ 2.0 ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਅੰਮ੍ਰਿਤਸਰ ਅਤੇ ਕਪੂਰਥਲਾ ਨੂੰ ਇਸੇ 2.0 ਯੋਜਨਾ ਅਧੀਨ ਚੁਣਿਆ ਗਿਆ ਹੈ ਤਾਂ ਜੋ ਚੋਣਵੇਂ ਸਥਾਨਾਂ ’ਤੇ ਧਿਆਨ ਕੇਂਦਰਿਤ ਕਰ ਕੇ ਵਿਕਾਸ ਕਾਰਜ ਪੂਰੇ ਕੀਤੇ ਜਾ ਸਕਣ।

ਇਹ ਵੀ ਪੜ੍ਹੋ : PGI ’ਚ ਹੁਣ ਹਿਮਾਚਲ ਦੇ ਲੋਕਾਂ ਨੂੰ ਵੀ ਮਿਲੇਗੀ ਇਹ ਸੁਵਿਧਾ, ਹਰ ਸਾਲ ਹਜ਼ਾਰਾਂ ਮਰੀਜ਼ਾਂ ਨੂੰ ਮਿਲੇਗਾ ਲਾਭ

ਅੰਮ੍ਰਿਤਸਰ ’ਚ ਅਟਾਰੀ ਅਤੇ ਕਪੂਰਥਲਾ ’ਚ ਕਾਂਜਲੀ ਵੈਟਲੈਂਡ ’ਤੇ ਫੋਕਸ
ਨਵੀਂ ਪਹਿਲਕਦਮੀ ਤਹਿਤ ਅੰਮ੍ਰਿਤਸਰ ’ਚ ਅਟਾਰੀ ਬਾਰਡਰ ਅਤੇ ਕਪੂਰਥਲਾ ’ਚ ਕਾਂਜਲੀ ਵੈਟਲੈਂਡ ਨੂੰ ਧਿਆਨ ’ਚ ਰੱਖ ਕੇ ਵਿਕਾਸ ਕਾਰਜ ਕੀਤੇ ਜਾਣੇ ਹਨ। ਹਾਲਾਂਕਿ ਡੈਸਟੀਨੇਸ਼ਨ ਮਾਸਟਰ ਪਲਾਨ ਅਗਲੇ 10 ਸਾਲਾਂ ਮਤਲਬ 2034 ਤੱਕ ਭਵਿੱਖ ਦੇ ਵਿਕਾਸ ਦਾ ਬਲੂ ਪਿ੍ਰੰਟ ਹੈ ਪਰ ਪਹਿਲੇ ਪੜਾਅ ’ਚ ਮਾਸਟਰ ਪਲਾਨ ਰਾਹੀਂ ਚੁਣੀ ਗਈ ਜਗ੍ਹਾ ਦੇ ਵਿਕਾਸ ਕਾਰਜਾਂ ’ਤੇ ਧਿਆਨ ਦਿੱਤਾ ਜਾਵੇਗਾ। ਮਾਸਟਰ ਪਲਾਨ ’ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਮਾਸਟਰ ਪਲਾਨ ਅਗਲੇ 10 ਸਾਲਾਂ ਲਈ ਰਣਨੀਤੀ ਹੈ ਤਾਂ ਜੋ ਸਮੁੱਚੀ ਯੋਜਨਾ ਨੂੰ ਲਾਗੂ ਕਰਨ ਸਮੇਂ ਪੂਰੀ ਤਰ੍ਹਾਂ ਸਪੱਸ਼ਟਤਾ ਹੋਵੇ ਅਤੇ ਲਾਗੂ ਕਰਨ ਦੌਰਾਨ ਬੇਲੋੜੀਆਂ ਰੁਕਾਵਟਾਂ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ : ਪਿੰਡਾਂ ਅਤੇ ਲਾਲ ਲਕੀਰ ਦਾਇਰੇ ’ਚ ਆਉਣ ਵਾਲੀ ਪ੍ਰਾਪਰਟੀ ਦੀ ਰਜਿਸਟਰੀ ’ਤੇ ਨਹੀਂ ਮਿਲੇਗੀ ਐੱਨ. ਓ. ਸੀ. ਤੋਂ ਛੋਟ

ਕਪੂਰਥਲਾ ’ਚ 46.24 ਕਰੋੜ ਰੁਪਏ ਦੇ ਕੰਮਾਂ ਦੀ ਤਜਵੀਜ਼
ਕਪੂਰਥਲਾ ਦੇ ਮਾਸਟਰ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ 46.24 ਕਰੋੜ ਰੁਪਏ ਦੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਹੈ, ਜਿਸ ’ਚ ਕਾਂਜਲੀ ਵੈਟਲੈਂਡ ਦਾ ਵਿਕਾਸ ਸਭ ਤੋਂ ਮਹੱਤਵਪੂਰਨ ਹੈ। 17 ਏਕੜ ਦੇ ਖੇਤਰ ’ਚ ਪ੍ਰਸਤਾਵਿਤ ਕੰਮਾਂ ’ਚ ਮੁੱਖ ਪ੍ਰਵੇਸ਼ ਦੁਆਰ, ਬੋਟਿੰਗ ਏਰੀਆ, ਲੈਂਡਸਕੈਪਿੰਗ, ਬੱਚਿਆਂ ਲਈ ਖੇਡ ਦਾ ਮੈਦਾਨ, ਲਾਈਨਿੰਗ, ਬਰਡ ਵਾਚਿੰਗ ਟਾਵਰ ਅਤੇ ਕੈਂਪਿੰਗ ਸ਼ਾਮਲ ਹਨ। ਇਸੇ ਲੜੀ ’ਚ ਕਪੂਰਥਲਾ ਦੇ ਬਗੀ ਖਾਨਾ, ਗੁਲਾਬੀ ਕੋਠੀ, ਮੂਰਿਸ਼ ਮਸਜਿਦ, ਸ਼ਾਲੀਮਾਰ ਗਾਰਡਨ, ਜਗਤਜੀਤ ਪੈਲੇਸ, ਸ਼ੀਸ਼ਾ ਕੋਠੀ, ਨਿਹਾਲ ਪੈਲੇਸ ਦੀ ਸਾਂਭ-ਸੰਭਾਲ ਅਤੇ ਇਸ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣਾ ਸ਼ਾਮਲ ਹੈ। ਸਦਰ ਬਾਜ਼ਾਰ ਗਲੀ ਨੂੰ ਹੈਰੀਟੇਜ ਸਟਰੀਟ ਵਜੋਂ ਵਿਕਸਤ ਕਰਨ ਤੋਂ ਇਲਾਵਾ ਮਾਲ ਰੋਡ ਦੀ ਲੈਂਡਸਕੈਪਿੰਗ, ਲਾਈਟਿੰਗ, ਫੁੱਟਪਾਥ ਨਿਰਮਾਣ, ਫੂਡ ਸਟਾਲ ਦਾ ਨਿਰਮਾਣ, ਪੀਣ ਵਾਲੇ ਪਾਣੀ ਦੀ ਸਹੂਲਤ ਸਮੇਤ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਪੰਜਾਬ ਦੀ ਸਿਮਰਨਜੀਤ ਕੌਰ ਅਤੇ ਪ੍ਰਨੀਤ ਕੌਰ ਨੇ ਏਸ਼ੀਆ ਕੱਪ ’ਚ ਮਾਰੀਆਂ ਵੱਡੀਆਂ ਮੱਲਾਂ

ਅੰਮ੍ਰਿਤਸਰ ’ਚ ਅਟਾਰੀ ਬਾਰਡਰ ਤੱਕ ਸ਼ੌਰਿਆਪਥ, ਖ਼ਰਚ ਹੋਣਗੇ ਕਰੀਬ 54.96 ਕਰੋੜ ਰੁਪਏ
ਅੰਮ੍ਰਿਤਸਰ ’ਚ ਰਾਸ਼ਟਰਵਾਦੀ ਥੀਮ ਅਧੀਨ ਅਟਾਰੀ ਬਾਰਡਰ ਤੱਕ ਕਈ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਵਿਚ ਅਟਾਰੀ ਬਾਰਡਰ ਤੱਕ ਨੈਸ਼ਨਲ ਹਾਈਵੇ-3 ਨੂੰ ਸ਼ੌਰਿਆਪਥ ਵਜੋਂ ਵਿਕਸਤ ਕੀਤਾ ਜਾਵੇਗਾ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਯਾਦਗਾਰਾਂ ਸਥਾਪਤ ਕੀਤੀਆਂ ਜਾਣਗੀਆਂ ਤਾਂ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿਚ ਪੰਜਾਬ ਦੇ ਯੋਗਦਾਨ ਨੂੰ ਦਰਸਾਇਆ ਜਾ ਸਕੇ। ਇੰਡੀਆ ਗੇਟ ਦੇ ਆਲੇ-ਦੁਆਲੇ ਸੈਲਾਨੀਆਂ ਲਈ ਸੁਵਿਧਾਵਾਂ ਵਧਾਉਣ ਦੇ ਇਲਾਵਾ ਲੈਂਡਸਕੈਪਿੰਗ ਵੀ ਕੀਤੀ ਜਾਵੇਗੀ। ਨਾਲ ਹੀ ਪੰਜਾਬ ਸਟੇਟ ਵਾਰ ਮੈਮੋਰੀਅਲ ਅਤੇ ਮਿਊਜ਼ੀਅਮ ਦੇ ਆਲੇ-ਦੁਆਲੇ ਵੀ ਸਹੂਲਤਾਂ ਵਿਚ ਵਾਧਾ ਕੀਤਾ ਜਾਵੇਗਾ। ਇਸੇ ਤਰ੍ਹਾਂ ਅਟਾਰੀ ਕਿਲ੍ਹਾ ਅਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਬਣਾਏ ਇਤਿਹਾਸਕ ਸਥਾਨ ਪੁਲ ਮੋਰਨ ਜਾਂ ਪੁਲ ਕੰਜਰੀ ਦੀ ਰਿਸਟੋਰੇਸ਼ਨ ਹੋਵੇਗੀ। ਇਸੇ ਲੜੀ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਇੰਟਰਪ੍ਰਟੈਸ਼ਨ ਸੈਂਟਰ ਵਿਚ ਸੁਧਾਰ, ਵਾਲਡ ਸਿਟੀ ਦੇ ਐਂਟਰੀ ਗੇਟ, ਹੈਰੀਟੇਜ ਸਟਰੀਟ ਫੇਜ਼-2 ਅਤੇ ਰਾਮ ਬਾਗ ਪੈਲੇਸ ਕੰਪਲੈਕਸ ਦੇ ਆਲੇ-ਦੁਆਲੇ ਵੀ ਸਹੂਲਤਾਂ ਵਿਚ ਵਾਧਾ ਕਰ ਕੇ ਇਸ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਉਣ ਵਾਲੇ ਸਾਲਾਂ ਵਿਚ ਆਸ-ਪਾਸ ਦੇ ਖੇਤਰ ’ਚ ਸ੍ਰੀਰਾਮ ਤੀਰਥ ’ਤੇ ਸੋਲਰ ਪੈਨਲ ਲਗਾਉਣ ਤੋਂ ਇਲਾਵਾ ਜਨਤਕ-ਨਿੱਜੀ ਭਾਈਵਾਲੀ ਰਾਹੀਂ ਇੱਕ ਬਹੁ-ਮੰਤਵੀ ਸੱਭਿਆਚਾਰਕ ਕੇਂਦਰ ਅਤੇ ਇਕ ਅਜਾਇਬ ਘਰ ਬਣਾਉਣ ਦੀ ਤਜਵੀਜ਼ ਰੱਖੀ ਗਈ ਹੈ।

ਇਹ ਵੀ ਪੜ੍ਹੋ : ਸਿਹਤ ਸਹੂਲਤਾਂ ’ਚ ਮੋਹਰੀ ਮਲੋਟ ਦਾ ਇਹ ਹਸਪਤਾਲ, ਮਿਲਿਆ ‘ਏ’ ਗ੍ਰੇਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


author

Anuradha

Content Editor

Related News