ਕਪੂਰਥਲਾ 'ਚ ਫਿਰੌਤੀ ਗੈਂਗ ਦਾ ਪਰਦਾਫਾਸ਼! ਗਿਰੋਹ ਦੇ ਮੁੱਖ ਮੈਂਬਰ ਸਣੇ 3 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

Wednesday, Nov 19, 2025 - 06:59 PM (IST)

ਕਪੂਰਥਲਾ 'ਚ ਫਿਰੌਤੀ ਗੈਂਗ ਦਾ ਪਰਦਾਫਾਸ਼! ਗਿਰੋਹ ਦੇ ਮੁੱਖ ਮੈਂਬਰ ਸਣੇ 3 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ/ਕਪੂਰਥਲਾ (ਵੈੱਬ ਡੈਸਕ, ਸੋਢੀ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਦਿਆਂ, ਕਪੂਰਥਲਾ ਪੁਲਸ ਨੇ ਜੱਗਾ ਫੁਕੀਵਾਲ ਫਿਰੌਤੀ ਗਿਰੋਹ ਦੇ ਤਿੰਨ ਕਾਰਕੁੰਨਾਂ ਨੂੰ ਨੌਂ ਦੇਸੀ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਦੇ ਰਹਿਣ ਵਾਲੇ ਅਮਨਦੀਪ ਉਰਫ਼ ਅਮਨ, ਨਕੋਦਰ (ਜਲੰਧਰ) ਦੇ ਖਾਨਪੁਰ ਢੱਡਾ ਦੇ ਰਹਿਣ ਵਾਲੇ ਹਰਜੀਤ ਸਿੰਘ ਉਰਫ਼ ਜੀਤਾ ਅਤੇ ਜਮਸ਼ੇਰ( ਜਲੰਧਰ) ਦੇ ਮੁਹੱਲਾ ਬਗੀਚੀ ਦੇ ਰਹਿਣ ਵਾਲੇ ਲਵਪ੍ਰੀਤ ਉਰਫ਼ ਬਾਬਾ ਵਜੋਂ ਹੋਈ ਹੈ।
ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅਮਨਦੀਪ ਸੁਲਤਾਨਪੁਰ ਲੋਧੀ ਖੇਤਰ ਵਿੱਚ ਜੱਗਾ ਫੁਕੀਵਾਲ ਫਿਰੌਤੀ ਗਿਰੋਹ ਦਾ ਸਰਗਰਮ ਮੈਂਬਰ ਹੈ ਅਤੇ ਗੋਲੀਬਾਰੀ ਅਤੇ ਜ਼ਬਰਨ ਵਸੂਲੀ ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਥਾਨਕ ਗਿਰੋਹਾਂ ਨੂੰ ਹਥਿਆਰ ਸਪਲਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਸੀ। ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ ਪਿਛਲੇ ਸੰਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਨੂੰ ਬੇਅਸਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਫੁੱਟ ਨੇ ਖੋਲ੍ਹੀ ਪਾਰਟੀ ਦੀ ਪੋਲ, ਅੰਦਰੂਨੀ ਕਲੇਸ਼ ਆਇਆ ਸਾਹਮਣੇ

ਆਪਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਸੀਨੀਅਰ ਸੁਪਰਡੈਂਟ ਆਫ਼ ਪੁਲਸ (ਐੱਸ. ਐੱਸ. ਪੀ) ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਪੁਖ਼ਤਾ ਇਤਲਾਹ ‘ਤੇ ਕਾਰਵਾਈ ਕਰਦੇ ਪੁਲਸ ਟੀਮਾਂ ਨੇ ਮੁੱਖ ਮੁਲਜ਼ਮ ਅਮਨਦੀਪ ਨੂੰ ਕਪੂਰਥਲਾ ਦੇ ਲਿੰਕ ਰੋਡ ਤਲਵੰਡੀ ਮਹਿਮਾ ਤੋਂ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ ਬਰਾਮਦ ਕੀਤੇ ਸਨ।

ਜਾਂਚ ਦੌਰਾਨ ਦੋਸ਼ੀ ਅਮਨਦੀਪ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਆਪਣੇ ਸਾਥੀਆਂ ਲਵਪ੍ਰੀਤ ਉਰਫ਼ ਬਾਬਾ ਅਤੇ ਹਰਜੀਤ ਸਿੰਘ ਉਰਫ਼ ਜੀਤਾ ਨੂੰ ਦੋ ਪਿਸਤੌਲ ਸਪਲਾਈ ਕੀਤੇ ਸਨ। ਉਨ੍ਹਾਂ ਕਿਹਾ ਇਸ ਤੇ ਤੁਰੰਤ ਕਾਰਵਾਈ ਕਰਦੇ ਪੁਲਸ ਟੀਮਾਂ ਨੇ ਉਨ੍ਹਾਂ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਕ .32 ਬੋਰ ਦਾ ਦੇਸੀ ਪਿਸਤੌਲ ਅਤੇ ਇਕ .315 ਬੋਰ ਦਾ ਦੇਸੀ ਪਿਸਤੌਲ ਬਰਾਮਦ ਕੀਤਾ।

ਇਹ ਵੀ ਪੜ੍ਹੋ: DGP ਗੌਰਵ ਯਾਦਵ ਦੀ ਸਖ਼ਤੀ! 25 ਸੈਕਟਰਾਂ 'ਚ ਵੰਡੇ ਖੇਤਰ, ਅਚਾਨਕ ਵਧਾ 'ਤੀ ਸੁਰੱਖਿਆ

ਐੱਸ. ਐੱਸ. ਪੀ. ਨੇ ਕਿਹਾ ਕਿ ਦੋਸ਼ੀ ਅਮਨਦੀਪ ਤੋਂ ਹੋਰ ਪੁੱਛਗਿੱਛ ਕਰਨ ’ਤੇ ਉਸ ਦੇ ਘਰ 'ਚ ਦੱਬੇ ਤਿੰਨ ਹੋਰ ਦੇਸੀ ਪਿਸਤੌਲ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਦੋਸ਼ੀ ਆਪਣੇ ਵਿਦੇਸ਼ੀ ਹੈਂਡਲਰ ਦੇ ਨਿਰਦੇਸ਼ਾਂ ’ਤੇ ਮੱਧ ਪ੍ਰਦੇਸ਼ ਤੋਂ ਦੇਸੀ ਹਥਿਆਰ ਖਰੀਦ ਕੇ ਅਪਰਾਧਿਕ ਤੱਤਾਂ ਨੂੰ ਅੱਗੇ ਸਪਲਾਈ ਕਰਦੇ ਸਨ। ਇਸ ਸਬੰਧ ਵਿੱਚ ਦੋ ਵੱਖ-ਵੱਖ ਮਾਮਲੇ- ਐੱਫ਼. ਆਈ. ਆਰ. ਨੰਬਰ 254 ਮਿਤੀ 15 ਨਵੰਬਰ 2025 ਨੂੰ ਪੁਲਸ ਸਟੇਸ਼ਨ ਸਦਰ ਕਪੂਰਥਲਾ ਵਿਖੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਅਤੇ ਐੱਫ਼. ਆਈ. ਆਰ. ਨੰ. 270 ਮਿਤੀ 2 ਨਵੰਬਰ 2025 ਨੂੰ ਬੀ. ਐੱਨ. ਐੱਸ. ਦੀਆਂ ਧਾਰਾਵਾਂ 109, 61(2) ਅਤੇ 111 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪੁਲਸ ਸਟੇਸ਼ਨ ਸੁਲਤਾਨਪੁਰ ਲੋਧੀ ਵਿਖੇ ਦਰਜ ਕੀਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News