ਰਿਸ਼ਵਤ ਮਾਮਲੇ ’ਚ 'ਆਪ' MLA ਗ੍ਰਿਫ਼ਤਾਰ, CM ਮਾਨ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਸਖ਼ਤ ਹੁਕਮ, ਪੜ੍ਹੋ Top 10

Thursday, Feb 23, 2023 - 08:44 PM (IST)

ਰਿਸ਼ਵਤ ਮਾਮਲੇ ’ਚ 'ਆਪ' MLA ਗ੍ਰਿਫ਼ਤਾਰ, CM ਮਾਨ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਸਖ਼ਤ ਹੁਕਮ, ਪੜ੍ਹੋ Top 10

ਜਲੰਧਰ (ਬਿਊਰੋ): ਅੱਜ ਆਮ ਆਦਮੀ ਪਾਰਟੀ ਦੇ ਵਿਦਾਇਕ ਅਮਿਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਤਾਂ ਉੱਧਰ ਇਸ ਗ੍ਰਿਫ਼ਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਸਖ਼ਤ ਹੁਕਮ ਜਾਰੀ ਕਰ ਦਿੱਤੇ। ਪੜ੍ਹੋ ਅੱਜ ਦੀਆਂ ਮੁੱਖ ਖ਼ਬਰਾਂ...

ਵੱਡੀ ਖ਼ਬਰ: ਰਿਸ਼ਵਤ ਮਾਮਲੇ 'ਚ 'ਆਪ' MLA ਅਮਿਤ ਰਤਨ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ

ਪੰਜਾਬ ਦੀ ਬਠਿੰਡਾ ਦਿਹਾਤੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਨੂੰ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਇਕ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਇਕ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਜ਼ਿਲ੍ਹੇ ਦੇ ਇਕ ਸਰਪੰਚ ਤੋਂ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। 

ਅਮਿਤ ਰਤਨ ਦੀ ਗ੍ਰਿਫ਼ਤਾਰੀ ਮਗਰੋਂ CM ਮਾਨ ਨੇ ਮੰਤਰੀਆਂ ਤੇ ਵਿਧਾਇਕਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਆਪਣੇ ਹੁਕਮਾਂ 'ਚ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਮੰਤਰੀ ਜਾਂ ਵਿਧਾਇਕ ਆਪਣੇ ਕਿਸੇ ਰਿਸ਼ਤੇਦਾਰ ਅਤੇ ਨਜ਼ਦੀਕੀ ਨੂੰ ਪੀ. ਏ. ਨਾ ਲਾਉਣ। ਚੰਗੇ ਅਕਸ ਵਾਲਿਆਂ ਨੂੰ ਹੀ ਪੀ. ਏ. ਲਾਇਆ ਜਾਵੇ ਅਤੇ ਜਿਹੜੇ ਖ਼ਰਾਬ ਅਕਸ ਵਾਲੇ ਹਨ, ਉਨ੍ਹਾਂ ਨੂੰ ਪੀ. ਏ. ਦੇ ਅਹੁਦੇ ਤੋਂ ਹਟਾਇਆ ਜਾਵੇ।

ਅਜਨਾਲਾ ਵਿਖੇ 'ਵਾਰਿਸ ਪੰਜਾਬ ਦੇ' ਜਥੇਬੰਦੀ ਅਤੇ ਪੁਲਸ ਵਿਚਾਲੇ ਹੋਈ ਝੜਪ

ਵਾਰਿਸ ਪੰਜਾਬ ਦੇ ਮੁਖੀ ਅ੍ਰੰਮਿਤਪਾਲ ਸਿੰਘ ਅੱਜ ਅਜਨਾਲਾ ਥਾਣੇ ਪਹੁੰਚੇ ਹਨ। ਇਸ ਦੌਰਾਨ ਜਥੇਬੰਦੀ ਦੇ ਕਾਰਕੁਨਾਂ ਅਤੇ ਪੁਲਸ ਵਿਚਾਲੇ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਅਧਿਕਾਰੀਆਂ ਸਣੇ ਕਈ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਬੈਰੀਕੇਡ ਤੋੜਣ ਤੋਂ ਇਲਾਵਾ ਪੁਲਸ ਮੁਲਾਜ਼ਮਾਂ ਦੀਆਂ ਗੱਡੀਆਂ ਦੀ ਵੀ ਭੰਨ ਤੋੜ ਕੀਤੀ ਗਈ ਅਤੇ ਸ਼ਰੇਆਮ ਤਲਵਾਰਾਂ ਲਹਿਰਾਉਂਦੇ ਨਜ਼ਰ ਆਏ। ਇਸ ਮੌਕੇ ਪੁਲਸ ਮੁਲਾਜ਼ਮ ਕਾਫ਼ੀ ਭੱਜ ਦੋੜ ਕਰਦੇ ਨਜ਼ਰ ਆਏ ਅਤੇ ਅੰਮ੍ਰਿਤਪਾਲ ਦੇ ਸਮਰਥਕਾਂ ਵਲੋਂ ਨਾਅਰੇ ਵੀ ਲਗਾਏ ਗਏ।

ਵੱਡੀ ਖ਼ਬਰ : ਰਾਜਪਾਲ ਨੇ ਪੰਜਾਬ ਸਰਕਾਰ ਵੱਲੋਂ ਬੁਲਾਏ ਬਜਟ ਸੈਸ਼ਨ ਨੂੰ ਨਹੀਂ ਦਿੱਤੀ ਪ੍ਰਵਾਨਗੀ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਬੁਲਾਏ ਜਾਣ ਦੀ ਪ੍ਰਵਾਨਗੀ ਦੇਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਰਾਜਪਾਲ ਨੇ ਕਿਹਾ ਹੈ ਕਿ ਉਹ ਇਸ ਬਾਰੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਦੇ ਉਸ ਜਵਾਬ ਬਾਰੇ ਕਾਨੂੰਨੀ ਰਾਏ ਲੈਣਗੇ, ਜੋ ਉਨ੍ਹਾਂ ਨੇ ਰਾਜਪਾਲ ਦੇ 13 ਫਰਵਰੀ ਨੂੰ ਲਿਖੀ ਚਿੱਠੀ ਦੇ ਜਵਾਬ 'ਚ ਦਿੱਤਾ ਸੀ। ਇਹ ਜਵਾਬ ਟਵੀਟ ਰਾਹੀਂ ਅਤੇ ਲਿਖ਼ਤੀ ਚਿੱਠੀ ਰਾਹੀਂ ਵੀ ਭੇਜਿਆ ਗਿਆ ਸੀ।

ਮੰਤਰੀ ਅਮਨ ਅਰੋੜਾ ਨੇ ਪਹਿਲੀ ਵਾਰੀ ਕੈਮਰੇ ਅੱਗੇ ਖੋਲ੍ਹੇ ਜ਼ਿੰਦਗੀ ਦੇ ਭੇਤ, ਵੜਿੰਗ ਦੇ ਬਿਆਨ ਦਾ ਵੀ ਦਿੱਤਾ ਜਵਾਬ

‘ਜਗ ਬਾਣੀ’ ਦੇ ਬਹੁ-ਚਰਚਿਤ ਪ੍ਰੋਗਰਾਮ ‘ਨੇਤਾ ਜੀ ਸਤਿ ਸ੍ਰੀ ਅਕਾਲ’ ਦੀ ਇਕ ਵਾਰ ਫਿਰ ਤੋਂ ਵਾਪਸੀ ਹੋ ਗਈ ਹੈ। ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਵਿਚ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਲੋਕ ਸੰਪਰਕ ਮੰਤਰੀ ਅਤੇ ਸੁਨਾਮ ਹਲਕੇ ਤੋਂ ਵਿਧਾਇਕ ਅਮਨ ਅਰੋੜਾ ਨਾਲ ਗੱਲਬਾਤ ਕੀਤੀ ਗਈ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਕੀਤੇ ਗਏ ਇਸ ਪ੍ਰੋਗਰਾਮ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਕਿੱਸੇ ਸਾਂਝੇ ਕੀਤੇ, ਉਥੇ ਹੀ ਪੰਜਾਬ ਦੇ ਸਿਆਸੀ ਮਸਲਿਆਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ। 

NIA ਦੇ ਹੱਥੇ ਚੜ੍ਹਿਆ ਭਗੌੜਾ ਅੱਤਵਾਦੀ ਅਰਸ਼ਦੀਪ ਡੱਲਾ ਦਾ ਸਾਥੀ ਲੱਕੀ ਖੋਖਰ, 6 ਹੋਰ ਲੋਕਾਂ ਸਮੇਤ ਗ੍ਰਿਫ਼ਤਾਰ

ਰਾਸ਼ਟਰੀ ਜਾਂਚ ਏਜੰਸੀ (NIA) ਨੇ ਅਪਰਾਧਿਕ ਗਿਰੋਹਾਂ, ਅੱਤਵਾਦੀ ਸਮੂਹਾਂ ਅਤੇ ਨਸ਼ਾ ਤਸਕਰੀ ਮਾਫੀਆ ਵਿਚਕਾਰ ਗਠਜੋੜ ਦੇ ਮਾਮਲਿਆਂ 'ਚ ਇਕ ਅੱਤਵਾਦੀ ਦੇ ਕਰੀਬੀ ਸਹਿਯੋਗੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚ ਕੈਨੇਡਾ ਸਥਿਤ ‘ਭਗੌੜਾ ਅੱਤਵਾਦੀ’ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਦਾ ਕਰੀਬੀ ਸਾਥੀ ਲੱਕੀ ਖੋਖਰ ਉਰਫ਼ ਡੈਨਿਸ ਵੀ ਸ਼ਾਮਲ ਹੈ।

ਸਾਬਕਾ ਤੇ ਮੌਜੂਦਾ ਵਿਧਾਇਕਾਂ ਖ਼ਿਲਾਫ਼ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਹਾਈ ਕੋਰਟ ਸਖ਼ਤ, ਦਿੱਤੇ ਇਹ ਨਿਰਦੇਸ਼

ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰਾਂ/ਵਿਧਾਇਕਾਂ ਅਤੇ ਹੋਰ ਸਿਆਸੀ ਸ਼ਖ਼ਸੀਅਤਾਂ ਖ਼ਿਲਾਫ਼ ਦਰਜ ਮਾਮਲਿਆਂ ਵਿਚ ਜਾਂਚ ਅਤੇ ਟ੍ਰਾਇਲ ਪੂਰਾ ਹੋਣ ਵਿਚ ਹੋ ਰਹੀ ਦੇਰੀ ’ਤੇ ਹਾਈ ਕੋਰਟ ਵਲੋਂ ਤਲਬ ਕੀਤੇ ਜਾਣ ’ਤੇ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਦੇ ਡੀ. ਜੀ. ਪੀ. ਹਾਈ ਕੋਰਟ ਵਿਚ ਪੇਸ਼ ਹੋਏ। ਸੁਣਵਾਈ ਦੌਰਾਨ ਕੋਰਟ ਨੇ ਸਖਤ ਰੁਖ਼ ਅਪਣਾਉਂਦਿਆਂ ਦੋਵਾਂ ਡੀ. ਜੀ. ਪੀਜ਼ ਨੂੰ ਹੁਕਮ ਦਿੱਤਾ ਕਿ ਉਹ ਆਪਣੇ-ਆਪਣੇ ਸੂਬੇ ਵਿਚ ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਖ਼ਿਲਾਫ਼ ਚੱਲ ਰਹੇ ਕੇਸਾਂ ਦੇ ਨਿਪਟਾਰੇ ਵਿਚ ਤੇਜ਼ੀ ਲਿਆਉਣ। 

ਵੱਡੀ ਖ਼ਬਰ: ਸ੍ਰੀ ਚਮਕੌਰ ਸਾਹਿਬ 'ਚ ਹੋਮਗਾਰਡ ਜਵਾਨ ਦਾ ਕੁੱਟ-ਕੁੱਟ ਕੇ ਕੀਤਾ ਕਤਲ

ਥਾਣਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੀ ਪੁਲਸ ਚੌਂਕੀ ਡੱਲਾ ਦੇ ਪਿੰਡ ਸਾਰੰਗਪੁਰ ਦੇ ਵਾਸੀ ਹੋਮਗਾਰਡ ਜਵਾਨ ਨੂੰ ਪੈਸਿਆਂ ਦੇ ਲੈਣ-ਦੇਣ ਕਾਰਨ ਦੂਜੀ ਧਿਰ ਵੱਲੋਂ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਥਾਣਾ ਸ੍ਰੀ ਚਮਕੌਰ ਸਾਹਿਬ ਦੇ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਡੱਲਾ ਦੇ ਬਾਜ਼ਾਰ ਵਿਚ ਕੱਪੜਿਆਂ ਦੀ ਦੁਕਾਨ ਕਰਦਾ ਬਲਵਿੰਦਰ ਸਿੰਘ ਵਾਸੀ ਪਿੰਡ ਮੱਕੋਵਾਲ ਮ੍ਰਿਤਕ ਦਾ ਜਵਾਈ ਹੈ।

ਕੇਂਦਰ ਪੰਜਾਬ ’ਚ ਲਾਵੇ ਰਾਸ਼ਟਰਪਤੀ ਰਾਜ : ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਜਨਾਲਾ ਦੀ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ, ਜਿੱਥੇ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਪੁਲਸ ਸਟੇਸ਼ਨ ਨੂੰ ਘੇਰਾ ਪਾ ਲਿਆ ਸੀ, ਜਿਸ ਕਾਰਨ ਝੜਪ ਹੋਈ ਅਤੇ ਕਈ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਕੈਪਟਨ ਅਮਰਿੰਦਰ ਨੇ ਇਕ ਬਿਆਨ ਵਿੱਚ ਕਿਹਾ, “ਇਹ ਨਾ ਸਿਰਫ਼ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਦਾ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋਣਾ ਹੈ, ਸਗੋਂ ਇਸ ਤੋਂ ਵੀ ਵੱਧ ਗੰਭੀਰ ਹੈ।’’

ਪਵਨ ਖੇੜਾ ਨੂੰ ਇੰਡੀਗੋ ਦੀ ਫਲਾਈਟ ਤੋਂ ਹੇਠਾਂ ਉਤਾਰਿਆ, ਹਵਾਈ ਅੱਡੇ ਅੰਦਰ ਧਰਨੇ 'ਤੇ ਬੈਠੇ ਕਾਂਗਰਸੀ

ਕਾਂਗਰਸ ਦੇ ਸੀਨੀਅਰ ਨੇਤਾ ਪਵਨ ਖੇੜਾ ਨੂੰ ਇੰਡੀਗੋ ਫਲਾਈ ਤੋਂ ਵੀਰਵਾਰ ਨੂੰ ਹੇਠਾਂ ਉਤਾਰ ਦਿੱਤਾ ਗਿਆ। ਪਵਨ ਖੇੜਾ 'ਤੇ ਇਕ ਐੱਫ.ਆਈ.ਆਰ. ਦਰਜ ਹੈ, ਇਸ ਲਈ ਉਨ੍ਹਾਂ ਨੂੰ ਚੜ੍ਹਨ ਨਹੀਂ ਦਿੱਤਾ ਗਿਆ। ਉੱਥੇ ਹੀ ਹੁਣ ਹਵਾਬਾਜ਼ੀ ਕੰਪਨੀ ਦੇ ਇਸ ਫ਼ੈਸਲੇ ਦਾ ਕਾਂਗਰਸ ਨੇਤਾ ਵਿਰੋਧ ਕਰ ਰਹੇ ਹਨ। ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਉਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੂੰ ਰਾਏਪੁਰ ਜਾਣ ਲਈ ਉਡਾਣ ਤੋਂ ਹੇਠਾਂ ਉਤਾਰ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News