ਕਚਹਿਰੀ ''ਚ ਹਜ਼ਾਰਾਂ ਲਿਟਰ ਪਾਣੀ ਹੋ ਰਿਹੈ ਬਰਬਾਦ

Monday, Sep 04, 2017 - 03:42 AM (IST)

ਲੁਧਿਆਣਾ,  (ਅਸ਼ੋਕ)-  ਪਾਣੀ ਦੀ ਬੂੰਦ-ਬੂੰਦ ਬਹੁਤ ਕੀਮਤੀ ਹੈ, ਕਿਉਂਕਿ ਕਹਿੰਦੇ ਹਨ ਜਲ ਹੀ ਜੀਵਨ ਹੈ। ਜਲ ਹੈ ਤਾਂ ਕੱਲ ਹੈ। ਇਹ ਸਾਰੀਆਂ ਗੱਲਾਂ ਦੇਖਣ ਕਹਿਣ ਤੇ ਸੁਣਨ ਨੂੰ ਚੰਗੀਆਂ ਲੱਗਦੀਆਂ ਹਨ। ਇਨ੍ਹਾਂ 'ਤੇ ਅਮਲ ਨਾ ਕਰਨ ਵਾਲਿਆਂ ਖਿਲਾਫ ਸਬੰਧਿਤ ਵਿਭਾਗ ਕਾਨੂੰਨੀ ਕਾਰਵਾਈ ਦਾ ਵੀ ਦਾਅਵਾ ਕਰਦਾ ਹੈ ਪਰ ਜਦੋਂ ਕਦੇ ਤੁਸੀਂ ਕਚਹਿਰੀ ਵਿਚ ਜਾਓ ਤਾਂ ਉਥੇ ਦੇਖੋਗੇ ਕਿ ਪਾਣੀ ਦੀਆਂ ਟੂਟੀਆਂ 'ਚੋਂ ਦਿਨ-ਰਾਤ ਪਾਣੀ ਬਰਬਾਦ ਹੋ ਰਿਹਾ ਹੈ। ਇਕ ਪਾਸੇ ਪਾਣੀ ਨੂੰ ਬਚਾਉਣ ਲਈ ਕਈ ਸਮਾਜ ਸੇਵੀ ਸੰਸਥਾਵਾਂ ਯਤਨਸ਼ੀਲ ਹਨ। ਦੂਸਰੇ ਪਾਸੇ ਕਾਨੂੰਨ ਦੇ ਘਰ ਕਚਹਿਰੀ ਵਿਚ ਹੀ ਪਾਣੀ ਦੀ ਬਰਬਾਦੀ ਹੋ ਰਹੀ ਹੈ। ਇਸ ਨੂੰ ਕਹਿੰਦੇ ਹਨ ਦੀਵੇ ਹੇਠਾਂ ਨ੍ਹੇਰਾ। ਕੀ ਇਸ ਵੱਲ ਸਬੰਧਿਤ ਵਿਭਾਗ ਧਿਆਨ ਦੇਵੇਗਾ? ਕੀ ਇਸ ਬਹੁ-ਕੀਮਤੀ ਜਲ ਦੇ ਨੁਕਸਾਨ ਦੀ ਭਰਪਾਈ ਹੋ ਸਕੇਗੀ? ਇਨ੍ਹਾਂ ਸਾਰੇ ਸੁਆਲਾਂ ਦੇ ਜਵਾਬ ਦੇਣ ਵਾਲਾ ਕੋਈ ਨਹੀਂ ਹੈ। 
ਦੂਜੇ ਪਾਸੇ ਸੁਵਿਧਾਵਾਂ ਦੇ ਨਾਂ 'ਤੇ ਆਮ ਪਬਲਿਕ ਲਈ ਟਾਇਲਟ ਤਾਂ ਹਨ ਪਰ ਉਨ੍ਹਾਂ ਦੀ ਹਾਲਤ ਤਾਂ ਦੇਖਦੇ ਹੀ ਪਤਾ ਲੱਗਦੀ ਹੈ। ਉਥੇ ਟਾਇਲਟ ਟੁੱਟੇ ਪਏ ਹਨ, ਇੰਨੀ ਗੰਦਗੀ ਹੈ ਕਿ ਉਨ੍ਹਾਂ ਟਾਇਲਟਾਂ ਵਿਚ ਜਾਣਾ ਬਹੁਤ ਹੀ ਮੁਸ਼ਕਿਲ ਹੈ। ਨਾ ਤਾਂ ਉਥੇ ਸਫਾਈ ਹੈ, ਨਾ ਹੀ ਉਨ੍ਹਾਂ ਵਿਚ ਕੋਈ ਹੱਥ ਧੋਣ ਦਾ ਸਾਬਣ ਹੈ। ਇਸ ਸਭ ਤੋਂ ਇਲਾਵਾ ਥਾਂ-ਥਾਂ ਗੰਦਗੀ ਤੇ ਮੱਛਰ ਭਰਿਆ ਪਿਆ ਹੈ। ਇਸ ਵੱਲ ਤਾਂ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ। ਕੀ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਸੰਸਥਾ ਜਾਣੂ ਕਰਵਾਏਗੀ ਕਿ ਆਮ ਜਨਤਾ ਜਿਥੇ ਇਨਸਾਫ ਮੰਗਣ ਜਾਂਦੀ ਹੈ, ਉਥੇ ਆਮ ਸੁਵਿਧਾਵਾਂ ਤੋਂ ਵਾਂਝੇ ਰਹਿਣ ਕਾਰਨ ਉਨ੍ਹਾਂ ਨਾਲ ਨਾ ਇਨਸਾਫੀ ਕੀਤੀ ਜਾ ਰਹੀ ਹੈ। ਆਮ ਨਾਗਰਿਕ ਲਈ ਸੁਵਿਧਾਵਾਂ ਦੇ ਨਾਂ 'ਤੇ ਮਜ਼ਾਕ ਹੋ ਰਿਹਾ ਹੈ।
ਇਸ ਮੌਕੇ ਸੇਵਾ ਮਾਈ ਲੁਧਿਆਣਾ ਐੱਨ. ਜੀ. ਓ. ਸੰਸਥਾ ਦੇ ਸੰਜੀਵ ਪੁਰੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪਾਸੇ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ।


Related News