ਪੰਜਾਬ ਸਰਕਾਰ ਦਾ ਮੋਗਾ ਵਾਸੀਆਂ ਨੂੰ ਤੋਹਫ਼ਾ, ਹੋ ਗਿਆ ਵੱਡਾ ਐਲਾਨ

Thursday, Sep 26, 2024 - 05:51 PM (IST)

ਪੰਜਾਬ ਸਰਕਾਰ ਦਾ ਮੋਗਾ ਵਾਸੀਆਂ ਨੂੰ ਤੋਹਫ਼ਾ, ਹੋ ਗਿਆ ਵੱਡਾ ਐਲਾਨ

ਮੋਗਾ (ਗੋਪੀ ਰਾਊਕੇ, ਕਸ਼ਿਸ਼) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੁਨਿਆਦੀ ਵਿਕਾਸ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਜ਼ਿਲ੍ਹਾ ਮੋਗਾ ਦੇ ਵਿਕਾਸ ਕਾਰਜਾਂ ਨੂੰ ਵੱਡਾ ਹੁਲਾਰਾ ਮਿਲਿਆ ਹੈ। ਪੰਜਾਬ ਸਰਕਾਰ ਨੇ ਮੋਗਾ ਦੇ ਲੋਕਾਂ ਨੂੰ ਤੋਹਫ਼ਾ ਦਿੰਦਿਆਂ ਜਿੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ, ਉਥੇ ਹੀ ਅਜੀਤਵਾਲ ਅਤੇ ਸਮਾਲਸਰ ਵਿਖੇ ਨਵੇਂ ਸਬ-ਤਹਿਸੀਲ ਕੰਪਲੈਕਸ ਉਸਾਰਨ ਲਈ ਵੀ ਫੰਡ ਜਾਰੀ ਕਰ ਦਿੱਤੇ ਹਨ। ਇਸ ਦੇ ਨਾਲ ਹੀ ਤਹਿਸੀਲ ਕੰਪਲੈਕਸ ਧਰਮਕੋਟ ਦੀ ਰਿਪੇਅਰ ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ, ਇਨ੍ਹਾਂ ਸਾਰੇ ਪ੍ਰਾਜੈਕਟਾਂ ਉਤੇ 14 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਖਰਚ ਕੀਤੀ ਜਾਣੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮੋਗਾ ਦੇ ਜ਼ਿਲ੍ਹੇ ਪ੍ਰਬੰਧਕੀ ਕੰਪਲੈਕਸ ਦੇ ਬੀ ਬਲਾਕ ਦੀ ਦੋ ਮੰਜ਼ਿਲਾ ਇਮਾਰਤ ਦਾ ਵਿਸਤਾਰ ਕੀਤਾ ਜਾਣਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ 12 ਕਰੋੜ 11 ਲੱਖ 31 ਹਜ਼ਾਰ ਰੁਪਏ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਹੋ ਜਾਣ ਲੋਕ

ਇਸ ਪ੍ਰਾਜੈਕਟ ਤਹਿਤ ‘ਬੀ’ ਬਲਾਕ ਇਮਾਰਤ ਉਤੇ ਦੋ ਹੋਰ ਮੰਜ਼ਿਲਾਂ ਉਸਾਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੇ ਵਿਸਤਾਰ ਨਾਲ ਤਕਰੀਬਨ ਸਾਰੇ ਵਿਭਾਗਾਂ ਦੇ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਤਬਦੀਲ ਹੋ ਜਾਣਗੇ। ਜਗ੍ਹਾ ਦੀ ਕਮੀ ਕਾਰਨ ਹਾਲੇ ਕਈ ਦਫਤਰ ਦੂਰ-ਦੂਰ ਚੱਲ ਰਹੇ ਹਨ। ਇਸ ਨਾਲ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਕੰਮ ਕਰਵਾਉਣ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਸਾਰੇ ਕੰਮ ਇੱਕੋ ਛੱਤ ਹੇਠਾਂ ਹੋਣ ਲੱਗ ਜਾਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਅਚਾਨਕ ਵਧੀ ਗਰਮੀ ਤੋਂ ਮਿਲਣ ਜਾ ਰਹੀ ਰਾਹਤ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ

ਉਨ੍ਹਾਂ ਦੱਸਿਆ ਕਿ ਅਜੀਤਵਾਲ ਅਤੇ ਸਮਾਲਸਰ ਨੂੰ ਸਬ ਤਹਿਸੀਲ ਬਣਿਆਂ ਨੂੰ ਕਾਫੀ ਸਮਾਂ ਹੋ ਗਿਆ ਸੀ ਪਰ ਉਥੇ ਹਾਲੇ ਤੱਕ ਸਬ-ਤਹਿਸੀਲ ਕੰਪਲੈਕਸ ਨਹੀਂ ਬਣ ਸਕੇ ਸਨ। ਇਸ ਬਾਰੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਪੰਜਾਬ ਸਰਕਾਰ ਨੇ ਇਨ੍ਹਾਂ ਦੋਵਾਂ ਸਬ ਤਹਿਸੀਲ ਕੰਪਲੈਕਸਾਂ ਨੂੰ ਉਸਾਰਨ ਲਈ ਹਰੀ ਝੰਡੀ ਦੇ ਦਿੱਤੀ ਅਤੇ ਇਨ੍ਹਾਂ ਦੋਵਾਂ ਇਮਾਰਤਾਂ ਦੀ ਉਸਾਰੀ ਲਈ ਕ੍ਰਮਵਾਰ 85.75 ਲੱਖ ਅਤੇ 85.75 ਲੱਖ (ਕੁੱਲ 171. 44 ਲੱਖ) ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਪਲੈਕਸਾਂ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਮੁਕੰਮਲ ਇਮਾਰਤ ਦੀ ਕਮੀ ਹੋਣ ਕਾਰਨ ਇਨ੍ਹਾਂ ਸਬ ਤਹਿਸੀਲਾਂ ਵਿਚ ਪੂਰਾ ਸਟਾਫ ਤਾਇਨਾਤ ਕਰਨ ਅਤੇ ਆਮ ਲੋਕਾਂ ਦੇ ਬੈਠਣ ਅਤੇ ਕੰਮ ਕਰਵਾਉਣ ਵਿਚ ਵੱਡੀ ਦਿੱਕਤ ਆਉਂਦੀ ਸੀ, ਇਨ੍ਹਾਂ ਇਮਾਰਤਾਂ ਦੇ ਬਣਨ ਨਾਲ ਇਹ ਦੋਵੇਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਕਰੋ ਇਹ ਕੰਮ ਮਿਲਣਗੇ ਵਾਧੂ ਨੰਬਰ

ਉਨ੍ਹਾਂ ਕਿਹਾ ਕਿ ਤਹਿਸੀਲ ਕੰਪਲੈਕਸ ਧਰਮਕੋਟ ਦੀ ਰਿਪੇਅਰ ਦਾ ਕੰਮ ਵੀ ਹੋਣ ਵਾਲਾ ਸੀ, ਜਿਸ ਨੂੰ ਕਰਵਾਉਣ ਲਈ ਪੰਜਾਬ ਸਰਕਾਰ ਨੇ 17.49 ਲੱਖ ਰੁਪਏ ਜਾਰੀ ਕਰ ਦਿੱਤੇ ਹਨ। ਇਸ ਕੰਮ ਲਈ ਐੱਸ. ਡੀ. ਐੱਮ. ਧਰਮਕੋਟ ਨੂੰ ਫੰਡ ਜਾਰੀ ਕੀਤੇ ਜਾ ਚੁੱਕੇ ਹਨ। ਇਹ ਕੰਮ ਵੀ ਜਲਦ ਹੀ ਕਰਵਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਕਤ ਸਾਰੇ ਵਿਕਾਸ ਕਾਰਜ ਮੁਕੰਮਲ ਹੋਣ ਨਾਲ ਜਿੱਥੇ ਪ੍ਰਸ਼ਾਸਕੀ ਕੰਮਾਂ ਵਿਚ ਪਾਰਦਰਸ਼ਤਾ ਅਤੇ ਤੇਜ਼ੀ ਆਵੇਗੀ, ਉਥੇ ਹੀ ਆਮ ਲੋਕਾਂ ਨੂੰ ਵੀ ਬਹੁਤ ਸਹੂਲਤ ਮਿਲੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News