ਪਾਕਿਸਤਾਨ ਪੂਰੀ ਦੁਨੀਆ ’ਚ ਅੱਤਵਾਦ ਫੈਲਾਅ ਰਿਹੈ : ਚੁੱਘ
Tuesday, Sep 24, 2024 - 12:33 AM (IST)

ਜਲੰਧਰ/ਸ਼੍ਰੀਨਗਰ, (ਵਿਸ਼ੇਸ਼)– ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਨੈਸ਼ਨਲ ਕਾਨਫਰੰਸ ਦੇ ਨੇਤਾਵਾਂ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਉਹ ਜੰਮੂ-ਕਸ਼ਮੀਰ ਦੀ ਤਰੱਕੀ ਬਾਰੇ ਗੱਲ ਕਰਨ ਨਾਲੋਂ ਜ਼ਿਆਦਾ ਪਾਕਿਸਤਾਨ ਦੇ ਹਿੱਤ ਦੀ ਵਕਾਲਤ ਕਰਦੀ ਰਹੀ ਹੈ।
ਫਾਰੂਕ ਅਬਦੁੱਲਾ ਵੱਲੋਂ ਭਾਰਤ ਸਰਕਾਰ ਨੂੰ ਵਾਰ-ਵਾਰ ਇਹ ਸੁਝਾਅ ਦਿੱਤੇ ਜਾਣ ’ਤੇ ਕਿ ਉਸ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਚੁੱਘ ਨੇ ਸਖਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਜਿਹੇ ਨੇਤਾਵਾਂ ਨੂੰ ਸਰਹੱਦ ਪਾਰ ਜਾ ਕੇ ਪਾਕਿਸਤਾਨ ਦੀ ਆਈ. ਐੱਸ. ਆਈ. ਵਿਚ ਆਪਣੇ ਆਕਿਆਂ ਦੀ ਭਾਸ਼ਾ ਬੋਲਣੀ ਬੰਦ ਕਰ ਦੇਣੀ ਚਾਹੀਦੀ ਹੈ।
ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਗੱਲਬਾਤ ਤੇ ਅੱਤਵਾਦ ਇਕੱਠੇ ਨਹੀਂ ਚੱਲ ਸਕਦੇ, ਚੁੱਘ ਨੇ ਕਿਹਾ ਕਿ ਇਹ ਅਜੀਬ ਹੈ ਕਿ ਕਾਂਗਰਸ ਤੇ ਮੁਫਤੀਆਂ ਦੇ ਸਮਰਥਨ ਵਾਲੇ ਕਈ ਨੇਤਾ ਪਾਕਿਸਤਾਨ ਦੇ ਸਮਰਥਨ ’ਚ ਰਾਸ਼ਟਰ ਵਿਰੋਧੀ ਭਾਵਨਾਵਾਂ ਨੂੰ ਭੜਕਾਉਂਦੇ ਰਹਿੰਦੇ ਹਨ, ਜਦੋਂਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਪਾਕਿਸਤਾਨ ਪੂਰੀ ਦੁਨੀਆ ਲਈ ਅੱਤਵਾਦ ਦਾ ਕਾਰਖਾਨਾ ਹੈ।
ਚੁੱਘ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਹੁਣੇ ਜਿਹੇ ਦੇ ਬਿਆਨ ਨੂੰ ਯਾਦ ਕੀਤਾ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਆਰਟੀਕਲ 370 ਵਰਗੇ ਅਹਿਮ ਮੁੱਦਿਆਂ ’ਤੇ ਪਾਕਿਸਤਾਨ, ਐੱਨ. ਸੀ. ਪੀ. ਤੇ ਕਾਂਗਰਸ ਇਕਜੁਟ ਹਨ। ਇਸ ਨਾਲ ਅਬਦੁੱਲਾ, ਕਾਂਗਰਸ ਤੇ ਮੁਫਤੀ ਦਾ ਪਾਕਿਸਤਾਨ ਨਾਲ ਲੁਕਿਆ ਹੋਇਆ ਸਾਂਝਾ ਏਜੰਡਾ ਸਪਸ਼ਟ ਤੌਰ ’ਤੇ ਉਜਾਗਰ ਹੋ ਗਿਆ ਹੈ।