...ਤੇ ਇਸ ਤਰ੍ਹਾਂ ਕੀਤਾ ਜਾ ਰਿਹੈ ਲੋਕਾਂ ਨੂੰ ਸ਼ਰਾਬ ਪੀਣ ਲਈ ਆਕਰਸ਼ਿਤ

Monday, Jan 15, 2018 - 07:50 AM (IST)

ਝਬਾਲ/ਬੀੜ ਸਾਹਿਬ,   (ਲਾਲੂਘੁੰਮਣ, ਬਖਤਾਵਰ)-  ਲੋਕਾਂ ਨੂੰ ਸ਼ਰਾਬ ਪੀਣ ਲਈ ਅਨੋਖੇ ਢੰਗ ਨਾਲ ਆਕਰਸ਼ਿਤ ਕਰਨ ਲਈ ਸਥਾਨਕ ਕਸਬੇ ਅੰਦਰ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਠੇਕਿਆਂ ਦੇ ਅੱਗੇ ਸ਼ੁੱਧ ਦੇਸੀ ਘਿਉ ਤੇ ਦੁੱਧ ਦੀ ਮਸ਼ਹੂਰੀ ਕਰਨ ਵਾਂਗ ਸ਼ੁੱਧ ਸ਼ਰਾਬ ਮਿਲਣ ਦੇ ਵਿਵਾਦਤ ਬੈਨਰ ਲਾਏ ਗਏ ਹਨ। ਇੱਥੇ ਹੀ ਬੱਸ ਨਹੀਂ ਲੋਕਾਂ ਨੂੰ 2 ਨੰਬਰ ਦੀ ਨਕਲੀ ਸ਼ਰਾਬ ਤੋਂ ਬਚਣ ਦੀ ਤਾਕੀਦ ਕਰਦਿਆਂ 'ਥੋੜ੍ਹੇ ਪੈਸਿਆਂ ਬਦਲੇ ਆਪਣੀ ਸਿਹਤ ਨਾਲ ਖਿਲਵਾੜ ਨਾ ਕਰਨ' ਦੀਆਂ ਹਦਾਇਤਾਂ ਨਾਲ ਭਰੇ ਬੈਨਰ ਵੀ ਨਾਲ ਹੀ ਲਟਕਾਏ ਗਏ ਹਨ। ਇਸ ਦੇ ਨਾਲ ਕਥਿਤ ਸ਼ੁੱਧ ਸ਼ਰਾਬ ਦੇ ਨਾਂ ਅਤੇ ਉਨ੍ਹਾਂ ਦਾ ਮੁੱਲ ਵੀ ਦਰਸਾਇਆ ਗਿਆ ਹੈ। 
ਇਸ ਸਬੰਧੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਆਰਗੇਨਾਈਜ਼ੇਸ਼ਨ ਦੇ ਜ਼ਿਲਾ ਪ੍ਰਧਾਨ ਗੁਰਨਾਮ ਸਿੰਘ ਧੁੰਨਾ, ਖਾਲੜਾ ਮਿਸ਼ਨ ਕਮੇਟੀ ਦੇ ਕੌਮੀ ਪ੍ਰਧਾਨ ਭਾਈ ਬਲਵਿੰਦਰ ਸਿੰਘ ਝਬਾਲ ਤੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਸਤਿਕਾਰ ਕਮੇਟੀ ਦੇ ਸੂਬਾ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਦਾ ਕਹਿਣਾ ਹੈ ਕਿ ਅਜਿਹੇ ਬੈਨਰ ਲਾ ਕੇ ਲੋਕਾਂ ਨੂੰ ਸ਼ਰਾਬ ਪੀਣ ਲਈ ਆਕਰਸ਼ਿਤ ਕਰਨ ਦੇ ਨਾਲ ਨਸ਼ਾਖੋਰੀ ਨੂੰ ਹੱਲਾਸ਼ੇਰੀ ਦੇਣ ਵਾਲੀ ਗੱਲ ਵੀ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਅਜਿਹੇ ਵਿਵਾਦਤ ਬੈਨਰਾਂ ਨੂੰ ਸਬੰਧਤ ਸ਼ਰਾਬ ਦੇ ਠੇਕਿਆਂ ਦੇ ਅੱਗੋਂ ਤੁਰੰਤ ਹਟਵਾਇਆ ਜਾਵੇ।


Related News