ਸ਼ਰਾਬ ਛੁਡਵਾਉਣ ਗਏ ਨੌਜਵਾਨ ''ਤੇ ਅੰਨ੍ਹਾ ਤਸ਼ੱਦਤ! ਹੋਈ ਦਰਦਨਾਕ ਮੌਤ

Thursday, Sep 12, 2024 - 03:31 PM (IST)

ਮਾਲੇਰਕੋਟਲਾ (ਭੂਪੇਸ਼, ਸ਼ਹਾਬੂਦੀਨ, ਜਹੂਰ)- ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਮਹੋਲੀ ਕਲਾਂ ’ਚ ਚਲਾਏ ਜਾ ਰਹੇ ਇਕ ਨਸ਼ਾ ਛੁਡਾਊ ਕੇਂਦਰ ’ਚ ਸ਼ਰਾਬ ਛੁਡਾਉਣ ਲਈ ਦਾਖਲ ਕੀਤੇ ਨਜ਼ਦੀਕੀ ਪਿੰਡ ਬਨਭੌਰੀ ਦੇ ਇਕ 27 ਸਾਲਾ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦਾ ਨਾਂ ਰਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਪਿੰਡ ਬਨਭੌਰੀ ਦੱਸਿਆ ਜਾਂਦਾ ਹੈ। ਮ੍ਰਿਤਕ ਦੀ ਭੈਣ ਹਰਦੀਪ ਕੌਰ ਪਤਨੀ ਜਸਪ੍ਰੀਤ ਸਿੰਘ ਨਿਵਾਸੀ ਗਹਿਲਾ ਥਾਣਾ ਟੱਲੇਵਾਲ ਜ਼ਿਲ੍ਹਾ ਬਰਨਾਲਾ ਵੱਲੋਂ ਥਾਣਾ ਸੰਦੌੜ ’ਚ ਦਰਜ ਕਰਵਾਏ ਬਿਆਨਾਂ ’ਤੇ ਪੁਲਸ ਨੇ ਗੈਰ-ਇਰਾਦਾ ਹੱਤਿਆ ਦੇ ਦੋਸ਼ ਤਹਿਤ ਨਸ਼ਾ ਛੁਡਾਊ ਕੇਂਦਰ ਪਿੰਡ ਰਾਜੇਵਾਲ ਦੇ ਮਾਲਿਕ ਸੁਖਵਿੰਦਰ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਨਿਵਾਸੀ ਪਿੰਡ ਸਹਾਰਨਮਾਜਰਾ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਹੋ ਜਾਓ ਸਾਵਧਾਨ! ਜਾਰੀ ਹੋਈ Advisory, ਇਕ ਗਲਤੀ ਵੀ ਪੈ ਸਕਦੀ ਹੈ ਭਾਰੀ

ਸਿਵਲ ਹਸਪਤਾਲ ਮਾਲੇਰਕੋਟਲਾ ’ਚ ਆਪਣੇ ਭਰਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਪਹੁੰਚੀ ਹਰਦੀਪ ਕੌਰ ਨੇ ਦੱਸਿਆ ਕਿ ਰਮਨਦੀਪ ਸਿੰਘ ਨੂੰ ਸ਼ਰਾਬ ਪੀਣ ਦੀ ਆਦਤ ਛੱਡਣ ਲਈ ਸਮਰਾਲਾ ਨਜ਼ਦੀਕ ਪਿੰਡ ਰਾਜੇਵਾਲ ’ਚ ਚੱਲ ਰਹੇ ਇਕ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਕਰਵਾਉਣ ਲਈ ਕੇਂਦਰ ਦੇ ਕਰਿੰਦੇ 5 ਸਤੰਬਰ ਨੂੰ ਘਰੋਂ ਆ ਕੇ ਆਪਣੀ ਗੱਡੀ ’ਚ ਲੈ ਕੇ ਗਏ ਸਨ ਪਰ ਪਰਿਵਾਰ ਨੂੰ ਦੱਸੇ ਬਿਨਾਂ ਉਸ ਦੇ ਭਰਾ ਨੂੰ ਪਿੰਡ ਰਾਜੇਵਾਲ ਵਾਲੇ ਸੈਂਟਰ ਦੀ ਜਗ੍ਹਾ ਨਸ਼ਾ ਛੁਡਾਊ ਕੇਂਦਰ ਪਿੰਡ ਮਹੋਲੀ ਕਲਾਂ ’ਚ ਲਿਜਾਇਆ ਗਿਆ।

ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਤੋਂ ਬਾਅਦ ਹੀ 8 ਸਤੰਬਰ ਨੂੰ ਨਸ਼ਾ ਛੁਡਾਊ ਕੇਂਦਰ ਦੇ ਮਾਲਿਕ ਸੁਖਵਿੰਦਰ ਸਿੰਘ ਨੇ ਮੇਰੀ ਭੂਆ ਦੇ ਮੁੰਡੇ ਦਿਲਪ੍ਰੀਤ ਸਿੰਘ ਹਥੋਆ ਨੂੰ ਫੋਨ ਕਰ ਕੇ ਰਮਨਦੀਪ ਸਿੰਘ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਜਾਣ ਬਾਰੇ ਦੱਸਿਆ। ਹਰਦੀਪ ਕੌਰ ਮੁਤਾਬਕ ਉਸ ਦੇ ਭਰਾ ਨੂੰ ਮਹੋਲੀ ਕੇਂਦਰ ਵਾਲੇ ਸਵੇਰੇ ਕਰੀਬ 3 ਵਜੇ ਮੰਡੀ ਅਹਿਮਦਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਹੋਣ ਦੇ ਕਾਰਨ ਦਾਖਲ ਨਹੀਂ ਕੀਤਾ ਪਰ ਸੈਂਟਰ ਵਾਲੇ ਉਸ ਨੂੰ ਚੁੱਕ ਕੇ ਲੁਧਿਆਣਾ ਨਜ਼ਦੀਕ ਗਿੱਲ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲੈ ਗਏ। ਉਸ ਦੇ ਭਰਾ ਦੇ ਸਰੀਰ ’ਤੇ ਜਗ੍ਹਾ-ਜਗ੍ਹਾ ਸੱਟਾਂ ਦੇ ਨਿਸ਼ਾਨਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਤਸ਼ੱਦਦ ਕਰ ਕੇ ਮਾਰਿਆ ਗਿਆ ਹੈ।

ਥਾਣਾ ਸੰਦੌੜ ਦੇ ਐੱਸ. ਐੱਚ. ਓ. ਇੰਸਪੈਕਟਰ ਯਾਦਵਿੰਦਰ ਸਿੰਘ ਮੁਤਾਬਕ ਹਰਦੀਪ ਕੌਰ ਪਤਨੀ ਜਸਪ੍ਰੀਤ ਸਿੰਘ ਨਿਵਾਸੀ ਗਹਿਲਾਂ ਥਾਣਾ ਟੱਲੇਵਾਲ ਜ਼ਿਲਾ ਬਰਨਾਲਾ ਦੇ ਬਿਆਨਾਂ ’ਤੇ ਸੁਖਵਿੰਦਰ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਨਿਵਾਸੀ ਸਹਾਰਨਮਾਜਰਾ ਥਾਣਾ ਮਲੌਂਦ (ਖੰਨਾ) ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ ਗੈਰ-ਇਰਾਦਾ ਹੱਤਿਆ ਦਾ ਮਾਮਲਾ ਦਰਜ ਕਰ ਕੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ! ਦੋਵੇਂ ਪਾਸਿਓਂ ਤਾਬੜਤੋੜ ਫ਼ਾਇਰਿੰਗ

ਉੱਧਰ, ਜ਼ਿਲ੍ਹਾ ਮੈਡੀਕਲ ਕਮਿਸ਼ਨਰ ਮਾਲੇਰਕੋਟਲਾ ਡਾ. ਰਿਸ਼ਮਾ ਭੌਰਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਨਸ਼ਾ ਛੁਡਾਊ ਕੇਂਦਰ 18 ਜਨਵਰੀ 2023 ਤੋਂ ਸੀਲ ਕੀਤਾ ਹੋਇਆ ਹੈ। ਇਸ ਸੈਂਟਰ ਬਾਰੇ ਐੱਸ. ਐੱਮ. ਓ. ਫ਼ਤਹਿਗੜ੍ਹ ਪੰਜਗਰਾਈਆਂ ਦਾ ਦੌਰਾ ਕਰ ਕੇ ਪੂਰੀ ਰਿਪੋਰਟ ਦੇਣ ਲਈ ਕਹਿ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News