ਦਾਜ ਲਈ ਕਤਲ ਮਾਮਲੇ ’ਚ ਪਤੀ ਸਮੇਤ 4 ਲੋਕਾਂ ਨੂੰ ਉਮਰ ਕੈਦ
Friday, Sep 13, 2024 - 11:28 AM (IST)
ਚੰਡੀਗੜ੍ਹ (ਸੁਸ਼ੀਲ) : ਜ਼ਿਲ੍ਹਾ ਅਦਾਲਤ ਨੇ ਦਾਜ ਲਈ ਕਤਲ ਮਾਮਲੇ ’ਚ ਪਤੀ ਵਿਜੇ ਕੁਮਾਰ, ਦਿਓਰ ਬੰਟੀ, ਸਹੁਰਾ ਪ੍ਰੇਮਚੰਦ ਤੇ ਸੱਸ ਪ੍ਰਕਾਸ਼ੋ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਹੁਰੇ ਪ੍ਰੇਮਚੰਦ ਦੀ ਮੁਕੱਦਮੇ ਦੌਰਾਨ ਮੌਤ ਹੋ ਚੁੱਕੀ ਹੈ। ਅਦਾਲਤ ਨੇ 9 ਸਤੰਬਰ ਨੂੰ ਇਨ੍ਹਾਂ ਨੂੰ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਸੀ। ਅੰਬਾਲਾ ਵਾਸੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਭੈਣ ਮਨਜੀਤ ਉਰਫ਼ ਮੰਜੂ ਦਾ ਵਿਆਹ ਸੈਕਟਰ-52 ਦੇ ਵਿਜੇ ਕੁਮਾਰ ਨਾਲ 16 ਨਵੰਬਰ 2011 ਨੂੰ ਹੋਇਆ ਸੀ।
ਵਿਆਹ ਤੋਂ ਬਾਅਦ ਹੀ ਭੈਣ ਨੂੰ ਦਾਜ ਲਈ ਤੰਗ-ਪਰੇਸ਼ਾਨ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਉਸ ਦੀ ਭੈਣ ਨੂੰ ਕਈ ਵਾਰ ਘਰੋਂ ਕੱਢ ਦਿੱਤਾ ਸੀ। 29 ਸਤੰਬਰ, 2018 ਨੂੰ ਪੁਲਸ ਦਾ ਫੋਨ ਆਇਆ ਕਿ ਮਨਜੀਤ ਨੇ ਘਰ ’ਚ ਫ਼ਾਹਾ ਲੈ ਲਿਆ ਹੈ। ਮਨਜੀਤ ਨੂੰ ਤੰਗ ਕਰਨ ਦੇ ਦੋਸ਼ ’ਚ ਉਸ ਦੇ ਪਤੀ, ਜੀਜਾ, ਸੱਸ ਅਤੇ ਸਹੁਰੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪੁਲਸ ਨੇ ਸ਼ਿਕਾਇਤ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕੀਤੀ ਸੀ। ਜਾਂਚ ’ਚ ਸਾਹਮਣੇ ਆਇਆ ਕਿ ਮਨਜੀਤ ਨੂੰ ਬੂਟ ਦੇ ਫੀਤੇ ਨਾਲ ਗਲ ਘੁੱਟ ਕੇ ਮਾਰਿਆ ਗਿਆ ਸੀ ਪਰ ਮੁਲਜ਼ਮਾਂ ਨੇ ਬਚਣ ਲਈ ਕਤਲ ਤੋਂ ਬਾਅਦ ਗਲ ’ਚ ਚੁੰਨੀ ਬੰਨ੍ਹ ਕੇ ਲਾਸ਼ ਪੱਖੇ ਨਾਲ ਲਟਕਾ ਦਿੱਤੀ ਸੀ। ਫਾਰੈਂਸਿਕ ਜਾਂਚ ’ਚ ਵੀ ਇਸ ਗੱਲ ਦੀ ਪੁਸ਼ਟੀ ਹੋਈ ਸੀ।