ਚੋਰੀ ਕਰਦਿਆਂ ਆਪਣੀ ਤਸਵੀਰ ਕੈਦ ਹੁੰਦੀ ਦੇਖ ਕੇ ਚੋਰ ਡੀ. ਵੀ. ਆਰ. ਵੀ ਲੈ ਗਏ ਨਾਲ
Wednesday, Feb 14, 2018 - 05:32 AM (IST)

ਜਲੰਧਰ, (ਰਾਜੇਸ਼)- ਲਾਡੋਵਾਲੀ ਰੋਡ 'ਤੇ ਚੋਰਾਂ ਨੇ 2 ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਅੰਦਰ ਤੋਂ ਕੀਮਤੀ ਸਾਮਾਨ ਤੇ ਨਕਦੀ ਚੋਰੀ ਕਰ ਲਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦ ਦੁਕਾਨ ਮਾਲਕ ਸਵੇਰੇ ਦੁਕਾਨ 'ਤੇ ਆਏ ਅਤੇ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਪਿਆ ਹੈ, ਜਿਸ ਨੂੰ ਦੇਖ ਕੇ ਹੈਰਾਨ ਰਹਿ ਗਏ।
ਦੁਕਾਨ ਮਾਲਕ ਜਦ ਚੋਰਾਂ ਦੀ ਪਛਾਣ ਕਰਨ ਲਈ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੇਖਣ ਲੱਗੇ ਤਾਂ ਦੇਖਿਆ ਕਿ ਚੋਰ ਡੀ. ਵੀ. ਆਰ. ਵੀ ਨਾਲ ਹੀ ਲੈ ਗਏ। ਪਹਿਲੀ ਘਟਨਾ ਵਿਚ ਸਰੋਜ ਯਾਦਵ ਨਿਵਾਸੀ ਬਸ਼ੀਰਪੁਰਾ ਨੇ ਦੱਸਿਆ ਕਿ ਉਨ੍ਹਾਂ ਦੀ ਹਿੰਦੋਸਤਾਨ ਟਾਇਰ ਨਾਂ ਨਾਲ ਲਾਡੋਵਾਲੀ ਰੋਡ 'ਤੇ ਟਾਇਰਾਂ ਦੀ ਦੁਕਾਨ ਹੈ, ਜੋ ਰਾਤ ਨੂੰ ਉਹ ਬੰਦ ਕਰ ਕੇ ਗਏ ਹੋਏ ਸੀ। ਸਵੇਰੇ ਜਦ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਸ਼ਟਰ ਟੁੱਟਾ ਪਿਆ ਸੀ ਅਤੇ ਦੁਕਾਨ ਦੇ ਅੰਦਰੋਂ ਚੋਰ ਐੱਲ. ਈ. ਡੀ. ਟੀ. ਵੀ., ਗੱਲੇ ਵਿਚ ਪਿਆ ਸਵਾ ਲੱਖ ਰੁਪਿਆ ਚੋਰੀ ਕਰ ਕੇ ਲੈ ਗਏ। ਸਰੋਜ ਨੇ ਦੱਸਿਆ ਕਿ ਉਨ੍ਹਾਂ ਨੇ ਜਦ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਚੋਰਾਂ ਦੀ ਤਸਵੀਰ ਦੇਖਣੀ ਚਾਹੀ ਤਾਂ ਦੇਖਿਆ ਕਿ ਚੋਰ ਕੈਮਰੇ ਦਾ ਡੀ. ਵੀ. ਆਰ. ਵੀ ਨਾਲ ਲੈ ਗਏ, ਜਿਸ ਕਾਰਨ ਚੋਰਾਂ ਦੀ ਪਛਾਣ ਨਹੀਂ ਹੋ ਸਕੀ। ਉਥੇ ਹੀ ਲਾਡੋਵਾਲੀ ਰੋਡ 'ਤੇ ਸਥਿਤ ਬੈਟਰੀ ਦੀ ਦੁਕਾਨ ਵਿਚ ਚੋਰਾਂ ਨੇ ਦੂਸਰੀ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਰਣਜੀਤ ਸਿੰਘ ਜੌਨੀ ਨਿਵਾਸੀ ਮੁਹੱਲਾ ਗੋਬਿੰਦਗੜ੍ਹ ਨੇ ਦੱਸਿਆ ਕਿ ਉਨ੍ਹਾਂ ਦੀ ਏ. ਐੱਨ. ਇੰਟਰਪ੍ਰਾਈਜ਼ਿਜ਼ ਨਾਂ ਨਾਲ ਬੈਟਰੀ ਦੀ ਦੁਕਾਨ ਹੈ, ਜਿਸ ਵਿਚ ਉਹ ਸਵੇਰੇ ਆਏ ਤਾਂ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਾ ਪਿਆ ਹੈ। ਜਦ ਅੰਦਰ ਜਾ ਕੇ ਦੇਖਿਆ ਤਾਂ ਚੋਰ ਦੁਕਾਨ ਵਿਚ ਪਈ 7 ਹਜ਼ਾਰ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਘਟਨਾ ਸਬੰਧੀ ਥਾਣਾ ਬਾਰਾਦਰੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।