ਸਰਕਾਰੀ ਸਕੂਲ ''ਚ 14ਵੀਂ ਵਾਰ ਫਿਰ ਹੋਈ ਚੋਰੀ
Wednesday, Nov 22, 2017 - 06:38 AM (IST)
ਲਾਂਬੜਾ, (ਵਰਿੰਦਰ)- ਜਲੰਧਰ-ਨਕੋਦਰ ਮੁੱਖ ਮਾਰਗ 'ਤੇ ਨਜ਼ਦੀਕੀ ਪਿੰਡ ਬਾਦਸ਼ਾਹਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬੀਤੀ ਰਾਤ ਚੋਰਾਂ ਵਲੋਂ 14ਵੀਂ ਵਾਰ ਨਿਸ਼ਾਨਾ ਬਣਾ ਕੇ ਇਥੋਂ ਬੱਚਿਆਂ ਦਾ ਮਿਡ-ਡੇ ਮੀਲ ਤੇ ਹੋਰ ਸਾਮਾਨ ਚੋਰੀ ਕਰ ਲਿਆ ਗਿਆ। ਸਵੇਰੇ ਸੂਚਨਾ ਮਿਲਣ 'ਤੇ ਲਾਂਬੜਾ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਇਸ ਸਬੰਧੀ ਸਕੂਲ ਅਧਿਆਪਕ ਸੁਖਦੇਵ ਕੁਮਾਰ ਨੇ ਦੱਸਿਆ ਕਿ ਸਕੂਲ ਵਿਚ ਮਿਡ-ਡੇ ਮੀਲ ਦਾ ਸਾਮਾਨ ਲਿਆਂਦਾ ਗਿਆ ਸੀ, ਜਿਸ ਨੂੰ ਸਕੂਲ ਦੀ ਰਸੋਈ ਵਿਚ ਤਾਲਾ ਲਾ ਕੇ ਰੱਖਿਆ ਸੀ। ਅੱਜ ਸਵੇਰੇ ਜਦੋਂ ਸਟਾਫ ਸਕੂਲ ਪਹੁੰਚਿਆ ਤਾਂ ਸਕੂਲ ਦੀ ਰਸੋਈ ਦਾ ਤਾਲਾ ਤੇ ਦਰਵਾਜ਼ਾ ਚੋਰਾਂ ਵਲੋਂ ਤੋੜਿਆ ਹੋਇਆ ਸੀ। ਚੋਰ 1 ਕੁਇੰਟਲ ਚੌਲ, 50 ਕਿਲੋ ਕਣਕ, ਇਕ ਸਿਲੰਡਰ ਵਾਲੀ ਭੱਠੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ।ਜ਼ਿਕਰਯੋਗ ਹੈ ਕਿ ਇਸ ਸਰਕਾਰੀ ਸਕੂਲ ਨੂੰ ਚੋਰਾਂ ਵਲੋਂ ਪਿਛਲੇ 3-4 ਸਾਲਾਂ ਦੌਰਾਨ 14ਵੀਂ ਵਾਰ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਤਕ ਚੋਰ ਇਥੋਂ ਲੱਖਾਂ ਦਾ ਸਾਮਾਨ ਚੋਰੀ ਕਰ ਚੁੱਕੇ ਹਨ। ਹਰ ਚੋਰੀ ਦੇ ਬਾਅਦ ਸਕੂਲ ਵਲੋਂ ਪੁਲਸ ਨੂੰ ਸੂਚਨਾ ਦਿੱਤੀ ਜਾਂਦੀ ਹੈ ਪਰ ਅੱਜ ਤਕ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਸ ਇਕ ਵੀ ਚੋਰੀ ਟਰੇਸ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ, ਜਦਕਿ ਪੁਲਸ ਤੋਂ ਪੂਰੀ ਤਰ੍ਹਾਂ ਬੇਖੌਫ ਚੋਰਾਂ ਵਲੋਂ ਇਸ ਸਕੂਲ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
