ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ’ਚ ਬਣਨਗੇ ਸਮਾਰਟ ਕਲਾਸਰੂਮ, ਹੁਨਰ ਆਧਾਰਿਤ ਕੋਰਸ ਹੋਣਗੇ ਸ਼ੁਰੂ

Wednesday, May 06, 2026 - 12:35 PM (IST)

ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ’ਚ ਬਣਨਗੇ ਸਮਾਰਟ ਕਲਾਸਰੂਮ, ਹੁਨਰ ਆਧਾਰਿਤ ਕੋਰਸ ਹੋਣਗੇ ਸ਼ੁਰੂ

ਚੰਡੀਗੜ੍ਹ (ਮਨਪ੍ਰੀਤ) : ਸਿੱਖਿਆ ਪ੍ਰਣਾਲੀ ਨੂੰ ਆਧੁਨਿਕ, ਪ੍ਰਭਾਵਸ਼ਾਲੀ ਤੇ ਰੁਜ਼ਗਾਰ ਮੁਖੀ ਬਣਾਉਣ ਲਈ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਵੱਲੋਂ ਸਿੱਖਿਆ ਵਿਭਾਗ ਦੀ ਉੱਚ-ਪੱਧਰੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ਸਮੇਂ ਦੀ ਲੋੜ ਅਨੁਸਾਰ ਸਿੱਖਿਆ ਪ੍ਰਣਾਲੀ ’ਚ ਨਵੀਂ ਸੋਚ ਤੇ ਤਕਨੀਕੀ ਬਦਲਾਅ ਲਿਆਉਣਾ ਬਹੁਤ ਜ਼ਰੂਰੀ ਹੈ। ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਸਾਰੇ ਸਰਕਾਰੀ ਸਕੂਲਾਂ ’ਚ ਡਿਜੀਟਲ ਸਿੱਖਿਆ ਨੂੰ ਵਧਾਉਣ ਲਈ ਸਮਾਰਟ ਕਲਾਸਰੂਮ ਬਣਾਉਣ ਦੇ ਹੁਕਮ ਦਿੱਤੇ। ਨਾਲ ਹੀ ਵਿਦਿਆਰਥੀਆਂ ਨੂੰ ਉਦਯੋਗਿਕ ਮੰਗਾਂ ਮੁਤਾਬਕ ਤਿਆਰ ਕਰਨ ਲਈ ਹੁਨਰ ਆਧਾਰਤ ਕੋਰਸ ਸ਼ੁਰੂ ਕਰਨ ਅਤੇ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵੀ ਜ਼ੋਰ ਦਿੱਤਾ ਗਿਆ। ਮੀਟਿੰਗ ਦੀ ਸ਼ੁਰੂਆਤ ’ਚ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ, ਡਾਇਰੈਕਟਰ ਸਕੂਲ ਸਿੱਖਿਆ ਨਿਤੀਸ਼ ਸਿੰਗਲਾ ਤੇ ਡਾਇਰੈਕਟਰ ਉਚੇਰੀ ਤੇ ਤਕਨੀਕੀ ਸਿੱਖਿਆ ਪਾਲਿਕਾ ਅਰੋੜਾ ਵੱਲੋਂ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨਵੀਂ ਸਿੱਖਿਆ ਨੀਤੀ (ਐੱਨ. ਈ. ਪੀ. 2020) ਦੇ ਲਾਗੂ ਹੋਣ, ਬੁਨਿਆਦੀ ਢਾਂਚੇ ਦੇ ਵਿਕਾਸ ਤੇ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਪ੍ਰਗਤੀ ’ਤੇ ਚਾਨਣਾ ਪਾਇਆ।
ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਕੀਤੀ ਜਾਵੇਗੀ ਤੇਜ਼
ਚੰਡੀਗੜ੍ਹ ਦੀ ਸਿੱਖਿਆ ਖੇਤਰ ’ਚ ਸ਼ਾਨਦਾਰ ਕਾਰਗੁਜ਼ਾਰੀ ਦੀ ਵੀ ਮੀਟਿੰਗ ’ਚ ਸ਼ਲਾਘਾ ਕੀਤੀ ਗਈ। ਉੱਚ ਦਾਖ਼ਲਾ ਦਰ, ਲਿੰਗ ਸਮਾਨਤਾ ਤੇ ਕੌਮੀ ਰੈਂਕਿੰਗ ’ਚ ਲਗਾਤਾਰ ਬਿਹਤਰ ਸਥਿਤੀ ਸਿੱਖਿਆ ਵਿਭਾਗ ਦੀ ਮਿਆਰੀ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ। ਸਕੂਲੀ ਪੱਧਰ ’ਤੇ ਚੱਲ ਰਹੀਆਂ ਯੋਜਨਾਵਾਂ ਜਿਵੇਂ ‘ਉਡਾਣ’, ‘ਸ਼ਿਖਰ’, ਮਾਨਸਿਕ ਸਿਹਤ ਪ੍ਰੋਗਰਾਮ ‘ਸਾਥੀ’, ‘ਅਡਾਪਟ-ਏ-ਸਕੂਲ’ ਤੇ ਓਲੰਪਿਕ ਵੈਲਯੂਜ਼ ਐਜੂਕੇਸ਼ਨ ਪ੍ਰੋਗਰਾਮ ਦੀ ਵੀ ਸਮੀਖਿਆ ਕੀਤੀ ਗਈ। ਮੁੱਖ ਸਕੱਤਰ ਨੇ ਅਧਿਆਪਕਾਂ ਦੀ ਘਾਟ ’ਤੇ ਚਿੰਤਾ ਪ੍ਰਗਟਾਈ ਤੇ ਟੀ. ਜੀ. ਟੀ. ਤੇ ਜੇ. ਬੀ. ਟੀ. ਭਰਤੀ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ 3 ਤੋਂ 18 ਸਾਲ ਦੇ ਹਰ ਬੱਚੇ ਦਾ ਰਿਕਾਰਡ ਰੱਖਣ ਤੇ ਡਰੌਪਆਊਟ ਨੂੰ ਰੋਕਣ ਲਈ ‘ਚਾਈਲਡ ਟ੍ਰੈਕਿੰਗ ਸਿਸਟਮ’ ਸ਼ੁਰੂ ਕਰਨ ਦੇ ਵੀ ਹੁਕਮ ਦਿੱਤੇ।
ਪੁਰਾਣੇ ਕੋਰਸ ਬੰਦ, ਏ. ਆਈ. ਤੇ ਈ. ਵੀ. ਵਰਗੇ ਨਵੇਂ ਕੋਰਸ ਸ਼ੁਰੂ
ਤਕਨੀਕੀ ਸਿੱਖਿਆ ਦੇ ਖੇਤਰ ’ਚ ਮੁੱਖ ਸਕੱਤਰ ਨੇ ਆਈ. ਟੀ. ਆਈਜ਼, ਪੌਲੀਟੈਕਨਿਕ ਤੇ ਕਾਲਜਾਂ ਨੂੰ ਉਦਯੋਗਾਂ ਨਾਲ ਜੋੜਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਹਰ ਸੰਸਥਾ ਨੂੰ ਘੱਟੋ-ਘੱਟ 2-3 ਉਦਯੋਗਿਕ ਇਕਾਈਆਂ ਨਾਲ ਸਮਝੌਤਾ ਕਰਨਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਤੇ ਰੁਜ਼ਗਾਰ ਦੇ ਮੌਕੇ ਮਿਲ ਸਕਣ। ਨਾਲ ਹੀ ਪੁਰਾਣੇ ਕੋਰਸਾਂ ਨੂੰ ਖਤਮ ਕਰਕੇ ਏ.ਆਈ., ਇਲੈਕਟ੍ਰਿਕ ਵਾਹਨ (ਤੇ ਹੋਰ ਆਧੁਨਿਕ ਤਕਨੀਕਾਂ ਨਾਲ ਜੁੜੇ ਕੋਰਸ ਸ਼ੁਰੂ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ।
ਸਿੱਖਿਆ ਸੰਸਥਾਵਾਂ ਨੂੰ ਐਕਸੀਲੈਂਸ ਸੈਂਟਰ ਬਣਾਉਣ ਦਾ ਟੀਚਾ
ਸੰਬੋਧਨ ਦੇ ਅੰਤ ’ਚ ਮੁੱਖ ਸਕੱਤਰ ਨੇ ਚੰਡੀਗੜ੍ਹ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ 'ਇੰਸਟੀਚਿਊਟਸ ਆਫ਼ ਐਕਸੀਲੈਂਸ' (ਉੱਤਮਤਾ ਦੇ ਅਦਾਰੇ) ਵਜੋਂ ਵਿਕਸਿਤ ਕਰਨ ਦਾ ਟੀਚਾ ਮਿੱਥਿਆ। ਉਨ੍ਹਾਂ ਸਕੂਲਾਂ-ਕਾਲਜਾਂ ਤੇ ਤਕਨੀਕੀ ਸੰਸਥਾਵਾਂ ’ਚ ਬੁਨਿਆਦੀ ਢਾਂਚੇ ਦੇ ਸੁਧਾਰ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਮਿੱਥੇ ਸਮੇਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਸਿੱਖਿਆ ਪ੍ਰਣਾਲੀ ਨੂੰ ਭਵਿੱਖ ਲਈ ਤਿਆਰ ਕਰਨ ਦੇ ਮਕਸਦ ਨਾਲ ਅਧਿਆਪਕਾਂ ਦੇ ਤਰਕਸੰਗਤੀਕਰਨ (ਰੈਸ਼ਨੇਲਾਈਜੇਸ਼ਨ), ਸਿੱਖਣ ਦੇ ਨਤੀਜਿਆਂ ’ਚ ਲਗਾਤਾਰ ਸੁਧਾਰ ਤੇ ਨਵੀਆਂ ਯੋਜਨਾਵਾਂ ਦੀ ਲਗਾਤਾਰ ਨਿਗਰਾਨੀ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।


author

Babita

Content Editor

Related News