ਸਰਕਾਰੀ ਸਕੂਲਾਂ ’ਚ ਸਿੱਖਿਆ ''ਤੇ ਵੱਡਾ ਸੰਕਟ: ਅਧਿਆਪਕ ਬਣੇ ‘ਕਲਰਕ’, ਕਲਾਸਰੂਮਾਂ ’ਚ ਪਸਰੀ ਸੁੰਨਸਾਨ

Monday, Apr 27, 2026 - 09:28 AM (IST)

ਸਰਕਾਰੀ ਸਕੂਲਾਂ ’ਚ ਸਿੱਖਿਆ ''ਤੇ ਵੱਡਾ ਸੰਕਟ: ਅਧਿਆਪਕ ਬਣੇ ‘ਕਲਰਕ’, ਕਲਾਸਰੂਮਾਂ ’ਚ ਪਸਰੀ ਸੁੰਨਸਾਨ

ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ ਦੇ ਸਰਕਾਰੀ ਸਕੂਲਾਂ ’ਚ ਸਿੱਖਿਆ ਪ੍ਰਣਾਲੀ ਗੰਭੀਰ ਸੰਕਟ ਵੱਲ ਵਧ ਰਹੀ ਹੈ। ਅਧਿਆਪਕਾਂ ਨੂੰ ਲਗਾਤਾਰ ਗੈਰ-ਵਿੱਦਿਅਕ ਕੰਮਾਂ ’ਚ ਝੋਕਣ ਕਾਰਨ ਕਲਾਸਰੂਮਾਂ ’ਚ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਹਾਲਾਤ ਇਹ ਬਣ ਚੁੱਕੇ ਹਨ ਕਿ ਅਧਿਆਪਕ ‘ਟੀਚਰ’ ਦੀ ਥਾਂ ‘ਕਲਰਕ’ ਬਣ ਕੇ ਰਹਿ ਗਏ ਹਨ। ਜ਼ਿਲੇ ਦੇ ਕਈ ਸਕੂਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਧਿਆਪਕਾਂ ਨੂੰ ਸਰਵੇ, ਡਾਟਾ ਅਪਲੋਡਿੰਗ, ਚੋਣ ਡਿਊਟੀਆਂ ਅਤੇ ਵੱਖ-ਵੱਖ ਸਰਕਾਰੀ ਸਕੀਮਾਂ ਦੀ ਮਾਨੀਟਰਿੰਗ ਵਰਗੇ ਪ੍ਰਸ਼ਾਸਕੀ ਕੰਮਾਂ ’ਚ ਇੰਨਾ ਉਲਝਾ ਦਿੱਤਾ ਗਿਆ ਹੈ ਕਿ ਉਨ੍ਹਾਂ ਕੋਲ ਪੜ੍ਹਾਉਣ ਲਈ ਸਮਾਂ ਹੀ ਨਹੀਂ ਬਚਦਾ। ਇਸ ਦਾ ਸਿੱਧਾ ਅਸਰ ਵਿਦਿਆਰਥੀਆਂ ਦੇ ਨਤੀਜਿਆਂ ’ਤੇ ਪੈ ਰਿਹਾ ਹੈ।

ਅਧਿਆਪਕ ਜਥੇਬੰਦੀਆਂ ਨੇ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਜੇਕਰ ਤੁਰੰਤ ਗੈਰ-ਵਿੱਦਿਆਕ ਕੰਮ ਬੰਦ ਨਾ ਕੀਤੇ ਗਏ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦਾ ਦਾਅਵਾ ਹੈ ਕਿ ਅਧਿਆਪਕਾਂ ਦੀ ਘਾਟ, ਵਧਦਾ ਬੋਝ ਅਤੇ ਗਲਤ ਨੀਤੀਆਂ ਨੇ ਸਿੱਖਿਆ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੂਤਰਾਂ ਮੁਤਾਬਕ ਜੇ ਹਾਲਾਤ ਇੰਝ ਹੀ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਰਕਾਰੀ ਸਕੂਲਾਂ ਦੀ ਸਾਖ਼ ਨੂੰ ਵੱਡਾ ਝਟਕਾ ਲੱਗ ਸਕਦਾ ਹੈ, ਜਿਸ ਦਾ ਨੁਕਸਾਨ ਸਿੱਧਾ ਆਮ ਲੋਕਾਂ ਦੇ ਬੱਚਿਆਂ ਨੂੰ ਝੱਲਣਾ ਪਵੇਗਾ। ਅਧਿਆਪਕ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਸਰਕਾਰੀ ਸਕੂਲਾਂ ਦੀ ਸਾਖ ਨੂੰ ਵੱਡਾ ਝਟਕਾ ਲੱਗੇਗਾ।

ਇਹ ਵੀ ਪੜ੍ਹੋ : ਖੰਨਾ ਦੇ ਰਿਹਾਇਸ਼ੀ ਇਲਾਕੇ ਵਿਚ ਚੱਲ ਰਹੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ : ਅਸ਼ਵਨੀ ਅਵਸਥੀ
ਡੈਮੋਕ੍ਰੇਟਿਕ ਟੀਚਰ ਫਰੰਟ ਦੇ ਪ੍ਰਧਾਨ ਅਸ਼ਵਨੀ ਅਵਸਥੀ ਨੇ ਕਿਹਾ ਕਿ ਸਰਕਾਰ ਸਿੱਖਿਆ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਦੱਸਿਆ ਕਿ ਕਈ ਥਾਵਾਂ ’ਤੇ ਪਤੀ-ਪਤਨੀ ਦੋਵਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ, ਜਿਸ ਕਾਰਨ ਸਕੂਲਾਂ ਵਿਚ ਸਟਾਫ਼ ਦੀ ਘਾਟ ਹੋਰ ਡੂੰਘੀ ਹੋ ਗਈ ਹੈ। ਵਿਦਿਆਰਥੀ ਇਸ ਗੱਲੋਂ ਪ੍ਰੇਸ਼ਾਨ ਹਨ ਕਿ ਉਨ੍ਹਾਂ ਦਾ ਸਿਲੇਬਸ ਕਿਵੇਂ ਪੂਰਾ ਹੋਵੇਗਾ।

ਸਾਰਾ ਸਟਾਫ ਡਿਊਟੀਆਂ ’ਤੇ, ਸਕੂਲ ਖਾਲੀ : ਗੁਰਦੀਪ ਸਿੰਘ ਬਾਜਵਾ
ਗੌਰਮੈਂਟ ਟੀਚਰ ਯੂਨੀਅਨ ਦੇ ਆਗੂ ਗੁਰਦੀਪ ਸਿੰਘ ਬਾਜਵਾ ਨੇ ਕਿਹਾ ਕਿ ਹਰ ਰੋਜ਼ ਜਾਰੀ ਹੁੰਦੀਆਂ ਨਵੀਆਂ ਹਦਾਇਤਾਂ ਨੇ ਅਧਿਆਪਕਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਹੋਇਆ ਹੈ। ਜ਼ਿਲੇ ਦੇ ਕਈ ਸਕੂਲ ਅਜਿਹੇ ਹਨ, ਜਿਥੇ ਲਗਭਗ ਸਾਰਾ ਸਟਾਫ਼ ਹੀ ਗੈਰ-ਵਿੱਦਿਆਕ ਕੰਮਾਂ ’ਤੇ ਲਗਾ ਦਿੱਤਾ ਗਿਆ ਹੈ।

ਸਿੱਖਿਆ ਵਿਭਾਗ ’ਤੇ ਹੀ ਕਿਉਂ ਹਮੇਸ਼ਾ ਬੋਝ? : ਰਾਕੇਸ਼ ਕੁਮਾਰ
ਗਵਰਮੈਂਟ ਸਕੂਲ ਟੀਚਰ ਯੂਨੀਅਨ ਦੇ ਆਗੂ ਰਕੇਸ਼ ਕੁਮਾਰ ਨੇ ਸਵਾਲ ਉਠਾਇਆ ਕਿ ਪੰਜਾਬ ਵਿਚ ਦਰਜਨਾਂ ਵਿਭਾਗ ਹਨ ਪਰ ਹਰ ਵਾਰ ਸਿੱਖਿਆ ਵਿਭਾਗ ਦੇ ਸਟਾਫ਼ ਨੂੰ ਹੀ ਕਿਉਂ ਚੁਣਿਆ ਜਾਂਦਾ ਹੈ? ਅਧਿਆਪਕਾਂ ਦੀ ਪਹਿਲਾਂ ਹੀ ਭਾਰੀ ਘਾਟ ਹੈ ਅਤੇ ਉੱਪਰੋਂ ਵਾਧੂ ਕੰਮ ਲੱਦਣਾ ਸਿੱਖਿਆ ਦੇ ਮਿਆਰ ਨੂੰ ਨੀਵਾਂ ਡੇਗਣ ਦੀ ਸਾਜ਼ਿਸ਼ ਹੈ।

 ਇਹ ਵੀ ਪੜ੍ਹੋ : ਘਰ ਰੱਖਿਆ ਕੈਸ਼ ਬੈਂਕ 'ਚ ਜਮ੍ਹਾਂ ਕਰਵਾਉਣ 'ਤੇ ਨਹੀਂ ਲੱਗੇਗਾ ਟੈਕਸ, ITAT ਦਾ ਵੱਡਾ ਫੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News