ਲੁਧਿਆਣਾ ''ਚ ਦਿਨ-ਦਿਹਾੜੇ ਘਰ ''ਚੋਂ ਹੋ ਗਈ ਚੋਰੀ

Thursday, Apr 30, 2026 - 06:49 PM (IST)

ਲੁਧਿਆਣਾ ''ਚ ਦਿਨ-ਦਿਹਾੜੇ ਘਰ ''ਚੋਂ ਹੋ ਗਈ ਚੋਰੀ

ਲੁਧਿਆਣਾ (ਰਾਜ): ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਦਿਨ-ਦਿਹਾੜੇ ਵੀ ਲੋਕਾਂ ਦੇ ਘਰ ਸੁਰੱਖਿਅਤ ਨਹੀਂ ਰਹੇ। ਤਾਜ਼ਾ ਮਾਮਲਾ ਥਾਣਾ ਸਦਰ ਦੇ ਅਧੀਨ ਆਉਂਦੇ ਧਾਂਦਰਾ ਰੋਡ ਸਥਿਤ ਗੋਲਡਨ ਸਿਟੀ-2 ਦਾ ਹੈ, ਜਿੱਥੇ ਸ਼ਾਤਰ ਚੋਰਾਂ ਨੇ ਇਕ ਬੰਦ ਮਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉੱਥੋਂ ਕਰੀਬ 1 ਲੱਖ 38 ਹਜ਼ਾਰ ਰੁਪਏ ਦੀ ਨਕਦੀ ਸਮੇਤ ਭਾਰੀ ਮਾਤਰਾ ਵਿਚ ਸੋਨੇ ਅਤੇ ਚਾਂਦੀ ਦੇ ਗਹਿਣੇ ਉਡਾ ਲਏ। ਘਟਨਾ ਉਸ ਵੇਲੇ ਹੋਈ ਜਦੋਂ ਪੀੜਤ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਆਪਣੇ ਕੰਮ 'ਤੇ ਗਿਆ ਹੋਇਆ ਸੀ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੀੜਤ ਦੀ ਸ਼ਿਕਾਇਤ 'ਤੇ ਦੋ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੋਲਡਨ ਸਿਟੀ-2 ਦੇ ਨਿਵਾਸੀ ਕਮਲੇਸ਼ ਨੇ ਦੱਸਿਆ ਕਿ ਬੀਤੇ 24 ਅਪ੍ਰੈਲ ਨੂੰ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਆਪਣੇ ਘਰ ਨੂੰ ਤਾਲਾ ਲਗਾ ਕੇ ਕੰਮ 'ਤੇ ਨਿਕਲ ਗਿਆ ਸੀ। ਘਰ ਵਿਚ ਉਸ ਵੇਲੇ ਕੋਈ ਮੌਜੂਦ ਨਹੀਂ ਸੀ। ਦੁਪਹਿਰ ਕਰੀਬ ਢਾਈ ਵਜੇ ਜਦੋਂ ਉਸ ਦੀ ਪਤਨੀ ਸੁਸ਼ਮਾ ਘਰ ਪਰਤੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਦੇਖਿਆ ਕਿ ਘਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਅੰਦਰ ਸਾਰਾ ਸਮਾਨ ਖਿੱਲਰਿਆ ਪਿਆ ਸੀ। ਸ਼ੋਰ ਮਚਾਉਣ 'ਤੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਏ ਅਤੇ ਘਰ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਿਆ ਕਿ ਅਲਮਾਰੀ ਵਿਚ ਰੱਖੇ 1 ਲੱਖ 38 ਹਜ਼ਾਰ ਰੁਪਏ ਨਕਦ ਗਾਇਬ ਸਨ। ਇਸ ਤੋਂ ਇਲਾਵਾ ਚੋਰਾਂ ਨੇ 2 ਗ੍ਰਾਮ ਦਾ ਸੋਨੇ ਦਾ ਲੌਕਿਟ, 100 ਗ੍ਰਾਮ ਦੀ ਚਾਂਦੀ ਦੀ ਪਾਜ਼ੇਬ, ਸੋਨੇ ਦੇ ਟਾਪਸ, ਚਾਂਦੀ ਦਾ ਕਮਰਬੰਦ ਅਤੇ ਬੱਚਿਆਂ ਦੇ ਸੋਨੇ ਤੇ ਚਾਂਦੀ ਦੇ ਕਰੀਬ 6 ਲੌਕਿਟ 'ਤੇ ਹੱਥ ਸਾਫ਼ ਕਰ ਦਿੱਤਾ ਸੀ।

ਵਾਰਦਾਤ ਤੋਂ ਬਾਅਦ ਸਹਿਮੇ ਹੋਏ ਪਰਿਵਾਰ ਨੇ ਤੁਰੰਤ ਥਾਣਾ ਸਦਰ ਦੀ ਪੁਲਸ ਨੂੰ ਸੂਚਿਤ ਕੀਤਾ। ਪੀੜਤ ਪਰਿਵਾਰ ਨੇ ਆਪਣੇ ਪੱਧਰ 'ਤੇ ਵੀ ਪੜਤਾਲ ਕੀਤੀ, ਜਿਸ ਵਿਚ ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ ਨਾਮਕ ਵਿਅਕਤੀਆਂ ਦੀ ਭੂਮਿਕਾ ਸ਼ੱਕੀ ਪਾਈ ਗਈ। ਪੁਲਸ ਨੇ ਕਮਲੇਸ਼ ਦੇ ਬਿਆਨਾਂ ਦੇ ਆਧਾਰ 'ਤੇ ਡੂੰਘਾਈ ਨਾਲ ਜਾਂਚ ਕੀਤੀ ਅਤੇ ਪੁਖ਼ਤਾ ਸਬੂਤ ਮਿਲਣ ਤੋਂ ਬਾਅਦ 29 ਅਪ੍ਰੈਲ ਨੂੰ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਪੁਲਸ ਦੀਆਂ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਨੂੰ ਉਮੀਦ ਹੈ ਕਿ ਜਲਦੀ ਹੀ ਦੋਵਾਂ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜ ਕੇ ਚੋਰੀ ਦਾ ਸਮਾਨ ਬਰਾਮਦ ਕਰ ਲਿਆ ਜਾਵੇਗਾ।
 


author

Anmol Tagra

Content Editor

Related News