ਨਾਕਾਬੰਦੀ ਦੌਰਾਨ ਚੋਰੀ ਦੀ ਮੋਟਰਸਾਈਕਲ ਸਮੇਤ ਇਕ ਕਾਬੂ, ਸਾਥੀ ਫ਼ਰਾਰ
Monday, May 04, 2026 - 12:30 PM (IST)
ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੇ 200 ਫੁੱਟ ਅੰਬਾਲਾ-ਮੋਹਾਲੀ ਰੋਡ ’ਤੇ ਨਾਕਾਬੰਦੀ ਦੌਰਾਨ ਪੁਲਸ ਨੇ ਚੋਰੀ ਦੀ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਕਾਬੂ ਕਰ ਲਿਆ, ਜਦੋਂਕਿ ਉਸਦਾ ਸਾਥੀ ਹਨੇਰੇ ਦਾ ਫ਼ਾਇਦਾ ਚੁੱਕਦੇ ਹੋਏ ਮੌਕੇ ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਿਆ। ਪੁਲਸ ਨੇ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਟੀਮ ਵੱਲੋਂ ਇਲਾਕੇ ’ਚ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਡੇਰਾਬੱਸੀ ਵੱਲੋਂ ਬਿਨਾਂ ਨੰਬਰ ਵਾਲੀ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਉਂਦੇ ਦਿੱਸੇ। ਨਾਕਾਬੰਦੀ ਦੇਖ ਕੇ ਦੋਵਾਂ ਘਬਰਾ ਗਏ ਤੇ ਵਾਹਨ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕਰਨ ਲੱਗੇ। ਪਿੱਛੇ ਬੈਠਾ ਨੌਜਵਾਨ ਹਨੇਰੇ ਦਾ ਲਾਭ ਚੁੱਕਦੇ ਹੋਏ ਫ਼ਰਾਰ ਹੋ ਗਿਆ, ਜਦਕਿ ਡਰਾਈਵਰ ਨੂੰ ਪੁਲਸ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ।
ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਵਜੋਂ ਹੋਈ ਹੈ। ਬਿਸ਼ਨਪੁਰਾ ਖੇਤਰ ’ਚ ਰਹਿੰਦਾ ਹੈ। ਪੁੱਛਗਿੱਛ ਦੌਰਾਨ ਫ਼ਰਾਰ ਸਾਥੀ ਦਾ ਨਾਮ ਵਿੱਕੀ ਕੁਮਾਰ ਦੱਸਿਆ, ਜੋ ਕਿ ਬਿਸ਼ਨਪੁਰਾ ਦਾ ਹੀ ਰਹਿਣ ਵਾਲਾ ਹੈ ਅਤੇ ਇਸ ਸਮੇਂ ਪੁਲਸ ਉਸਦੀ ਤਲਾਸ਼ ਕਰ ਰਹੀ ਹੈ। ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਰੋਹਿਤ ਨੇ ਕਬੂਲਿਆ ਕਿ ਇਹ ਮੋਟਰਸਾਈਕਲ ਉਸਦੇ ਦੋਸਤ ਵਿੱਕੀ ਕੁਮਾਰ ਵੱਲੋਂ ਜ਼ੀਰਕਪੁਰ ਖੇਤਰ ਤੋਂ ਹੀ ਚੋਰੀ ਕੀਤੀ ਗਈ ਸੀ। ਦੋਵੇਂ ਇਸੇ ਚੋਰੀਸ਼ੁਦਾ ਵਾਹਨ ‘ਤੇ ਸਵਾਰ ਹੋ ਕੇ ਕਿਸੇ ਹੋਰ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਪੁਲਿਸ ਵੱਲੋਂ ਕੇਸ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ।
