ਰਈਆ ਨਗਰ ਪੰਚਾਇਤ ''ਚ ਵੱਡਾ ਫਰਜ਼ੀਵਾੜਾ: ਮ੍ਰਿਤਕ ਭਰਾ ਦੀ ਜਗ੍ਹਾ ਜਾਅਲੀ ਕਾਗਜ਼ਾਂ ''ਤੇ ਹੜੱਪੀ ਸਰਕਾਰੀ ਨੌਕਰੀ

Tuesday, May 05, 2026 - 07:05 AM (IST)

ਰਈਆ ਨਗਰ ਪੰਚਾਇਤ ''ਚ ਵੱਡਾ ਫਰਜ਼ੀਵਾੜਾ: ਮ੍ਰਿਤਕ ਭਰਾ ਦੀ ਜਗ੍ਹਾ ਜਾਅਲੀ ਕਾਗਜ਼ਾਂ ''ਤੇ ਹੜੱਪੀ ਸਰਕਾਰੀ ਨੌਕਰੀ

ਬਾਬਾ ਬਕਾਲਾ ਸਾਹਿਬ (ਅਠੌਲ਼ਾ) : ਨਗਰ ਪੰਚਾਇਤ ਰਈਆ ’ਚ ਮ੍ਰਿਤਕ ਭਰਾ ਦੀ ਜਗ੍ਹਾ ’ਤੇ ਸਰਕਾਰੀ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਜਾਅਲੀ ਕਾਗਜ਼ਾਤ ਦੇ ਆਧਾਰ ’ਤੇ ਨੌਕਰੀ ਕਰਦੇ ਵਿਅਕਤੀ ਖ਼ਿਲਾਫ਼ ਮ੍ਰਿਤਕ ਦੇ ਭਰਾ ਵੱਲੋਂ ਉੱਪ ਮੰਡਲ ਮੈਜਿਸਟ੍ਰੇਟ ਬਾਬਾ ਬਕਾਲਾ ਸਾਹਿਬ ਪਾਸ ਪੇਸ਼ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਕੇਸ਼ ਕੁਮਾਰ ਦੇ ਭਰਾ ਦੀਪੂ ਪੁੱਤਰ ਗੁੱਠੀਆ ਨੇ ਜਸ਼ਨਜੀਤ ਸਿੰਘ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ ਨੂੰ ਲਿਖਤੀ ਸ਼ਿਕਾਇਤ ਰਾਹੀਂ ਦੱਸਿਆ ਕਿ ਮੇਰਾ ਭਰਾ ਰਕੇਸ਼ ਕੁਮਾਰ ਨਗਰ ਪੰਚਾਇਤ ਰਈਆ ਵਿਚ ਰੈਗੂਲਰ ਸਫਾਈ ਕਰਮਚਾਰੀ ਦੀ ਪੱਕੀ ਨੌਕਰੀ ਕਰਦਾ ਸੀ, ਜਿਸ ਦੀ 29-1-2024 ਨੂੰ ਮੌਤ ਹੋ ਗਈ।

ਜਾਅਲੀ ਵਾਰਿਸ ਬਣਾ ਕੇ ਹੜੱਪੀ ਨੌਕਰੀ ਅਤੇ ਫੰਡ

ਦੀਪੂ ਨੇ ਦੱਸਿਆ ਕਿ ਉਸ ਦਾ ਭਰਾ ਕੁਆਰਾ ਸੀ ਅਤੇ ਉਹ ਖ਼ੁਦ ਆਪਣੇ ਮ੍ਰਿਤਕ ਭਰਾ ਦਾ ਕਾਨੂੰਨੀ ਵਾਰਿਸ ਹੈ। ਪਰ ਉਸ ਦੇ ਭਰਾ ਦੀ ਮੌਤ ਤੋਂ ਬਾਅਦ ਗੱਬਰ ਪੁੱਤਰ ਲੱਖੀ ਨੇ ਹੋਰਾਂ ਨਾਲ ਮਿਲੀਭੁਗਤ ਕਰਕੇ ਮ੍ਰਿਤਕ ਦਾ ਜਾਅਲੀ ਸਰਟੀਫਿਕੇਟ ਬਣਾ ਲਿਆ, ਜਿਸ ਵਿੱਚ ਸਮਿਤਰੀ ਦੇਵੀ ਨਾਮ ਦੀ ਔਰਤ ਨੂੰ ਉਸ ਦੀ ਪਤਨੀ ਦਿਖਾ ਦਿੱਤਾ। ਇਸ ਮਗਰੋਂ ਨਗਰ ਪੰਚਾਇਤ ਦੇ ਮੁਲਾਜ਼ਮਾਂ ਨਾਲ ਮਿਲ ਕੇ ਤਰਸ ਦੇ ਆਧਾਰ ’ਤੇ ਨੌਕਰੀ ਹਾਸਲ ਕਰ ਲਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਜਾਅਲੀ ਕਾਗਜ਼ਾਤ ਰਾਹੀਂ ਫੰਡ ਕਢਵਾ ਕੇ ਸਰਕਾਰ ਨੂੰ ਵੀ ਚੂਨਾ ਲਾਇਆ ਹੈ।

ਇਹ ਵੀ ਪੜ੍ਹੋ : 3 ਘੰਟਿਆਂ ਲਈ ਫ਼ਰੀ ਹੋਇਆ ਲਾਡੋਵਾਲ ਟੋਲ ਪਲਾਜ਼ਾ, ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਅਧਿਕਾਰੀਆਂ ਵੱਲੋਂ ਜਾਂਚ ਦਾ ਭਰੋਸਾ

ਦੀਪੂ ਨੇ ਐੱਸ. ਡੀ. ਐੱਮ. ਸਾਹਿਬ ਨੂੰ ਐਡਵੋਕੇਟ ਲੱਖਾ ਸਿੰਘ ਆਜ਼ਾਦ ਰਾਹੀਂ ਲਿਖਤੀ ਦਰਖ਼ਾਸਤ ਦੇ ਕੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਐੱਸ. ਡੀ. ਐੱਮ. ਨੇ ਇਸ ਸਬੰਧੀ ਪੜਤਾਲ ਦੇ ਹੁਕਮ ਜਾਰੀ ਕੀਤੇ ਹਨ। ਇਸ ਮਾਮਲੇ ਸਬੰਧੀ ਅਨਿਲ ਚੋਪੜਾ ਈ. ਓ. ਨਗਰ ਪੰਚਾਇਤ ਰਈਆ ਨੇ ਕਿਹਾ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਦਫ਼ਤਰ ਬੁਲਾਇਆ ਹੈ ਅਤੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News