ਹਾਈ ਸਕਿਓਰਿਟੀ ਸੁਸਾਇਟੀ ’ਚ ਸਾਬਕਾ ਕਰਨਲ ਦੇ ਘਰੋਂ 15 ਲੱਖ ਦੀ ਨਕਦੀ ਚੋਰੀ

Monday, May 04, 2026 - 01:33 PM (IST)

ਹਾਈ ਸਕਿਓਰਿਟੀ ਸੁਸਾਇਟੀ ’ਚ ਸਾਬਕਾ ਕਰਨਲ ਦੇ ਘਰੋਂ 15 ਲੱਖ ਦੀ ਨਕਦੀ ਚੋਰੀ

ਜ਼ੀਰਕਪੁਰ (ਧੀਮਾਨ) : ਜ਼ੀਰਕਪੁਰ ਦੀ ਅਨੰਤਾ ਲਾਈਫ ਸਟਾਈਲ ਸੁਸਾਇਟੀ ’ਚ 15 ਲੱਖ ਰੁਪਏ ਦੀ ਸਨਸਨੀਖੇਜ਼ ਚੋਰੀ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸਾਬਕਾ ਫ਼ੌਜੀ ਅਧਿਕਾਰੀ ਕਰਨਲ ਬੀ. ਐੱਮ. ਤਲਵਾਰ ਦੇ ਘਰ ’ਚ ਅਲਮਾਰੀ ਦੇ ਲਾਕਰ ’ਚ ਰੱਖੀ ਨਕਦੀ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰ ਲਈ ਗਈ। ਕਰਨਲ ਤਲਵਾਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਰੁਦਰਾਕਸ਼ ਅਤੇ ਉਸ ਦੇ ਸਾਥੀਆਂ ਦਿਕਸ਼ਿਤ ਜੈਨ ਤੇ ਮਨਪ੍ਰੀਤ ਸਿੰਘ ਨੇ ਜਾਇਦਾਦ ਖ਼ਰੀਦਣ ਲਈ 15 ਲੱਖ ਰੁਪਏ ਇਕੱਠੇ ਕੀਤੇ ਸਨ। ਸੌਦਾ ਰੱਦ ਹੋਣ ਕਾਰਨ ਇਹ ਰਕਮ ਘਰ ਲਿਆਂਦੀ ਗਈ ਤੇ ਉਨ੍ਹਾਂ ਦੀ ਪਤਨੀ ਨੇ ਇਸ ਨੂੰ ਸੁਰੱਖਿਆ ਵਜੋਂ ਬੈੱਡਰੂਮ ਦੀ ਅਲਮਾਰੀ ਦੇ ਲਾਕਰ ’ਚ ਰੱਖ ਦਿੱਤਾ। 13 ਮਾਰਚ ਨੂੰ ਜਦੋਂ ਲਾਕਰ ਖੋਲ੍ਹਿਆ ਗਿਆ ਤਾਂ ਪੂਰੀ ਰਕਮ ਗਾਇਬ ਸੀ। ਪਰਿਵਾਰ ਨੇ ਆਪਣੇ ਪੱਧਰ ’ਤੇ ਭਾਲ ਕੀਤੀ ਪਰ ਕੋਈ ਸੁਰਾਗ ਨਾ ਮਿਲਣ ’ਤੇ 14 ਮਾਰਚ ਨੂੰ ਪੁਲਸ ਕੋਲ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤਕਰਤਾ ਨੇ ਸ਼ੱਕ ਜਤਾਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਜਾਂ ਔਰਤ ਨੇ ਮੌਕਾ ਦੇਖ ਕੇ ਚੋਰੀ ਨੂੰ ਅੰਜਾਮ ਦਿੱਤਾ।
ਸੁਰੱਖਿਆ ਦੇ ਦਾਅਵੇ ਨਿਕਲੇ ਖੋਖਲੇ
24 ਘੰਟੇ ਗਾਰਡਾਂ ਨਾਲ ਘਿਰੀ ਹਾਈ ਸਕਿਓਰਿਟੀ ਸੁਸਾਇਟੀ ’ਚ ਇੰਨੀ ਵੱਡੀ ਵਾਰਦਾਤ ਨੇ ਵਸਨੀਕਾਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਸ ਨੇ ਸੁਸਾਇਟੀ ਤੇ ਆਸ-ਪਾਸ ਦੇ ਸੀ. ਸੀ. ਟੀ. ਵੀ. ਫੁਟੇਜ ਖੰਗਾਲਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਤੇਜ਼ ਕਰ ਦਿੱਤੀ ਹੈ। ਕੰਟਰੋਲ ਰੂਮ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਅਨੰਤਾ ਲਾਈਫ ਸਟਾਈਲ ਸੁਸਾਇਟੀ ’ਚ 24 ਘੰਟੇ ਸੁਰੱਖਿਆ ਗਾਰਡ ਤਾਇਨਾਤ ਹੋਣ ਦੇ ਬਾਵਜੂਦ ਲਾਕਰ ’ਚੋਂ 15 ਲੱਖ ਰੁਪਏ ਚੋਰੀ ਹੋ ਜਾਣਾ ਪ੍ਰਾਈਵੇਟ ਸਕਿਓਰਿਟੀ ਪ੍ਰਬੰਧਾਂ ’ਤੇ ਵੱਡਾ ਪ੍ਰਸ਼ਨ ਚਿੰਨ੍ਹ ਹੈ।
 


author

Babita

Content Editor

Related News