ਪਿੰਡ ਘਾਂਗਾ ਕਲਾਂ ’ਚ 8 ਬਿਜਲੀ ਟਰਾਂਸਫਾਰਮਰਾਂ ’ਚੋਂ ਤਾਂਬਾ, ਤੇਲ ਅਤੇ ਰਾਡਾਂ ਚੋਰੀ
Saturday, Oct 17, 2026 - 03:54 PM (IST)
ਜਲਾਲਾਬਾਦ (ਬਜਾਜ) : ਇਲਾਕੇ 'ਚ ਬਿਜਲੀ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਪਿੰਡ ਘਾਂਗਾ ਕਲਾਂ 'ਚ ਅਣਪਛਾਤੇ ਵਿਅਕਤੀਆਂ ਵੱਲੋਂ 8 ਬਿਜਲੀ ਟਰਾਂਸਫਾਰਮਰਾਂ ਵਿੱਚੋਂ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਇਸ ਘਟਨਾ ਕਾਰਨ ਬਿਜਲੀ ਵਿਭਾਗ ਨੂੰ ਕਰੀਬ 1 ਲੱਖ 62 ਹਜ਼ਾਰ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਪੁਲਸ ਨੇ ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਰਿਕਾਰਡ ਅਨੁਸਾਰ ਇਹ ਚੋਰੀ ਦੀਆਂ ਵਾਰਦਾਤਾਂ 14 ਅਤੇ 15 ਅਕਤੂਬਰ 2026 ਦੀ ਦਰਮਿਆਨੀ ਰਾਤ ਨੂੰ ਹੋਈਆਂ। ਜਾਣਕਾਰੀ ਮੁਤਾਬਕ ਰਾਤ ਕਰੀਬ 11.30 ਵਜੇ ਤੋਂ ਤੜਕੇ 3 ਵਜੇ ਤੱਕ ਦੇ ਸਮੇਂ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਪਿੰਡ ਘਾਂਗਾ ਕਲਾਂ ਵਿਚ ਲੱਗੇ ਅੱਠ ਟਰਾਂਸਫਾਰਮਰਾਂ ਵਿੱਚੋਂ ਤਾਂਬਾ, ਤੇਲ ਅਤੇ ਰਾਡਾਂ ਚੋਰੀ ਕਰ ਲਈਆਂ।
ਇਸ ਸਬੰਧੀ ਸਹਾਇਕ ਇੰਜੀਨੀਅਰ, ਵੰਡ ਉਪ ਮੰਡਲ ਫੱਤਣਵਾਲਾ ਵੱਲੋਂ ਪੁਲਿਸ ਨੂੰ ਪੱਤਰ ਭੇਜ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਵਿਭਾਗ ਵੱਲੋਂ 15 ਅਕਤੂਬਰ ਨੂੰ ਇਸ ਸਬੰਧੀ ਚਾਰ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ਚੋਰੀ ਕਾਰਨ ਹੋਏ ਨੁਕਸਾਨ ਦਾ ਵੇਰਵਾ ਦਿੱਤਾ ਗਿਆ। ਏ.ਐੱਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਅਮੀਰ ਖਾਸ ਦੀ ਪੁਲਸ ਨੇ 16 ਅਕਤੂਬਰ 2026 ਨੂੰ ਮੁਕੱਦਮਾ ਨੰਬਰ 111 ਦਰਜ ਕੀਤਾ। ਇਹ ਮਾਮਲਾ 303(2) ਅਤੇ 3(5) ਬੀ.ਐੱਨ.ਐੱਸ ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
