ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਲੋਕ ਗ੍ਰਿਫ਼ਤਾਰ

Monday, Oct 05, 2026 - 05:00 PM (IST)

ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਲੋਕ ਗ੍ਰਿਫ਼ਤਾਰ

ਫਿਰੋਜ਼ਪੁਰ (ਖੁੱਲਰ) : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਚੋਰੀ ਦੇ 8 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਅਯੂਬ ਮਸੀਹ ਨੇ ਦੱਸਿਆ ਕਿ ਉਹ ਪੁਲਸ ਟੀਮ ਨਾਲ ਗਸ਼ਤ ਦੌਰਾਨ ਮੌਜੂਦ ਸਨ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੇਖਰ ਉਰਫ਼ ਦੀਪਕ ਪੁੱਤਰ ਸੁਰਿੰਦਰ ਕੁਮਾਰ ਵਾਸੀ ਗਲੀ ਨੰਬਰ-11 ਦੀ ਬੈਕਸਾਈਡ, ਖਾਲਸਾ ਕਲੋਨੀ, ਫਿਰੋਜ਼ਪੁਰ ਕੈਂਟ ਅਤੇ ਬੂਟਾ ਪੁੱਤਰ ਵਿਜੈ ਵਾਸੀ ਗਾਂਧੀ ਨਗਰ, ਰੱਖੜੀ ਖੁਸ਼ਹਾਲ ਸਿੰਘ ਵਾਲਾ, ਥਾਣਾ ਸਦਰ ਫਿਰੋਜ਼ਪੁਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਆਦੀ ਹਨ। ਮੁਖਬਰ ਨੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ।

ਘਟਨਾ ਵਾਲੇ ਦਿਨ ਵੀ ਉਕਤ ਦੋਵੇਂ ਜਣੇ ਚੋਰੀ ਕੀਤੇ ਹੋਏ ਮੋਟਰਸਾਈਕਲਾਂ ਸਮੇਤ ਰੇਲਵੇ ਸਟੇਸ਼ਨ ਫਿਰੋਜ਼ਪੁਰ ਸ਼ਹਿਰ ਦੇ ਨੇੜੇ ਬਣੀ ਇਕ ਪੁਰਾਣੀ ਖੰਡਰ ਬਿਲਡਿੰਗ ਕੋਲ ਖੜ੍ਹੇ ਸਨ ਅਤੇ ਚੋਰੀ ਦੇ ਵਾਹਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਟੀਮ ਨੇ ਉਕਤ ਸਥਾਨ ’ਤੇ ਛਾਪੇਮਾਰੀ ਕਰਕੇ ਦੋਹਾਂ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਤਲਾਸ਼ੀ ਅਤੇ ਪੁੱਛਗਿੱਛ ਦੌਰਾਨ ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੇ 8 ਮੋਟਰਸਾਈਕਲ ਬਰਾਮਦ ਕੀਤੇ। ਪੁਲਸ ਅਧਿਕਾਰੀਆਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਸ਼ਹਿਰ ਵਿਚ ਹੋਈਆਂ ਚੋਰੀ ਦੀਆਂ ਹੋਰ ਵਾਰਦਾਤਾਂ ਅਤੇ ਚੋਰੀ ਦੇ ਵਾਹਨ ਖਰੀਦਣ ਵਾਲੇ ਵਿਅਕਤੀਆਂ ਬਾਰੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।


author

Babita

Content Editor

Related News