ਚੋਰ ਨੇ ਬਿਜਲੀ ਦੇ ਬਕਸੇ ''ਚ ਲੱਗੇ ਮੀਟਰਾਂ ਦੀ ਤਾਰ ਕੀਤੀ ਚੋਰੀ
Monday, Oct 12, 2026 - 04:54 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਰੋਜ਼ਾਨਾ ਦਿਨ ਚੋਰ ਚੋਰੀਆਂ ਨੂੰ ਬੇਖੌਫ਼ ਹੋ ਕੇ ਅੰਜਾਮ ਦੇ ਰਹੇ ਹਨ ਤੇ ਪੁਲਸ ਇਨ੍ਹਾਂ ਚੋਰਾਂ ਨੂੰ ਫੜ੍ਹਨ ਵਿੱਚ ਨਾਕਾਮਯਾਬ ਸਾਬਤ ਹੋ ਰਹੀ ਹੈ। ਸ਼ਹਿਰ ਦੇ ਪੁਰਾਣੇ ਬਸ ਅੱਡੇ 'ਤੇ ਕੰਮ ਕਰਦੇ ਦੁਕਾਨਦਾਰਾਂ ਦੇ ਦੁਕਾਨ ਦੇ ਬਾਹਰ ਲੱਗੇ ਬਿਜਲੀ ਦੇ ਬਕਸੇ ਅੰਦਰ ਲੱਗੇ ਮੀਟਰਾਂ 'ਚੋਂ ਚੋਰ ਤਾਰਾਂ ਚੋਰੀ ਕਰਕੇ ਲੈ ਗਏ ਹਨ ਅਤੇ ਇਸ ਦੇ ਨਾਲ ਹੀ ਸ਼ਹਿਰ ਅੰਦਰ ਕਈ ਹੋਰ ਵੱਖ-ਵੱਖ ਥਾਵਾਂ 'ਤੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਜਿੰਮੀ ਮਨਚੰਦਾ, ਵਿਨੋਦ ਸੋਨੀ, ਬਲਜੀਤ ਸਿੰਘ, ਦੀਪਕ ਮੌਂਗਾ, ਗੁਰਪ੍ਰੀਤ ਤੇ ਬੋਬੀ ਗਲਹੋਤਰਾ ਨੇ ਦੱਸਿਆ ਕਿ ਉਹਨਾਂ ਦੀਆਂ ਦੁਕਾਨਾਂ ਸ਼ਹਿਰ ਦੇ ਪੁਰਾਣੇ ਬਸ ਅੱਡੇ 'ਤੇ ਹਨ ਅਤੇ ਉਨ੍ਹਾਂ ਦੇ ਮੀਟਰ ਦੁਕਾਨ ਦੇ ਬਾਹਰ ਲੱਗੇ ਬਕਸੇ ਵਿੱਚ ਲੱਗੇ ਹੋਏ ਹਨ। ਜਦ ਉਹ ਸਵੇਰੇ ਆਪਣੀਆਂ ਦੁਕਾਨਾਂ 'ਤੇ ਆਏ ਤਾਂ ਦੇਖਿਆ ਮੀਟਰਾਂ ਵਾਲਾ ਬਕਸਾ ਖੁੱਲ੍ਹਿਆ ਹੋਇਆ ਸੀ, ਜਿਸ ਵਿੱਚੋਂ ਚੋਰ ਕਈ ਮੀਟਰਾਂ ਦੀ ਤਾਰ ਚੋਰੀ ਕਰਕੇ ਲੈ ਗਏ।
ਦੁਕਾਨਦਾਰਾਂ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਉਨ੍ਹਾਂ ਨੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਜਲਾਲਾਬਾਦ ਸ਼ਿਕਾਇਤ ਦਰਜ ਕਰਾ ਦਿੱਤੀ ਹੈ ਅਤੇ ਨਾਲ ਹੀ ਸ਼ਹਿਰ ਦੇ ਹੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਮੀਟਰਾਂ ਦੀ ਨਵੀਂ ਤਾਰ ਪਾਉਣ ਲਈ ਕਿਹਾ ਤਾਂ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਤੁਸੀਂ ਆਪਣੀਆਂ ਤਾਰਾਂ ਖ਼ੁਦ ਲੈ ਕੇ ਆਓ ਤਾਂ ਹੀ ਅਸੀਂ ਇਸ ਨੂੰ ਠੀਕ ਕਰਾਂਗੇ। ਦੁਕਾਨਦਾਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਬਕਸਿਆਂ ਨੂੰ ਤਾਲਾ ਲਾਉਣ ਸਬੰਧੀ ਵੀ ਕਿਹਾ ਗਿਆ ਪਰ ਉਨ੍ਹਾਂ ਵੱਲੋਂ ਇਨ੍ਹਾਂ ਬਕਸਿਆਂ ਨੂੰ ਤਾਲਾ ਨਹੀਂ ਲਗਾਇਆ ਗਿਆ ਅਤੇ ਬਕਸੇ ਹਰ ਵਕਤ ਖੁੱਲ੍ਹੇ ਹੀ ਰਹਿਦੇ ਹਨ, ਜਿਸ ਕਰਕੇ ਚੋਰਾਂ ਨੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਇਸ ਦੇ ਨਾਲ ਹੀ ਸ਼ਹਿਰ ਦੀ ਗਲੀ ਨੰਬਰ-5 ਅਤੇ 7 ਵਿੱਚੋਂ ਵੀ ਪਿਛਲੇ ਦਿਨੀਂ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਘਰ ਦੇ ਬਾਹਰ ਲੱਗੀ ਮੋਟਰ ਦੀ ਤਾਰ ਚੋਰੀ ਕਰਕੇ ਲੈ ਗਏ ਚੋਰ ਦੀ ਫੋਟੋ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚ ਕੈਦ ਹੋ ਗਈ ਹੈ। ਇਸਦੇ ਨਾਲ ਹੀ ਗਲੀ ਨੰਬਰ-7 ਚੋਂ ਵੀ ਘਰ ਦੇ ਬਾਹਰ ਲੱਗੀ ਪਾਣੀ ਕੱਢਣ ਵਾਲੀ ਮੋਟਰ ਵੀ ਚੋਰ ਚੋਰੀ ਕਰਕੇ ਲੈ ਗਏ। ਸ਼ਹਿਰ ਅੰਦਰ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਪਰੇਸ਼ਾਨ ਹਨ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਫੜ੍ਹਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਸੁੱਖ ਦਾ ਸਾਹ ਆ ਸਕੇ। ਨਹੀਂ ਤਾਂ ਚੋਰਾਂ ਦੇ ਹੌਂਸਲੇ ਵੱਧਦੇ ਹੀ ਜਾਣਗੇ ਅਤੇ ਚੋਰੀਆਂ ਨੂੰ ਅੰਜਾਮ ਦਿੰਦੇ ਹੀ ਰਹਿਣਗੇ। ਸ਼ਹਿਰ ਵਾਸੀਆ ਨੇ ਕਿਹਾ ਸ਼ਹਿਰ ਅੰਦਰ ਰਾਤ ਨੂੰ ਗਸ਼ਤ ਵੀ ਵਧਾਈ ਜਾਵੇ।
