ਪੁਲਸ ਨੇ ਪਿੰਡ ਮੱਬੋ ਕੇ ਨੇੜਿਓਂ 1 ਕਿੱਲੋ ਤੋਂ ਵੱਧ ਹੈਰੋਇਨ ਕੀਤੀ ਬਰਾਮਦ

Thursday, Oct 15, 2026 - 01:53 PM (IST)

ਪੁਲਸ ਨੇ ਪਿੰਡ ਮੱਬੋ ਕੇ ਨੇੜਿਓਂ 1 ਕਿੱਲੋ ਤੋਂ ਵੱਧ ਹੈਰੋਇਨ ਕੀਤੀ ਬਰਾਮਦ

ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਮਮਦੋਟ ਦੀ ਪੁਲਸ ਨੂੰ ਉਸ ਸਮੇਂ ਸਫ਼ਲਤਾ ਮਿਲੀ, ਜਦੋਂ ਗਸ਼ਤ ਅਤੇ ਚੈਕਿੰਗ ਦੌਰਾਨ ਪੁਲਸ ਨੂੰ ਪਿੰਡ ਮੱਬੋ ਕੇ ਨੇੜੇ ਖੇਤਾਂ ਵਿੱਚੋਂ ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਸ ਨੇ ਮੌਕੇ ਤੋਂ ਕੁੱਲ 1044 ਗ੍ਰਾਮ ਹੈਰੋਇੰਨ ਬਰਾਮਦ ਕਰਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮਮਦੋਟ ਦੇ ਏ. ਐੱਸ. ਆਈ. ਹਰਕੀਰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਕਰਮਚਾਰੀਆਂ ਸਮੇਤ ਇਲਾਕੇ ਵਿਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਗਸ਼ਤ ਲਈ ਰਵਾਨਾ ਹੋਏ ਸਨ।

ਗਸ਼ਤ ਦੌਰਾਨ ਉਸ ਨੂੰ ਫ਼ੋਨ ’ਤੇ ਸੂਚਨਾ ਮਿਲੀ ਕਿ ਪਿੰਡ ਮੱਬੋ ਕੇ ਦੇ ਨੇੜੇ ਖੇਤਾਂ ਵਿਚ ਲਵਾਰਿਸ ਹਾਲਤ ਵਿਚ ਨਸ਼ਾ ਪਿਆ ਹੈ। ਸੂਚਨਾ ਮਿਲਦਿਆਂ ਹੀ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਖੇਤਾਂ ਦੀ ਤਲਾਸ਼ੀ ਲਈ, ਜਿੱਥੇ ਦੋ ਪੈਕਟਾਂ ਵਿਚ ਹੈਰੋਇਨ ਬਰਾਮਦ ਹੋਈ। ਪੁਲਸ ਵੱਲੋਂ ਕੀਤੀ ਗਈ ਨਾਪ ਤੋਲ ਦੌਰਾਨ ਇਕ ਪੈਕਟ ਵਿੱਚੋਂ 523 ਗ੍ਰਾਮ ਅਤੇ ਦੂਜੇ ਪੈਕਟ ਵਿੱਚੋਂ 521 ਗ੍ਰਾਮ ਹੈਰੋਇਨ ਮਿਲੀ, ਜਿਸ ਦਾ ਕੁੱਲ ਵਜ਼ਨ 1044 ਗ੍ਰਾਮ ਬਣਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਨਸ਼ਾ ਤਸਕਰੀ ਵਿਚ ਸ਼ਾਮਲ ਅਸਲ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ।


author

Babita

Content Editor

Related News