ਨੌਜਵਾਨਾਂ ਨੇ ਟਰੈਵਲ ਏਜੰਟ ''ਤੇ ਲਾਇਆ 24 ਲੱਖ ਦੀ ''ਠੱਗੀ'' ਦਾ ਦੋਸ਼

Saturday, Feb 24, 2018 - 06:05 AM (IST)

ਨੌਜਵਾਨਾਂ ਨੇ ਟਰੈਵਲ ਏਜੰਟ ''ਤੇ ਲਾਇਆ 24 ਲੱਖ ਦੀ ''ਠੱਗੀ'' ਦਾ ਦੋਸ਼

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਮੋਗਾ ਦੇ ਇਕ ਟਰੈਵਲ ਏਜੰਟ ਵੱਲੋਂ ਨੌਜਵਾਨਾਂ ਨੂੰ ਕੁਵੈਤ ਭੇਜਣ ਦੇ ਨਾਂ 'ਤੇ ਮਾਰੀ ਗਈ 'ਠੱਗੀ' ਦੇ ਮਾਮਲੇ ਦੀ ਅਜੇ ਪੁਲਸ ਵੱਲੋਂ ਜਾਂਚ ਕੀਤੀ ਹੀ ਜਾ ਰਹੀ ਸੀ ਕਿ ਇਸੇ ਦੌਰਾਨ ਹੀ ਇਕ ਹੋਰ ਟਰੈਵਲ ਏਜੰਟ 'ਤੇ ਮੋਗਾ ਜ਼ਿਲੇ ਦੇ ਹੀ 4 ਨੌਜਵਾਨਾਂ ਨੇ ਪੁਰਤਗਾਲ ਭੇਜਣ ਲਈ ਉਨ੍ਹਾਂ ਨੂੰ ਲੱਖਾਂ ਰੁਪਏ ਦੀ 'ਠੱਗੀ' ਮਾਰਨ ਦਾ ਦੋਸ਼ ਲਾਇਆ ਹੈ। 
ਜ਼ਿਕਰਯੋਗ ਹੈ ਕਿ ਭਾਵੇਂ ਪੁਲਸ ਪ੍ਰਸ਼ਾਸਨ ਵੱਲੋਂ ਬਿਨਾਂ ਰਜਿਸਟ੍ਰੇਸ਼ਨ ਦੇ ਕੰਮ ਕਰ ਰਹੇ ਟਰੈਵਲ ਏਜੰਟਾਂ ਵਿਰੁੱਧ ਸਖਤੀ ਕੀਤੀ ਗਈ ਹੈ ਪਰ ਅਜੇ ਵੀ ਮਾਲਵਾ ਖਿੱਤੇ 'ਚ ਅਜਿਹੇ ਸੈਂਕੜੇ ਟਰੈਵਲ ਏਜੰਟਸ ਹਨ, ਜੋ ਬਿਨਾਂ ਰਜਿਸਟ੍ਰੇਸ਼ਨ ਤੋਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਸਬਜ਼ਬਾਗ ਦਿਖਾ ਕੇ ਕਥਿਤ 'ਠੱਗੀਆਂ' ਮਾਰ ਰਹੇ ਹਨ।  ਅੱਜ ਇਥੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਦੀ ਕਾਪੀ ਦਿਖਾਉਂਦੇ ਹੋਏ ਮਨਪ੍ਰੀਤ ਸਿੰਘ ਰਣੀਆਂ, ਅਵਤਾਰ ਸਿੰਘ ਮੋਗਾ, ਬਲਤੇਜ ਸਿੰਘ ਮੋਗਾ ਅਤੇ ਗੁਰਵੰਤ ਸਿੰਘ ਨੇ ਕਿਹਾ ਕਿ ਅਸੀਂ ਦੋ ਸਾਲ ਪਹਿਲਾਂ ਪੱਟੀ ਵਾਲੀ ਗਲੀ ਮੋਗਾ ਦੇ ਇਕ ਏਜੰਟ ਨੂੰ ਪੁਰਤਗਾਲ ਭੇਜਣ ਲਈ 24 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਦੋਸ਼ ਲਾਇਆ ਟਰੈਵਲ ਟੇਜੰਟ ਨੇ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਪੁਰਤਗਾਲ ਦਾ ਰਿਹਾਇਸ਼ੀ ਵੀਜ਼ਾ 10 ਮਹੀਨਿਆਂ ਦੇ ਅੰਦਰ-ਅੰਦਰ ਦਿੱਤਾ ਜਾਵੇਗਾ ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਏਜੰਟ ਨੇ ਉਨ੍ਹਾਂ ਦਾ ਵੀਜ਼ਾ ਲਵਾਇਆ ਤੇ ਨਾ ਹੀ ਵਸੂਲੀ ਗਈ 24 ਲੱਖ ਰੁਪਏ ਦੀ ਰਾਸ਼ੀ ਵਾਪਸ ਕੀਤੀ। 
ਨੌਜਵਾਨਾਂ ਨੇ ਦੋਸ਼ ਲਾਇਆ ਕਿ ਉਹ ਪਿਛਲੇ ਡੇਢ ਸਾਲ ਤੋਂ ਟਰੈਵਲ ਏਜੰਟ ਕੋਲ ਪੈਸੇ ਮੋੜਨ ਜਾਂ ਵੀਜ਼ਾ ਲਵਾਉਣ ਲਈ 'ਗੇੜੇ' ਮਾਰ ਰਹੇ ਹਨ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਥਿਤ ਤੌਰ 'ਤੇ 'ਲਾਰੇ-ਲੱਪੇ' ਲਾਉਣ ਵਾਲਾ ਟਰੈਵਲ ਏਜੰਟ ਹੁਣ ਤਾਂ ਕਥਿਤ ਤੌਰ 'ਤੇ ਉਨ੍ਹਾਂ ਵਿਰੁੱਧ ਹੀ ਝੂਠੀਆਂ ਸ਼ਿਕਾਇਤਾਂ ਪੁਲਸ ਪ੍ਰਸ਼ਾਸਨ ਨੂੰ ਕਰਨ ਲੱਗਾ ਹੈ।  
ਉਨ੍ਹਾਂ ਕਿਹਾ ਕਿ ਟਰੈਵਲ ਏਜੰਟ ਵੱਲੋਂ ਪੈਸੇ ਮੋੜਨ ਲਈ ਉਨ੍ਹਾਂ ਨੂੰ ਦਿੱਤੇ ਗਏ ਚੈੱਕ ਵੀ ਹੁਣ ਬਾਊਂਸ ਹੋ ਗਏ। ਇਸ ਮਾਮਲੇ ਸਬੰਧੀ ਜਦੋਂ ਸਬੰਧਿਤ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਸਰੀਰਕ ਪ੍ਰੇਸ਼ਾਨੀ ਕਰ ਕੇ ਇਸ ਮਾਮਲੇ 'ਤੇ ਗੱਲ ਨਹੀਂ ਕਰ ਸਕਦੇ, ਕੱਲ ਇਸ ਸਬੰਧੀ ਗੱਲ ਕੀਤੀ ਜਾ ਸਕਦੀ ਹੈ, ਇਹ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ।
ਇਸ ਸਬੰਧੀ ਇੰਸਪੈਕਟਰ ਜਸਵੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਮਗਰੋਂ ਹੀ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾਵੇਗੀ। 


Related News