ਮਨੀਮਾਜਰਾ ਦੇ ਵਿਅਕਤੀ ਦੇ ਖ਼ਾਤੇ ਵਿਚੋਂ ਕੱਢਵਾਏ 14 ਲੱਖ ਰੁਪਏ
Monday, Jan 19, 2026 - 12:32 PM (IST)
ਚੰਡੀਗੜ੍ਹ (ਸੁਸ਼ੀਲ) : ਨੈੱਟਵਰਕ ਨਾ ਆਉਣ ਕਾਰਨ ਮੋਬਾਇਲ ਸਿੰਮ ਕਾਰਡ ਬਦਲਣਾ ਮਨੀਮਾਜਰਾ ਨਿਵਾਸੀ ਨੂੰ ਮਹਿੰਗਾ ਪੈ ਗਿਆ। ਨਵੇਂ ਸਿੰਮ ਕਾਰਡ ’ਤੇ ਮੈਸੇਜ ਨਾ ਆਉਣ ਦਾ ਫ਼ਾਇਦਾ ਚੁੱਕਦੇ ਹੋਏ ਠੱਗਾਂ ਨੇ 14 ਲੱਖ 97 ਹਜ਼ਾਰ 797 ਰੁਪਏ ਦੀ ਠੱਗੀ ਕਰ ਲਈ। ਜਾਂਚ ’ਚ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਦੋ ਬੈਂਕਾਂ ’ਚ ਟਰਾਂਸਫਰ ਕੀਤੀ ਗਈ ਸੀ। ਸ਼ਿਕਾਇਤਕਰਤਾ ਅਸ਼ਵਨੀ ਸਿੰਗਲਾ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਅਸ਼ਵਨੀ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਮਨੀਮਾਜਰਾ ਨਿਵਾਸੀ ਅਸ਼ਵਨੀ ਸਿੰਗਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਫ਼ੋਨ ’ਚ ਨੈੱਟਵਰਕ ਦੀ ਸਮੱਸਿਆ ਆ ਰਹੀ ਸੀ।
11 ਜਨਵਰੀ ਨੂੰ ਉਹ ਮਨੀਮਾਜਰਾ ’ਚ ਏਅਰਟੈੱਲ ਸ਼ੋਅਰੂਮ ਗਿਆ ਤੇ ਕੰਪਨੀ ਨੇ ਉਨ੍ਹਾਂ ਨੂੰ ਨਵਾਂ ਸਿੰਮ ਦਿੱਤਾ। ਕੰਪਨੀ ਦੇ ਕਰਮਚਾਰੀ ਨੇ ਦੱਸਿਆ ਕਿ ਨਵੇਂ ਸਿਮ ਕਾਰਨ 24 ਘੰਟੇ ਤੱਕ ਐੱਸ. ਐੱਮ. ਐੱਸ. ਨਹੀਂ ਆਉਣਗੇ। 13 ਤੇ 14 ਜਨਵਰੀ ਨੂੰ ਦੁਬਾਰਾ ਫ਼ੋਨ ’ਚ ਨੈੱਟਵਰਕ ਦੀ ਸਮੱਸਿਆ ਆਉਣ ਲੱਗੀ। 15 ਜਨਵਰੀ ਨੂੰ ਉਹ ਦੁਬਾਰਾ ਏਅਰਟੈੱਲ ਸ਼ੋਅਰੂਮ ਗਿਆ ਤੇ ਉਨ੍ਹਾਂ ਨੇ ਸਿੰਮ ਅਤੇ ਫ਼ੋਨ ਚੈੱਕ ਕਰਨ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਇਲ ਫ਼ੋਨ ’ਚ ਕੋਈ ਸਮੱਸਿਆ ਹੋ ਸਕਦੀ ਹੈ ਅਤੇ ਉਹ ਸਿੰਮ ਬਦਲ ਦੇਣਗੇ, ਪਰ ਅਗਲੇ 72 ਘੰਟਿਆਂ ਤੱਕ ਫੋਨ ’ਤੇ ਮੈਨੂੰ ਕੋਈ ਐੱਸ.ਐੱਮ.ਐੱਸ. ਤੇ ਕਾਲ ਨਹੀਂ ਆਵੇਗੀ। ਸ਼ਿਕਾਇਤਕਰਤਾ ਨੇ ਨਵਾਂ ਸਿੰਮ ਕਾਰਡ ਜਾਰੀ ਕਰਵਾ ਲਿਆ।
ਫੋਨ ਚੈੱਕ ਕਰਨ ’ਤੇ 4 ਲੱਖ ਰੁਪਏ ਕੱਢਵਾਉਣ ਦਾ ਮੈਸੇਜ ਮਿਲਿਆ। ਉਹ ਹੈਰਾਨ ਰਹਿ ਗਿਆ। ਉਨ੍ਹਾਂ ਨੇ ਐੱਚ. ਡੀ. ਐੱਫ. ਸੀ. ਬੈਂਕ ਦੇ ਟੋਲ ਫਰੀ ਨੰਬਰ ’ਤੇ ਕਾਲ ਕੀਤੀ। ਬੈਂਕ ਨੇ ਉਨ੍ਹਾਂ ਨੂੰ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਉਨ੍ਹਾਂ ਦੇ ਖ਼ਾਤੇ ਤੋਂ ਲੈਣ-ਦੇਣ ਹੋ ਰਿਹਾ ਹੈ। ਬੈਂਕ ਨੇ ਖ਼ਾਤਾ ਬਲਾਕ ਕਰ ਦਿੱਤਾ। ਜਾਂਚ ਕਰਨ ’ਤੇ ਪਤਾ ਲੱਗਾ ਕਿ ਖ਼ਾਤੇ ’ਚੋਂ 24 ਲੈਣ-ਦੇਣ ਕੀਤੇ ਗਏ ਹਨ ਤੇ 14 ਲੱਖ 97 ਹਜ਼ਾਰ 797 ਰੁਪਏ ਦੂਜੇ ਬੈਂਕਾਂ ’ਚ ਟਰਾਂਸਫਰ ਕੀਤੇ ਗਏ ਹਨ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਜਾਂਚ ਤੋਂ ਬਾਅਦ ਸਾਈਬਰ ਸੈੱਲ ਟੀਮ ਨੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। ਪੁਲਸ ਬੈਂਕ ਖ਼ਾਤੇ ਰਾਹੀਂ ਠੱਗਾਂ ਦੀ ਭਾਲ ਕਰ ਰਹੀ ਹੈ।
