Canada 'ਚ ਪੰਜਾਬੀ ਮੁੰਡੇ ਦੀ ਮੌਤ, ਪਰਿਵਾਰ ਨੇ 18 ਲੱਖ ਦਾ ਕਰਜ਼ਾ ਚੁੱਕ ਵਿਦੇਸ਼ ਤੋਰਿਆ ਸੀ ਇਕਲੌਤਾ ਪੁੱਤ

Monday, Jan 19, 2026 - 03:14 PM (IST)

Canada 'ਚ ਪੰਜਾਬੀ ਮੁੰਡੇ ਦੀ ਮੌਤ, ਪਰਿਵਾਰ ਨੇ 18 ਲੱਖ ਦਾ ਕਰਜ਼ਾ ਚੁੱਕ ਵਿਦੇਸ਼ ਤੋਰਿਆ ਸੀ ਇਕਲੌਤਾ ਪੁੱਤ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁਰਮ ਦੇ 24 ਸਾਲਾ ਨੌਜਵਾਨ ਰਾਜਪ੍ਰੀਤ ਸਿੰਘ ਦੀ ਕੈਨੇਡਾ ਵਿਚ ਮੌਤ ਹੋ ਗਈ। ਇਹ ਮੰਦਭਾਗੀ ਖ਼ਬਰ ਮਿਲਣ ਨਾਲ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 

ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਅਤੇ ਮਾਤਾ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਛੋਟੇ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ। ਆਪਣੇ ਇਕਲੌਤੇ ਪੁੱਤਰ ਦੇ ਸੁਨਹਿਰੇ ਭਵਿੱਖ ਲਈ ਉਨ੍ਹਾਂ ਨੇ ਲਗਭਗ 18 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਅਪ੍ਰੈਲ 2024 ਵਿਚ ਭਾਸ਼ਾ ਪ੍ਰੀਖਿਆ ਕਰਵਾਉਣ ਉਪਰੰਤ ਰਾਜਪ੍ਰੀਤ ਸਿੰਘ ਨੂੰ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜਿਆ ਸੀ। ਰਾਜਪ੍ਰੀਤ ਬਰੈਂਪਟਨ ਸ਼ਹਿਰ ਵਿਚ ਪੜ੍ਹ ਰਿਹਾ ਸੀ ਅਤੇ ਸਰੀ ਸ਼ਹਿਰ ਵਿਚ ਰਹਿ ਰਿਹਾ ਸੀ। ਪਰਿਵਾਰ ਅਨੁਸਾਰ, 17 ਜਨਵਰੀ ਨੂੰ ਵਿਦੇਸ਼ ਤੋਂ ਇਕ ਰਿਸ਼ਤੇਦਾਰ ਦੇ ਫ਼ੋਨ ਰਾਹੀਂ ਇਹ ਮੰਦਭਾਗੀ ਖ਼ਬਰ ਮਿਲੀ ਕਿ ਰਾਜਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਬਾਰੇ ਹਾਲੇ ਤੱਕ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ। 

ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਮੰਗੀ ਮਦਦ

ਮ੍ਰਿਤਕ ਦੇ ਮਾਮਾ ਹਰਜਿੰਦਰ ਸਿੰਘ ਵਾਸੀ ਘਨੌਰ ਨੇ ਦੱਸਿਆ ਕਿ ਪਰਿਵਾਰ ਕੋਲ ਸਿਰਫ਼ ਤਿੰਨ ਏਕੜ ਜ਼ਮੀਨ ਹੈ ਅਤੇ ਰਾਜਪ੍ਰੀਤ ਦਾ ਪਿਤਾ ਕੁਲਵੰਤ ਸਿੰਘ ਇਕ ਨਿੱਜੀ ਸਕੂਲ ਦੀ ਬੱਸ ਚਲਾ ਕੇ ਘਰ ਦਾ ਗੁਜ਼ਾਰਾ ਕਰਦਾ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਪਹਿਲਾਂ ਹੀ ਭਾਰੀ ਕਰਜ਼ੇ ਹੇਠ ਹੈ ਅਤੇ ਹੁਣ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਤੋਂ ਵੀ ਅਸਮਰਥ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਅਪੀਲ ਕੀਤੀ ਹੈ ਕਿ ਰਾਜਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਵਿਦੇਸ਼ ਤੋਂ ਪੰਜਾਬ ਲਿਆਉਣ ਲਈ ਤੁਰੰਤ ਮਦਦ ਕੀਤੀ ਜਾਵੇ। ਇਸ ਦਿਲ ਦਹਲਾ ਦੇਣ ਵਾਲੀ ਘਟਨਾ ਨਾਲ ਪਿੰਡ ਗੁਰਮ ਵਿੱਚ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਿੰਡ ਵਾਸੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।  
 


author

Anmol Tagra

Content Editor

Related News