ਪਰੇਸ਼ਾਨੀ ਦੂਰ ਕਰਨ ਦੇ ਨਾਂ ''ਤੇ ਬਾਬਾ ਬਣ ਠੱਗੇ 27 ਲੱਖ ਰੁਪਏ
Friday, Jan 16, 2026 - 01:55 PM (IST)
ਚੰਡੀਗੜ੍ਹ (ਸੁਸ਼ੀਲ) : ਪਰੇਸ਼ਾਨੀ ਦੂਰ ਕਰਨ ਦੇ ਨਾਂ ’ਤੇ ਠੱਗਾਂ ਨੇ ਬਾਬਾ ਬਣ ਕੇ ਔਰਤ ਤੋਂ 27 ਲੱਖ 10 ਹਜ਼ਾਰ 477 ਰੁਪਏ ਦੀ ਠੱਗ ਕਰ ਲਈ। ਜ਼ਿਆਦਾਤਰ ਪੈਸੇ ਪੂਜਾ, ਹਵਨ ਕਰਨ ਦੇ ਨਾਂ ’ਤੇ ਠੱਗੇ ਗਏ। ਪੈਸੇ ਟਰਾਂਸਫਰ ਕਰਵਾਉਣ ਤੋਂ ਬਾਅਦ ਠੱਗਾਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਠੱਗੀ ਦਾ ਅਹਿਸਾਸ ਹੋਣ ’ਤੇ ਰਾਏਪੁਰ ਖੁਰਦ ਨਿਵਾਸੀ ਰਜਨੀ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਰਜਨੀ ਦੇ ਬਿਆਨਾਂ ’ਤੇ ਠੱਗਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ। ਰਾਏਪੁਰ ਖੁਰਦ ਨਿਵਾਸੀ ਰਜਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਫਰਵਰੀ 2024 ਨੂੰ ਉਹ ਫੇਸਬੁੱਕ ਦੇਖ ਰਹੀ ਸੀ। ਇਸ ਦੌਰਾਨ ਬਾਬਾ ਰਾਮੇਸ਼ਵਰ ਦਾ ਇਸ਼ਤਿਹਾਰ ਦੇਖਿਆ। ਜਿਸ ’ਚ ਲਿਖਿਆ ਸੀ ਕਿ ਤੁਰੰਤ ਪਰੇਸ਼ਾਨੀ ਦੂਰ ਹੋਵੇਗੀ।
ਰਜਨੀ ਨੇ ਇਸ਼ਤਿਹਾਰ ਦੇਖਣ ਤੋਂ ਬਾਅਦ ਬਾਬਾ ਨੂੰ ਫੋਨ ਕੀਤਾ। 13 ਫਰਵਰੀ 2024 ਨੂੰ ਬਾਬਾ ਨੇ 101 ਰੁਪਏ ਖ਼ਾਤੇ ’ਚ ਜਮ੍ਹਾਂ ਕਰਵਾਏ ਤਾਂ ਕਿ ਉਹ ਉਨ੍ਹਾਂ ਦੀ ਪਰੇਸ਼ਾਨੀ ਨੂੰ ਦੇਖ ਸਕੇ। ਇਸ ਤੋਂ ਬਾਅਦ ਬਾਬਾ ਰਾਮੇਸ਼ਵਰ ਹਰ ਵਾਰ ਪੂਜਾ ਅਤੇ ਪਾਠ ਕਰਨ ਦੇ ਨਾਂ ’ਤੇ ਲੱਖਾਂ ਰੁਪਏ ਖਾਤੇ ’ਚ ਟਰਾਂਸਫਰ ਕਰਵਾਉਂਦੇ ਰਹੇ। ਬਾਅਦ ’ਚ ਬਾਬਾ ਰਾਮੇਸ਼ਵਰ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਰਜਨੀ ਨੇ ਪੁਲਸ ਨੂੰ ਦੱਸਿਆ ਕਿ ਪਿਛਲੇ ਇਕ ਸਾਲ ’ਚ 27 ਲੱਖ 10 ਹਜ਼ਾਰ 477 ਰੁਪਏ ਦੀ ਠੱਗੀ ਕਰ ਲਈ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰਕੇ ਅਣਪਛਾਤੇ ਠੱਗਾਂ ’ਤੇ ਮਾਮਲਾ ਦਰਜ ਕੀਤਾ।
