ਵਿਆਹ ਦੀ ਰਿਸੈਪਸ਼ਨ ਦੌਰਾਨ ਲਾੜੇ ਦੀ ਮਾਂ ਦਾ ਪਰਸ ਹੋਇਆ ਗ਼ਾਇਬ, 5 ਤੋਲੇ ਸੋਨਾ ਤੇ 1 ਲੱਖ ਦੀ ਨਕਦੀ ਚੋਰੀ

Monday, Jan 19, 2026 - 08:22 AM (IST)

ਵਿਆਹ ਦੀ ਰਿਸੈਪਸ਼ਨ ਦੌਰਾਨ ਲਾੜੇ ਦੀ ਮਾਂ ਦਾ ਪਰਸ ਹੋਇਆ ਗ਼ਾਇਬ, 5 ਤੋਲੇ ਸੋਨਾ ਤੇ 1 ਲੱਖ ਦੀ ਨਕਦੀ ਚੋਰੀ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਅਧੀਨ ਆਉਂਦੇ ਹੁਸੈਨਪੁਰਾ ਮੋੜ ਨੇੜੇ ਮਲਹੋਤਰਾ ਪੈਲੇਸ ਵਿਖੇ ਵਿਆਹ ਦੀ ਰਿਸੈਪਸ਼ਨ ਦੌਰਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾੜੇ ਦੀ ਮਾਂ ਹੇਮਾ ਦੇਵੀ ਅਤੇ ਉਸ ਦੇ ਪੁੱਤਰ, ਗਿਰੀਸ਼ ਚੰਦਰ ਮਿਸ਼ਰਾ, ਜੋ ਕਿ ਰਸੀਲਾ ਨਗਰ, ਜਮਾਲਪੁਰ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ 17 ਜਨਵਰੀ ਨੂੰ ਮਲਹੋਤਰਾ ਪੈਲੇਸ ਵਿਖੇ ਉਸ ਦੇ ਪੁੱਤਰ ਦੇ ਵਿਆਹ ਦੀ ਰਿਸੈਪਸ਼ਨ ਸੀ। ਰਿਸੈਪਸ਼ਨ ਦੌਰਾਨ ਰਾਤ 11.17 ਵਜੇ ਦੇ ਕਰੀਬ ਇਕ ਅਣਪਛਾਤੇ ਚੋਰ ਨੇ ਉਸ ਦਾ ਪਰਸ ਚੋਰੀ ਕਰ ਲਿਆ। ਜਦੋਂ ਉਸ ਨੇ ਆਪਣਾ ਪਰਸ ਚੈੱਕ ਕੀਤਾ ਤਾਂ ਉਸ ਨੂੰ ਗਾਇਬ ਪਾਇਆ।

ਇਹ ਵੀ ਪੜ੍ਹੋ : ਲੁਧਿਆਣਾ ਕੇਂਦਰੀ ਜੇਲ੍ਹ ਦੇ ਬਾਹਰੋਂ ਫਰਾਰ ਹੋਇਆ ਹਵਾਲਾਤੀ, ਪੁਲਸ ਨੇ ਜਾਲ ਵਿਛਾ ਕੇ ਮੁੜ ਕੀਤਾ ਕਾਬੂ

ਹੇਮਾ ਦੇਵੀ ਨੇ ਦੱਸਿਆ ਕਿ ਉਸ ਦੇ ਪਰਸ ’ਚ 5 ਤੋਲੇ ਸੋਨੇ ਦੇ ਗਹਿਣੇ, 1 ਲੱਖ ਰੁਪਏ ਨਕਦ ਅਤੇ ਰਿਸੈਪਸ਼ਨ ’ਚ ਰਿਸ਼ਤੇਦਾਰਾਂ ਦੁਆਰਾ ਦਿੱਤੇ ਗਏ ਵਿਆਹ ਦੇ ਸ਼ਗਨ ਦੇ ਲਿਫਾਫੇ ਸਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਮਲਹੋਤਰਾ ਪੈਲੇਸ ਦੇ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਦੋਂ ਉਹ ਉਥੇ ਗਈ ਤਾਂ 2 ਚੋਰ ਦੇਖੇ ਗਏ, ਜਿਨ੍ਹਾਂ ਵਿਚ ਇਕ ਚੋਰ ਆਪਣੇ ਦੂਜੇ ਸਾਥੀ ਨੂੰ ਮੋਬਾਈਲ ਫੋਨ ’ਤੇ ਸੂਚਿਤ ਕਰਦਾ ਦੇਖਿਆ ਗਿਆ, ਜਿਸ ਤੋਂ ਬਾਅਦ ਉਸ ਦਾ ਦੂਜਾ ਸਾਥੀ ਪੈਲੇਸ ’ਚੋਂ ਉਸ ਦਾ ਪਰਸ ਲੈ ਕੇ ਭੱਜ ਗਿਆ। ਉਸ ਨੇ ਦੱਸਿਆ ਕਿ ਇਸ ਸਬੰਧ ਵਿਚ ਉਸ ਨੇ ਐਲਡੀਕੋ ਅਸਟੇਟ ਪੁਲਸ ਚੌਕੀ ’ਚ ਸ਼ਿਕਾਇਤ ਦਰਜ ਕਰਵਾਈ ਹੈ। ਜਦੋਂ ਉਕਤ ਮਾਮਲੇ ਸਬੰਧੀ ਚੌਕੀ ਜਾਂਚ ਅਧਿਕਾਰੀ ਜਿੰਦਰ ਲਾਲ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਅੱਜ ਸਵੇਰੇ ਹੀ ਮਿਲੀ ਹੈ।

ਇਹ ਵੀ ਪੜ੍ਹੋ : Railway New Rules: ਟਿਕਟ ਕੈਂਸਲ ਕੀਤੀ ਤਾਂ ਡੁੱਬ ਜਾਵੇਗਾ ਪੂਰਾ ਪੈਸਾ! ਰੇਲਵੇ ਨੇ ਬੰਦ ਕੀਤੀ ਇਹ ਸਹੂਲਤ

ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਪਰਸ ਚੋਰੀ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।


author

Sandeep Kumar

Content Editor

Related News