ਵਿਦੇਸ਼ ਭੇਜਣ ਦੇ ਨਾਂ ’ਤੇ 7 ਲੋਕਾਂ ਨਾਲ 32 ਲੱਖ ਰੁਪਏ ਦੀ ਠੱਗੀ
Saturday, Jan 17, 2026 - 02:10 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-17 ਥਾਣਾ ਪੁਲਸ ਪੰਜਾਬ-ਹਰਿਆਣਾ ਦੇ 7 ਜਣਿਆਂ ਨਾਲ 32 ਲੱਖ 51 ਹਜ਼ਾਰ ਦੀ ਠੱਗੀ ਦੇ ਮਾਮਲੇ ’ਚ ਵਰਲਡ ਵਾਕ ਇਮੀਗ੍ਰੇਸ਼ਨ ਕੰਪਨੀ ਦੇ ਅਨੁਰਾਗ ਗਰਗ ਉਰਫ਼ ਅੰਸ਼ੂ ਤੇ ਹੋਰਨਾਂ ਖ਼ਿਲਾਫ਼ ਦੋ ਐੱਫ. ਆਈ. ਆਰ. ਦਰਜ ਕੀਤੀਆਂ ਹਨ। ਚਮਕੌਰ ਸਾਹਿਬ ਦੇ ਮਨੋਜ ਕੁਮਾਰ, ਬਰਨਾਲਾ ਦੇ ਜਗਦੇਵ ਸਿੰਘ ਤੇ ਕੁਰੂਕਸ਼ੇਤਰ ਦੇ ਸੰਦੀਪ ਕਾਠਪਾਲ ਨੇ ਪੁਲਸ ਸ਼ਿਕਾਇਤ ’ਚ ਦੱਸਿਆ ਕਿ ਤਿੰਨਾਂ ਨੇ ਇਮੀਗ੍ਰੇਸ਼ਨ ਕੰਪਨੀ ਰਾਹੀਂ ਲਕਜ਼ਮਬਰਗ ਜਾਣ ਲਈ 24 ਅਕਤੂਬਰ ਤੱਕ ਇਕ-ਇਕ ਲੱਖ ਰੁਪਏ ਦਿੱਤੇ ਸਨ।
ਦੋਸ਼ ਹੈ ਕਿ ਅਨੁਰਾਗ ਨੇ 40-45 ਦਿਨਾਂ ਅੰਦਰ ਵੀਜ਼ਾ ਲਗਵਾਉਣ ਦੀ ਗੱਲ ਕਹੀ ਸੀ। ਕਾਫੀ ਮਹੀਨਿਆਂ ਤੱਕ ਟਾਲ-ਮਟੋਲ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦੇਣ ਦੀ ਗੱਲ ਕਹਿਣ ’ਤੇ ਨਿਯੁਕਤੀ ਪੱਤਰ ਦਿੱਤੇ ਗਏ। ਦੂਤਾਵਾਸ ਗਏ ਤਾਂ ਪਤਾ ਲੱਗਿਆ ਕਿ ਸਭ ਕੁਝ ਜਾਅਲੀ ਸੀ। ਇਸ ਤੋਂ ਬਾਅਦ ਕੰਪਨੀ ਦੇ ਸਟਾਫ਼ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਉਨ੍ਹਾਂ ਨੇ ਕੁੱਲ 3 ਲੱਖ 66 ਹਜ਼ਾਰ ਰੁਪਏ ਦਿੱਤੇ ਸਨ। ਅੰਮ੍ਰਿਤਸਰ ਵਾਸੀ ਵਿਕਾਸ, ਮਨਿੰਦਰ ਤੇ ਜਸਬੀਰ ਸਿੰਘ ਨੇ ਇਸੇ ਤਰ੍ਹਾਂ ਝਾਂਸੇ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗ ਲਏ। 6 ਜਣਿਆਂ ਤੋਂ ਕੁੱਲ 27 ਲੱਖ 11 ਹਜ਼ਾਰ ਦੀ ਠੱਗੀ ਮਾਰੀ ਗਈ। ਸੈਕਟਰ-17 ਥਾਣਾ ਪੁਲਸ ਨੇ 6 ਸ਼ਿਕਾਇਤਕਰਤਾਵਾਂ ਦੀ ਇਕ ਹੀ ਐੱਫ.ਆਈ.ਆਰ ਦਰਜ ਕੀਤੀ। ਦੂਜੀ ਐੱਫ.ਆਈ.ਐੱਰ. ਕੰਪਨੀ ਖ਼ਿਲਾਫ਼ ਸਿਰਸਾ ਵਾਸੀ ਪ੍ਰਤਾਪ ਸਿੰਘ ਨੇ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮੁਲਜ਼ਮਾਂ ਨੇ 5 ਲੱਖ 40 ਹਜ਼ਾਰ ਰੁਪਏ ਠੱਗ ਲਏ।
