ਵਿਧਵਾ ਔਰਤ ਦਾ ਡਿੱਗਿਆ ਮਕਾਨ, ਖੁੱਲ੍ਹੇ ਅਸਮਾਨ ''ਚ ਰਹਿਣ ਲਈ ਮਜਬੂਰ

07/16/2017 10:10:24 AM


ਮੰਡੀ ਘੁਬਾਇਆ(ਕੁਲਵੰਤ)— ਪਿੰਡ ਮੋਹਰ ਸਿੰਘ ਵਾਲਾ 'ਚ ਬੀਤੇ ਦਿਨੀਂ ਇਕ ਗ਼ਰੀਬ ਵਿਧਵਾ ਔਰਤ ਦਾ ਮਕਾਨ ਡਿੱਗ ਪਿਆ, ਜਿਸ ਕਾਰਨ ਉਹ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਸਰਕਾਰ ਜਲਦ ਤੋਂ ਜਲਦ ਮਾਲੀ ਸਹਾਇਤਾ ਦੇਵੇ, ਤਾਂ ਜੋ ਉਹ ਆਪਣੇ ਬੱਚਿਆਂ ਨੂੰ ਪਾਲ ਸਕੇ।
ਜਾਣਕਾਰੀ ਦਿੰਦੇ ਹੋਏ ਪਿੰਡ ਮੋਹਰ ਸਿੰਘ ਵਾਲਾ ਵਾਸੀ ਪਿਆਰੋ ਬਾਈ ਪਤਨੀ ਜਗੀਰ ਸਿੰਘ ਨੇ ਦੱਸਿਆ ਕਿ ਉਸ ਦਾ ਇਕ ਪੱਕਾ ਤੇ ਇਕ ਕੱਚਾ ਮਕਾਨ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਣ ਨਾਲ ਰਿਹਾਇਸ਼ ਵਾਲਾ ਪੱਕਾ ਮਕਾਨ ਡਿੱਗ ਪਿਆ ਤੇ ਉਹ ਉਸ ਤੋਂ ਬਾਅਦ ਆਪਣੀਆਂ ਦੋਹਤੀਆਂ ਸਮੇਤ ਕੱਚੇ ਮਕਾਨ 'ਚ ਗੁਜ਼ਾਰਾ ਕਰ ਰਹੀ ਸੀ ਪਰ ਇਹ ਵੀ ਬੀਤੇ ਦਿਨ ਮੀਂਹ ਪੈਣ ਨਾਲ ਡਿੱਗ ਪਿਆ, ਜਿਸ ਕਾਰਨ ਉਨ੍ਹਾਂ ਕੋਲ ਮੀਂਹ ਤੋਂ ਬਚਣ ਲਈ ਕੋਈ ਸਹਾਰਾ ਬਾਕੀ ਨਹੀਂ ਰਿਹਾ। ਕੱਚਾ ਮਕਾਨ ਡਿੱਗਣ ਨਾਲ ਉਸਦਾ ਮਾਲੀ ਨੁਕਸਾਨ ਵੀ ਹੋ ਗਿਆ, ਜਦੋਂ ਕਿ ਉਹ ਪਹਿਲਾਂ ਹੀ ਮਿਹਨਤ-ਮਜ਼ਦੂਰੀ ਕਰਕੇ ਮਸਾਂ ਗੁਜ਼ਾਰਾ ਕਰ ਰਹੀ ਸੀ। ਉਸ ਨੇ ਪੰਜਾਬ ਸਰਕਾਰ ਤੇ ਉੱਚ-ਅਧਿਕਾਰੀਆ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਕ ਪੱਕਾ ਮਕਾਨ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ, ਤਾਂ ਜੋ ਉਹ ਆਪਣੇ ਸਿਰ ਢੱਕਣ ਲਈ ਇਕ ਪੱਕਾ ਮਕਾਨ ਬਣਾ ਸਕੇ।


Related News