ਭਿਆਨਕ ਹਾਦਸੇ ’ਚ ਔਰਤ ਦੀ ਮੌਤ, ਦੋ ਜ਼ਖਮੀ
Wednesday, May 15, 2024 - 06:15 PM (IST)
ਮੋਗਾ (ਆਜ਼ਾਦ) : ਅੱਜ ਬਾਅਦ ਦੁਪਹਿਰ ਜੀ.ਟੀ ਰੋਡ ’ਤੇ ਟਰੱਕ-ਟਰਾਲੇ ਹੇਠਾਂ ਆਉਣ ਕਾਰਨ ਮੋਟਰ ਸਾਈਕਲ ਸਵਾਰ ਖੁਸ਼ਪ੍ਰੀਤ ਕੌਰ (35) ਨਿਵਾਸੀ ਪਿੰਡ ਖੋਸਾ ਦਲ ਸਿੰਘ ਵਾਲਾ ਦੀ ਮੌਤ ਹੋ ਗਈ, ਜਦਕਿ ਉਸਦੀ ਮਾਤਾ ਨਸੀਬ ਕੌਰ ਅਤੇ ਭਰਾ ਨਿੱਕਾ ਨਿਵਾਸੀ ਦੌਲਤਪੁਰਾ ਉਚਾ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ ਪਾਸ ਦਾ ਨਿਰੀਖਣ ਕੀਤਾ ਅਤੇ ਲੋਕਾਂ ਤੋਂ ਪੁੱਛਗਿੱਛ ਕਰਨ ਉਪਰੰਤ ਟਰੱਕ ਟਰਾਲੇ ਨੂੰ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਨਿੱਕਾ ਆਪਣੀ ਭੈਣ ਖੁਸ਼ਪ੍ਰੀਤ ਕੌਰ ਅਤੇ ਮਾਤਾ ਨਸੀਬ ਕੌਰ ਦੇ ਨਾਲ ਆਪਣੀ ਭੈਣ ਸੋਨੀਆ ਨਿਵਾਸੀ ਬੁੱਕਣ ਵਾਲਾ ਰੋਡ ਮੋਗਾ ਦੇ ਘਰੋਂ ਉਨ੍ਹਾਂ ਦਾ ਮੋਟਰ ਸਾਈਕਲ ਲੈਕੇ ਪਿੰਡ ਜਾ ਰਹੇ ਸੀ।
ਇਸ ਦੌਰਾਨ ਜਦੋਂ ਉਹ ਨੈਸਲੇ ਡੇਅਰੀ ਦੇ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਟਰਾਲੇ ਨੇ ਉਨ੍ਹਾਂ ਨੂੰ ਟੱਕਰ ਮਾਰੀ, ਇਸ ਹਾਦਸੇ ਵਿਚ ਖੁਸ਼ਪ੍ਰੀਤ ਕੌਰ ਦੀ ਟਰੱਕ ਦੇ ਹੇਠਾਂ ਆਉਣ ਕਾਰਣ ਮੌਤ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਮ੍ਰਿਤਕਾ ਇਕ ਬੇਟੇ ਦੀ ਮਾਂ ਹੈ ਅਤੇ ਉਹ ਆਪਣੀ ਭੈਣ ਨੂੰ ਮਿਲਣ ਦੇ ਲਈ ਮੋਗਾ ਆਈ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।