ਔਰਤ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਪਤੀ ਗ੍ਰਿਫ਼ਤਾਰ

Thursday, May 16, 2024 - 03:49 PM (IST)

ਔਰਤ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਪਤੀ ਗ੍ਰਿਫ਼ਤਾਰ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਔਰਤ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ’ਚ ਪੁਲਸ ਨੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਬਰਨਾਲਾ ਦੇ ਪੁਲਸ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਗੌਰਖ ਸਿੰਘ ਵਾਸੀ ਦਿਆਲਪੁਰ ਭਾਈਕਾ ਜ਼ਿਲ੍ਹਾ ਬਠਿੰਡਾ ਨੇ ਬਿਆਨ ਦਰਜ ਕਰਵਾਏ ਕਿ ਮੇਰੀ ਛੋਟੀ ਲੜਕੀ ਸੁਰਜੀਤ ਕੌਰ ਤਿੰਨ ਸਾਲਾਂ ਤੋਂ ਚਮਕੌਰ ਸਿੰਘ ਵਾਸੀ ਹੰਡਿਆਇਆ ਨਾਲ ਵਿਆਹੀ ਹੋਈ ਸੀ।

ਮੇਰਾ ਜਵਾਈ ਚਮਕੌਰ ਸਿੰਘ ਸ਼ਰਾਬ ਪੀ ਕੇ ਮੇਰੀ ਧੀ ਦੀ ਕੁੱਟਮਾਰ ਕਰਦਾ ਸੀ, 11 ਮਈ ਨੂੰ ਮੇਰੀ ਧੀ ਨੇ ਮੈਨੂੰ ਦੱਸਿਆ ਕਿ ਚਮਕੌਰ ਸਿੰਘ ਨੇ ਸ਼ਰਾਬ ਪੀ ਕੇ ਮੇਰੀ ਕੁੱਟਮਾਰ ਕੀਤੀ ਹੈ ਅਤੇ ਮੈਨੂੰ ਘਰੋਂ ਬਾਹਰ ਕੱਢ ਰਿਹਾ ਹੈ। ਮੈਂ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਹੰਡਿਆਏ ਆਇਆ ਅਤੇ ਚਮਕੌਰ ਸਿੰਘ ਨੂੰ ਸਮਝਾ ਕੇ ਚਲੇ ਗਏ। ਫਿਰ 13 ਮਈ ਨੂੰ ਦੁਪਹਿਰ 2 ਵਜੇ ਫੋਨ ਆਇਆ ਕਿ ਸੁਰਜੀਤ ਕੌਰ ਠੀਕ ਨਹੀਂ, ਜਦੋਂ ਅਸੀਂ ਹੰਡਿਆਏ ਪੁੱਜੇ ਤਾਂ ਮੇਰੀ ਧੀ ਦੀ ਮੌਤ ਹੋ ਚੁੱਕੀ ਸੀ। ਮੇਰੀ ਧੀ ਨੇ ਚਮਕੌਰ ਸਿੰਘ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕੀਤੀ ਹੈ। ਮੁੱਦਈ ਦੇ ਬਿਆਨਾਂ ਦੇ ਆਧਾਰ ’ਤੇ ਚਮਕੌਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।


author

Babita

Content Editor

Related News