ਚੈੱਕ ਬਾਊਂਸ ਮਾਮਲੇ ’ਚ ਔਰਤ ਨੂੰ 3 ਮਹੀਨੇ ਦੀ ਸਜ਼ਾ
Monday, May 06, 2024 - 02:28 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਚੈੱਕ ਬਾਊਂਸ ਮਾਮਲੇ ’ਚ ਔਰਤ ਨੂੰ ਦੋਸ਼ੀ ਕਰਾਰ ਦਿੰਦੇ ਹੋਏ 3 ਮਹੀਨੇ ਦੀ ਸਜ਼ਾ ਸੁਣਾਈ ਹੈ। ਨਾਲ ਹੀ ਚੈੱਕ ਦੀ ਰਕਮ 3.40 ਲੱਖ ਰੁਪਏ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਮੁਲਜ਼ਮ ਔਰਤ ਦੀ ਪਛਾਣ ਪੂਜਾ ਮਹਾਜਨ ਨਿਵਾਸੀ ਸੰਨੀ ਇਨਕਲੇਵ ਮੋਹਾਲੀ ਦੇ ਰੂਪ ’ਚ ਹੋਈ ਹੈ।
ਸ਼ਿਕਾਇਤਕਰਤਾ ਸੈਕਟਰ-15 ਏ ਨਿਵਾਸੀ ਕੇ. ਸੀ. ਗੁਪਤਾ ਨੇ ਪੂਜਾ ਮਹਾਜਨ ਖ਼ਿਲਾਫ਼ ਜ਼ਿਲ੍ਹਾ ਅਦਾਲਤ ’ਚ ਚੈੱਕ ਬਾਊਂਸ ਦਾ ਮਾਮਲਾ ਦਾਇਰ ਕੀਤਾ ਸੀ। ਸ਼ਿਕਾਇਤਕਰਤਾ ਗੁਪਤਾ ਨੇ ਦੱਸਿਆ ਕਿ ਸੈਕਟਰ-42ਬੀ, ਸਥਿਤ ਐੱਸ. ਸੀ. ਓ. ਦੀ ਦੂਜੀ ਮੰਜ਼ਿਲ ਦੇ ਮਾਲਕ ਹੈ। ਉਨ੍ਹਾਂ ਨੇ ਐੱਸ. ਸੀ. ਓ. ਨੂੰ 5 ਜਨਵਰੀ 2021 ਨੂੰ ਲੀਜ਼ ’ਤੇ ਦਿੱਤਾ ਸੀ।
ਔਰਤ ਨੇ ਕਿਰਾਇਆ ਦੇਣ ਲਈ ਅਗਸਤ 2021 ਤੋਂ ਲੈ ਕੇ ਨਵੰਬਰ 2021 ਤੱਕ ਦੇ 85-85 ਹਜ਼ਾਰ ਦੇ ਚਾਰ ਚੈੱਕ ਦਿੱਤੇ ਤੇ ਕਬਜ਼ਾ ਲੈ ਲਿਆ ਸੀ। ਸ਼ਿਕਾਇਤਕਰਤਾ ਨੇ ਚੈੱਕ ਬੈਂਕ ’ਚ ਲਾਏ ਤਾਂ ਫੰਡ ਨਾ ਹੋਣ ਕਾਰਨ ਬਾਊਂਸ ਹੋ ਗਏ। ਸ਼ਿਕਾਇਤਕਰਤਾ ਨੇ ਔਰਤ ਨੂੰ ਲੀਗਲ ਨੋਟਿਸ ਭੇਜਣ ਤੋਂ ਬਾਅਦ ਅਦਾਲਤ ’ਚ ਚੈੱਕ ਬਾਊਂਸ ਦਾ ਮਾਮਲਾ ਦਾਇਰ ਕੀਤਾ ਸੀ।