ਲੁੱਟ-ਖੋਹ ਕਰਨ ਵਾਲੇ ਅਜੇ ਵੀ ਪੁਲਸ ਦੀ ਪਹੁੰਚ ਤੋਂ ਦੂਰ

01/20/2018 2:48:08 AM

ਗੁਰਦਾਸਪੁਰ, (ਦੀਪਕ)- ਸ਼ਹਿਰ 'ਚ ਵਾਪਰੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਜੇ ਵੀ ਪੁਲਸ ਦੀ ਪਹੁੰਚ ਤੋਂ ਦੂਰ ਹਨ ਪਰ ਸ਼ਹਿਰ ਵਾਸੀਆਂ 'ਚ ਇਨ੍ਹਾਂ ਵਾਰਦਾਤਾਂ ਕਾਰਨ ਅੱਜ ਵੀ ਦਹਿਸ਼ਤ ਹੈ।
ਕੁਝ ਮਹੀਨਿਆਂ 'ਚ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਲਗਾਤਾਰ 4 ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਪਰ ਹੈਰਾਨੀ ਦੀ ਗੱਲ ਹੈ ਕਿ ਲੁਟੇਰਿਆਂ ਨੂੰ ਫੜਨ 'ਚ ਪੁਲਸ ਫੇਲ ਸਾਬਿਤ ਹੋਈ। ਵਾਰਦਾਤ ਤੋਂ ਬਾਅਦ ਲੁਟੇਰੇ ਇਕਦਮ ਗਾਇਬ ਹੋ ਜਾਂਦੇ ਹਨ ਤੇ ਪੁਲਸ ਸਿਰਫ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਫੁਟੇਜਿਜ਼ ਹੀ ਖੰਗਾਲਦੀ ਰਹਿੰਦੀ ਹੈ ਪਰ ਹੱਥ ਕੁਝ ਨਹੀਂ ਆਉਂਦਾ।
ਦੱਸਣਯੋਗ ਹੈ ਕਿ ਸ਼ਹਿਰ 'ਚ ਸਭ ਤੋਂ ਪਹਿਲੀ ਘਟਨਾ ਗੁਰਦਾਸਪੁਰ ਦੇ ਮੰਡੀ ਚੌਕ 'ਚ ਵਾਪਰੀ ਸੀ, ਜਿਥੇ ਸਰਦਾਰੀ ਲਾਲ ਫੰੰਡ ਕੰਪਨੀ ਦੇ ਮੁਲਾਜ਼ਮ ਮੁਨੀਮ ਤੋਂ ਪਿਸਤੌਲ ਦੀ ਨੋਕ 'ਤੇ 3 ਲੱਖ ਰੁਪਏ ਲੁੱਟ ਲਏ ਗਏ ਸਨ। ਦੂਜੀ ਘਟਨਾ 'ਚ ਸ਼ਹਿਰ ਦੀ ਮਿਹਰ ਚੰਦ ਰੋਡ 'ਤੇ ਇਕ ਛੋਟੇ ਬੱਚੇ ਦੀ ਧੌਣ 'ਤੇ ਦਾਤ ਰੱਖ ਕੇ ਉਸ ਦੀ ਮਾਂ ਕੋਲੋਂ ਪੈਸੇ ਤੇ ਸੋਨੇ ਦੇ ਗਹਿਣੇ ਲੁੱਟ ਲਏ ਗਏ ਸਨ। ਇਸੇ ਤਰ੍ਹਾਂ ਤੀਜੀ ਘਟਨਾ 'ਚ ਮਹਾਜਨ ਫਾਈਨਾਂਸਰ ਦੇ ਘਰੋਂ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਦੇ ਕਰਮਚਾਰੀ ਦੁਕਾਨ 'ਤੇ ਜਾ ਰਹੇ ਸਨ ਕਿ ਰਸਤੇ 'ਚ ਰਾਮ ਕਾਲੋਨੀ ਦੀ ਮੇਨ ਗਲੀ 'ਚ ਪਿਸਤੌਲ ਦੀ ਨੋਕ 'ਤੇ ਨਕਾਬਪੋਸ਼ ਲੁਟੇਰਿਆਂ ਵੱਲੋਂ 2 ਲੱਖ 11 ਹਜ਼ਾਰ ਰੁਪਏ ਲੁੱਟੇ ਗਏ ਸਨ।
ਅਜਿਹੀਆਂ ਵਾਰਦਾਤਾਂ ਵਧਣ ਨਾਲ ਸ਼ਹਿਰ ਵਾਸੀ ਸੁਰੱਖਿਅਤ ਨਹੀਂ
ਇਸ ਸੰਬੰਧੀ ਸ਼ਹਿਰ ਵਾਸੀ ਉਮ ਪ੍ਰਕਾਸ਼ ਸ਼ਰਮਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੁਝ ਮਹੀਨਿਆਂ ਤੋਂ ਸ਼ਹਿਰ 'ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਵਾਧਾ ਹੋਇਆ ਹੈ, ਇਸ ਤੋਂ ਜ਼ਾਹਿਰ ਹੈ ਕਿ ਸ਼ਹਿਰ ਵਾਸੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਸਖ਼ਤ ਰੁਖ਼ ਅਪਣਾਵੇ।
ਸ਼ਹਿਰ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ
ਇਸ ਸੰਬੰਧੀ ਸ਼ਹਿਰ ਦੇ ਵਾਸੀ ਤੇ ਵਪਾਰੀ ਅਜੇ ਮਹਾਜਨ ਦਾ ਕਹਿਣਾ ਹੈ ਕਿ ਸ਼ਹਿਰ 'ਚ ਦਿਨ-ਬ-ਦਿਨ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ। ਹਰ ਵਪਾਰੀ ਸ਼ਹਿਰ 'ਚ ਰੋਜ਼ਾਨਾ ਆਪਣੇ ਕੰਮ ਨੂੰ ਵਧਾਉਣ ਲਈ ਪੈਸਿਆਂ ਦਾ ਲੈਣ-ਦੇਣ ਕਰਦਾ ਹੈ ਪਰ ਜਿਸ ਤਰ੍ਹਾਂ ਲੁੱਟ-ਖੋਹ ਦੀਆਂ ਵਾਰਦਾਤਾਂ ਵਧ ਰਹੀਆਂ ਹਨ, ਇਸ ਨਾਲ ਹਰ ਵਪਾਰੀ ਦੇ ਮਨ 'ਚ ਡਰ ਹੈ, ਇਸ ਲਈ ਪੁਲਸ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।
ਚੋਰੀ ਹੋਈ 1 ਲੱਖ 5 ਹਜ਼ਾਰ ਦੀ ਨਕਦੀ ਤੇ 7 ਦੋਪਹੀਆ ਵਾਹਨ ਕੀਤੇ ਬਰਾਮਦ : ਸ਼ਾਮ ਲਾਲ
ਇਸ ਸੰਬੰਧੀ ਥਾਣਾ ਸਿਟੀ ਦੇ ਮੁਖੀ ਸ਼ਾਮ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸੇ ਮਹੀਨੇ 1 ਲੱਖ 5 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਚੋਰੀ ਹੋਏ ਦੋਪਹੀਆ ਵਾਹਨਾਂ 'ਚੋਂ 7 ਬਰਾਮਦ ਕੀਤੇ ਗਏ ਹਨ, ਜਿਨ੍ਹਾਂ 'ਚ ਇਕ ਸਕੂਟਰ, ਇਕ ਐਕਟਿਵਾ ਤੇ 5 ਮੋਟਰਸਾਈਕਲ ਹਨ। ਜਲਦ ਹੀ ਲੁਟੇਰੇ ਪੁਲਸ ਦੀ ਗ੍ਰਿਫਤ 'ਚ ਹੋਣਗੇ। ਰਾਤ ਨੂੰ ਵੀ ਗਸ਼ਤ ਵਧਾ ਦਿੱਤੀ ਗਈ ਹੈ।


Related News