ਡਿਜੀਟਲ ਅਰੈਸਟ ਕਰਕੇ 85 ਲੱਖ ਦੀ ਠੱਗੀ ਕਰਨ ਵਾਲੇ ਨੌਜਵਾਨ ਇੰਦੌਰ ਤੋਂ ਕਾਬੂ
Tuesday, Dec 23, 2025 - 12:45 PM (IST)
ਚੰਡੀਗੜ੍ਹ (ਸੁਸ਼ੀਲ) : ਮਨੀ ਲਾਂਡਰਿੰਗ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਵਿਅਕਤੀ ਨੂੰ ਡਿਜੀਟਲ ਅਰੈਸਟ ਕਰ 85 ਲੱਖ ਦੀ ਠੱਗੀ ਕਰਨ ਵਾਲੇ ਮੁਲਜ਼ਮ ਨੂੰ ਸਾਈਬਰ ਸੈੱਲ ਨੇ ਇੰਦੌਰ ਤੋਂ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਇੰਦੌਰ ਵਾਸੀ ਅੰਕਿਤ ਗੁਪਤਾ ਵਜੋਂ ਹੋਈ ਹੈ। ਸ਼ਿਕਾਇਤਕਰਤਾ ਵਿਅਕਤੀ ਨੂੰ ਲਗਾਤਾਰ ਅਣਪਛਾਤੇ ਨੰਬਰਾਂ ਤੋਂ ਫ਼ੋਨ ਕਾਲਾਂ ਆਈਆਂ। ਕਾਲ ਕਰਨ ਵਾਲਿਆਂ ਨੇ ਖੁਦ ਨੂੰ ਟਰਾਈ, ਆਈ. ਸੀ. ਆਈ. ਸੀ. ਆਈ. ਬੈਂਕ ਤੇ ਵਿਜੀਲੈਂਸ ਅਧਿਕਾਰੀ ਦੱਸ ਕੇ ਗੱਲ ਕੀਤੀ।
ਮੁਲਜ਼ਮਾਂ ਨੇ ਫਰਜ਼ੀ ਮਨੀ ਲਾਂਡਰਿੰਗ ਕੇਸ ’ਚ ਫਸਾਉਣ ਤੇ ਡਿਜੀਟਲ ਅਰੈਸਟ ਦੀ ਧਮਕੀ ਦਿੱਤੀ। ਡਰ ਤੇ ਧੋਖਾਧੜੀ ਕਾਰਨ ਸ਼ਿਕਾਇਤਕਰਤਾ ਨੇ ਮੁਲਜ਼ਮਾਂ ਵੱਲੋਂ ਦੱਸੇ ਵੱਖ-ਵੱਖ ਬੈਂਕ ਖ਼ਾਤਿਆਂ ’ਚ ਕਈ ਵਾਰ ਪੈਸੇ ਟਰਾਂਸਫਰ ਕੀਤੇ। ਇਸ ਤਰ੍ਹਾਂ ਕੁੱਲ 85 ਲੱਖ ਰੁਪਏ ਦੀ ਠੱਗੀ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਠੱਗੀ ਦੀ ਰਕਮ ’ਚੋਂ 39 ਲੱਖ ਤੇ 11 ਲੱਖ ਰੁਪਏ ਬੈਂਕ ਆਫ਼ ਬੜੌਦਾ ਦੇ ਖਾਤੇ ’ਚ ਜਮ੍ਹਾਂ ਹੋਏ ਸਨ। ਇਹ ਖ਼ਾਤਾ ਮੁਲਜ਼ਮ ਅੰਕਿਤ ਗੁਪਤਾ ਦੇ ਨਾਮ ’ਤੇ ਪਾਇਆ ਗਿਆ। ਸਾਈਬਰ ਕ੍ਰਾਈਮ ਪੁਲਸ ਟੀਮ ਨੇ ਸਥਾਨਕ ਪੁਲਸ ਦੀ ਸਹਾਇਤਾ ਨਾਲ ਇੰਦੌਰ ’ਚ ਛਾਪਾ ਮਾਰ ਕੇ ਮੁਲਜ਼ਮ ਅੰਕਿਤ ਗੁਪਤਾ ਨੂੰ ਉੱਜੈਨ ਰੋਡ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਬੈਂਕ ਆਫ਼ ਬੜੌਦਾ ਖਾਤੇ ਦੀ ਚੈੱਕਬੁੱਕ ਜ਼ਬਤ ਹੋਈ।
