ਨਵੀਨ ਅਰੋੜਾ ਦੇ ਕਤਲ ਦੇ ਮੁੱਖ ਦੋਸ਼ੀ ਅਜੇ ਵੀ ਪੁਲਸ ਦੀ ਪਹੁੰਚ ਤੋਂ ਦੂਰ

Thursday, Dec 11, 2025 - 01:24 PM (IST)

ਨਵੀਨ ਅਰੋੜਾ ਦੇ ਕਤਲ ਦੇ ਮੁੱਖ ਦੋਸ਼ੀ ਅਜੇ ਵੀ ਪੁਲਸ ਦੀ ਪਹੁੰਚ ਤੋਂ ਦੂਰ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਸੀਨੀਅਰ ਆਰ. ਐੱਸ. ਐੱਸ. ਵਰਕਰ ਬਲਦੇਵ ਕ੍ਰਿਸ਼ਨ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ 15 ਨਵੰਬਰ ਦੀ ਸ਼ਾਮ ਨੂੰ ਸ਼ਹਿਰ ਦੇ ਮੋਚੀ ਬਾਜ਼ਾਰ ਏਰੀਆ ’ਚ ਯੂਕੋ ਬੈਂਕ ਨੇੜੇ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਫਿਰੋਜ਼ਪੁਰ ਪੁਲਸ ਨੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਸ ਮਾਮਲੇ ’ਚ ਪੂਰੀ ਮਿਹਨਤ ਕਰਦੇ ਹਰਸ਼ ਅਤੇ ਕਨਵ ਵਾਸੀ ਬਸਤੀ ਭੱਟੀਆਂ ਵਾਲੀ, ਫਿਰੋਜ਼ਪੁਰ ਸ਼ਹਿਰ ਨੂੰ ਗ੍ਰਿਫਤਾਰ ਕਰ ਲਿਆ ਸੀ ਜਦ ਕਿ ਜਤਿਨ ਉਰਫ ਕਾਲੀ ਨੇ ਜਦ ਪੁਲਸ ’ਤੇ ਗੋਲੀਆਂ ਚਲਾਈਆਂ ਤਾਂ ਜਵਾਬੀ ਕਾਰਵਾਈ ’ਚ ਉਹ ਪੁਲਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਸੀ। ਉਸ ਦੇ ਬਾਅਦ ਇਸ ਕਤਲਕਾਂਡ ਦੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਬਾਦਲ ਨੂੰ ਛੁਡਾਉਣ ਲਈ ਜਦ ਉਸ ਦੇ ਦੋ ਸਾਥੀਆਂ ਰਾਜੂ ਅਤੇ ਸੋਨੂੰ ਨੇ ਪੁਲਸ ’ਤੇ ਗੋਲੀਆਂ ਚਲਾਈਆਂ ਅਤੇ ਪੁਲਸ ਦੇ ਇਕ ਹੌਲਦਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਤਾਂ ਜਵਾਬ ਕਾਰਵਾਈ ’ਚ ਕਰਾਸ ਫਾਇਰਿੰਗ ਦੌਰਾਨ ਬਾਦਲ ਦੀ ਐਨਕਾਊਂਟਰ ’ਚ ਮੌਤ ਹੋ ਗਈ।

ਉਸ ਤੋਂ ਬਾਅਦ ਪੁਲਸ ਵੱਲੋਂ ਜਗਦੀਪ ਸਿੰਘ ਉਰਫ ਜੱਗੂ ਵਾਸੀ ਬਾਘਾਪੁਰਾਣਾ ਨੂੰ ਗ੍ਰਿਫਤਾਰ ਕੀਤਾ ਸੀ ਪਰ ਉਸ ਤੋਂ ਪੁੱਛ-ਗਿੱਛ ਦੌਰਾਨ ਵੀ ਕੋਈ ਠੋਸ ਜਾਣਕਾਰੀ ਨਹੀਂ ਲੱਗੀ। ਨਵੀਨ ਅਰੋੜਾ ਕਤਲ ਦੇ ਸਾਰੇ ਦੋਸ਼ੀਆਂ ਦਾ 25 ਦਿਨ ਬੀਤ ਜਾਣ ’ਤੇ ਵੀ ਫੜੇ ਨਾ ਜਾਣ ਅਤੇ ਉਸ ਦੇ ਕਤਲ ਦੇ ਕਾਰਨਾਂ ਦਾ ਲੋਕਾਂ ਦੇ ਸਾਹਮਣੇ ਨਾ ਲਿਆਇਆ ਜਾਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਇਸ ਸਮੇਂ ਜ਼ੋਰਾਵਰ ਸਿੰਘ, ਗੋਲਡੀ, ਰਾਜੂ, ਸੋਨੂੰ ਅਤੇ ਜਲੰਧਰ ਦਾ ਨਛੱਤਰ ਸਿੰਘ ਪੁਲਸ ਦੇ ਰਾਡਾਰ ’ਤੇ ਹਨ।

ਇਸ ਮਾਮਲੇ ਨੂੰ ਲੈ ਕੇ ਨੌਜਵਾਨ ਭਾਜਪਾ ਨੇਤਾ ਇੰਦਰਾ ਗੁਪਤਾ ਨੇ ਕਿਹਾ ਕਿ ਸਾਰੇ ਕਾਤਲਾਂ ਦਾ 25 ਦਿਨਾਂ ਬਾਅਦ ਫੜੇ ਨਾ ਜਾਣਾ ਬਹੁਤ ਚਿੰਤਾ ਦਾ ਵਿਸ਼ਾ ਹੈ। ਪੰਜਾਬ ਸਰਕਾਰ ਪੰਜਾਬ ’ਚ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਹਿੰਦੂਆਂ ਅਤੇ ਵਪਾਰੀਆਂ ਦੀ ਰੱਖਿਆ ਕਰਨ ’ਚ ਫੇਲ ਹੋ ਚੁੱਕੀ ਹੈ ਤੇ ਪੰਜਾਬ ’ਚ ਜੰਗਲਰਾਜ ਬਣਦਾ ਜਾ ਰਿਹਾ ਹੈ।


author

Gurminder Singh

Content Editor

Related News