''ਸ਼ੀਸ਼ ਮਹਿਲ'' ਦੀ ਮਾੜੀ ਹਾਲਤ ਦੇਖ ਸੈਲਾਨੀ ਪਰਤ ਰਹੇ ਹਨ ਨਿਰਾਸ਼

Monday, Jun 11, 2018 - 01:01 AM (IST)

ਪਟਿਆਲਾ/ਰੱਖੜਾ, (ਰਾਣਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੀ ਵਿਰਾਸਤ ਸਾਂਭੀ ਬੈਠਾ ਸ਼ੀਸ਼ ਮਹਿਲ ਜੋ ਕਿਸੇ ਸਮੇਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਮੰਨਿਆ ਜਾਂਦਾ ਸੀ, ਹੁਣ ਕਾਂਗਰਸ ਦੀ ਆਪਣੀ ਸਰਕਾਰ ਵਿਚ ਹੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਸ਼ੀਸ਼ ਮਹਿਲ ਅੰਦਰ ਨਾ ਪਾਣੀ ਦੀ ਸਹੀ ਵਿਵਸਥਾ ਹੈ, ਨਾ ਸਾਫ ਬਾਥਰੂਮ ਤੇ ਨਾ ਹੀ ਦਰੱਖਤਾਂ ਦੀ ਛਾਂ ਹੈ। ਸਿਰਫ ਕਾਂ ਹੀ ਕਰਦੇ ਹਨ 'ਕਾਂ-ਕਾਂ।' ਇਤਿਹਾਸਕ ਵਿਰਾਸਤੀ ਇਮਾਰਤ ਨੂੰ ਦੇਖਣ ਲਈ ਦੇਸ਼-ਵਿਦੇਸ਼ਾਂ ਵਿਚੋਂ ਸੈਲਾਨੀਆਂ ਨੂੰ ਨਿਰਾਸ਼ ਵਾਪਸ ਪਰਤਣਾ ਪੈ ਰਿਹਾ ਹੈ। ਭਾਵੇਂ ਕਿ ਕਾਂਗਰਸ ਸਰਕਾਰ ਆਰਟ ਐਂਡ ਕਰਾਫਟ ਮੇਲੇ ਲਾਉਣ ਸਮੇਂ ਲਿੱਪਾ-ਪੋਚੀ ਕਰ ਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਾਉਣਾ ਚਾਹੁੰਦੀ ਸੀ, ਜੋ ਕਿ ਬੁਰੀ ਤਰ੍ਹਾਂ ਫੇਲ ਸਾਬਤ ਹੋਇਆ ਹੈ। ਇਕ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਸ ਵਿਚਲੀ ਆਰਟ ਗੈਲਰੀ ਅਤੇ ਸ਼ੀਸ਼ ਮਹਿਲ ਦੀ ਦਿੱਖ ਨੂੰ ਸੰਵਾਰਿਆ ਨਹੀਂ ਗਿਆ। ਭਾਵੇਂ ਕਿ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਮਾਮਲਿਆਂ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਵੀ ਇਹ ਜੱਦੀ ਸ਼ਹਿਰ ਹੈ ਪਰ ਉਹ ਵੀ ਇਸ ਵਿਰਾਸਤੀ ਇਮਾਰਤ ਦਾ ਮੂੰਹ-ਮੱਥਾ ਸੰਵਾਰਨ ਵਿਚ ਕਾਮਯਾਬ ਹੁੰਦਾ ਦਿਖਾਈ ਨਹੀਂ ਦੇ ਰਿਹਾ। ਉਥੋਂ ਦੀ ਮੌਜੂਦਾ ਹਾਲਤ ਬੇਹੱਦ ਤਰਸਯੋਗ ਹੈ ਕਿਉਂਕਿ ਉਸ ਵਿਚਲੇ ਕਈ ਬੁੱਤ ਵੀ ਟੁੱਟਣ ਕਿਨਾਰੇ ਹਨ। ਤਲਾਬ ਦੇ ਆਲੇ-ਦੁਆਲੇ ਲੱਗੇ ਦਰੱਖਤਾਂ ਨੂੰ ਪਾਣੀ ਨਾ ਮਿਲਣ ਕਰ ਕੇ ਬਹੁਤ ਦਰੱਖਤ ਸੁੱਕ ਕੇ ਡਿੱਗਣ ਕਿਨਾਰੇ ਹਨ। ਇਤਿਹਾਸਕ ਵਿਰਾਸਤੀ ਇਮਾਰਤ ਤੇ ਇਸ ਵਿਚਲਾ ਵਿਰਾਸਤੀ ਸਾਮਾਨ ਮਿੱਟੀ ਹੋ ਰਿਹਾ ਹੈ। 
ਇੱਥੇ ਲਗਭਗ 11 ਸਾਲਾਂ ਤੋਂ ਮੁਰੰਮਤ ਦਾ ਡਰਾਮਾ ਵੀ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੰਨਾ ਸਮਾਂ 'ਸ਼ੀਸ਼ ਮਹਿਲ' ਨੂੰ ਬਣਨ 'ਚ ਨਹੀਂ ਲੱਗਾ ਹੋਵੇਗਾ, ਜਿੰਨਾ ਇਸ ਦੀ ਮੁਰੰਮਤ ਨੂੰ ਲੱਗ ਰਿਹਾ ਹੈ। ਇਸ ਸਮੇਂ ਦੌਰਾਨ ਇਥੇ ਪਈਆਂ ਕਈ ਪੁਰਾਣੀਆਂ ਵਿਰਾਸਤੀ ਤੇ ਅਨਮੋਲ ਵਸਤਾਂ ਅਣਗਹਿਲੀ ਦਾ ਸ਼ਿਕਾਰ ਹੋ ਕੇ ਮਿੱਟੀ ਹੋ ਗਈਆਂ ਹਨ। ਇਨ੍ਹਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਕੀਮਤੀ ਤੋਪਾਂ, ਦਰਵਾਜ਼ਿਆਂ ਤੇ ਲੱਕੜ ਨੂੰ ਸਿਓਂਕ ਖਾ ਰਹੀ ਹੈ। ਇਹੀ ਨਹੀਂ, ਪਿਛਲੀ ਕੈਪਟਨ ਸਰਕਾਰ ਵੱਲੋਂ ਲਵਾਈਆਂ ਗਈਆਂ ਮਹਿੰਗੀਆਂ ਮਰਕਰੀ ਲਾਈਟਾਂ ਵੀ ਨਸ਼ਟ ਹੋ ਚੁੱਕੀਆਂ ਹਨ। ਪਿਛਲੇ 10 ਸਾਲਾਂ 'ਚ ਤਾਂ ਚਾਹੇ ਇਥੇ ਅਕਾਲੀ ਦਲ ਦੀ ਸਰਕਾਰ ਸੀ। ਉਸ 'ਤੇ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ 'ਸ਼ੀਸ਼ ਮਹਿਲ' ਨਾਲ ਵਿਤਕਰਾ ਕਰਨ ਦੇ ਦੋਸ਼ ਲਗਦੇ ਸਨ। ਹੁਣ ਜਦੋਂ ਕਾਂਗਰਸ ਸਰਕਾਰ ਆਈ ਤਾਂ ਮਹਿਲ ਦੇ ਨਵੀਨੀਕਰਨ ਨੂੰ ਬੂਰ ਪੈਣ ਦੀ ਉਮੀਦ ਜਾਗੀ ਪਰ ਹੁਣ ਤਾਂ ਮੁਰੰਮਤ ਦਾ ਕੰਮ ਬਿਲਕੁਲ ਵੀ ਰੋਕ ਦਿੱਤਾ ਗਿਆ ਹੈ। ਪਤਾ ਨਹੀਂ ਆਖਰ ਸ਼ਾਹੀ ਪਰਿਵਾਰ ਵੱਲੋਂ ਕਿਉਂ ਇਧਰ ਧਿਆਨ ਨਹੀਂ ਦਿੱਤਾ ਜਾ ਰਿਹਾ? ਹਾਲਾਂਕਿ ਕਈ ਸਾਲਾਂ ਤੋਂ ਸ਼ੀਸ਼ ਮਹਿਲ ਬੰਦ ਪਿਆ ਹੈ। ਦੂਰ-ਦੁਰਾਡੇ ਤੋਂ ਇਸ ਨੂੰ ਦੇਖਣ ਦੇ ਚਾਅ ਨਾਲ ਆਇਆ ਹਰ ਕੋਈ ਇਸ ਨੂੰ ਦੇਖਦੇ ਸਾਰ ਇਸ ਦੀ ਨਿੱਘਰ ਰਹੀ ਹਾਲਤ ਦੇਖ ਕੇ ਬਹੁਤ ਨਿਰਾਸ਼ ਹੁੰਦਾ ਹੈ ਤੇ ਮੁੜ ਕੇ ਕੋਈ ਸੈਲਾਨੀ ਇਧਰ ਨੂੰ ਮੂੰਹ ਨਹੀਂ ਕਰਦਾ। 
ਸ਼ੀਸ਼ ਮਹਿਲ ਨੂੰ ਦੇਖਣ ਲਈ ਆ ਰਹੇ ਸਕੂਲੀ ਵਿਦਿਆਰਥੀਆਂ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੇ ਸ਼ਹਿਰ ਅਤੇ ਪੁਰਖਿਆਂ ਦੀ ਵਿਰਾਸਤੀ ਦਿੱਖ ਨੂੰ ਨਹੀਂ ਸੰਵਾਰ ਸਕਦਾ, ਉਹ ਪੰਜਾਬ ਦੀ ਕੀ ਸੰਵਾਰੇਗਾ? ਸੂਬੇ ਭਰ ਸਕੂਲੀ ਬੱਚੇ ਇਸ ਨੂੰ ਦੇਖਣ ਲਈ ਆਉਂਦੇ ਹਨ, ਉਨ੍ਹਾਂ ਨੂੰ ਨਿਰਾਸ਼ਾ ਤੋਂ ਇਲਾਵਾ ਕੁਝ ਨਹੀਂ ਲਭਦਾ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਨ੍ਹਾਂ ਨੂੰ ਟੂਰ 'ਤੇ ਲਿਜਾਇਆ ਜਾਂਦਾ ਹੈ ਪਰ ਉਥੇ ਉਨ੍ਹਾਂ ਬੱਚਿਆਂ ਲਈ ਨਾ ਪੀਣ ਯੋਗ ਪਾਣੀ, ਨਾ ਬਾਥਰੂਮ ਨਾ ਖੜ੍ਹਨ ਲਈ ਸ਼ੈੱਡ ਮੌਜੂਦ ਹੈ। 
ਕੀ ਹੈ ਸ਼ੀਸ਼ ਮਹਿਲ ਦਾ ਇਤਿਹਾਸ?PunjabKesari
ਸ਼ੀਸ਼ ਮਹਿਲ ਨੂੰ ਸ਼ੀਸ਼ਿਆਂ ਦਾ ਮਹਿਲ ਵੀ ਕਿਹਾ ਜਾਂਦਾ ਹੈ, ਜੋ ਕਿ ਪਟਿਆਲੇ ਸ਼ਹਿਰ ਵਿਚ ਸਥਿਤ ਹੈ। ਇਹ ਮੋਤੀ ਬਾਗ ਪੈਲੇਸ ਦਾ ਹਿੱਸਾ ਸੀ। ਇਸ ਪੈਲੇਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ 1847 ਈ. ਵਿਚ ਬਣਵਾਇਆ ਸੀ। ਭਾਰਤ ਦੀਆਂ ਰਿਆਸਤਾਂ ਦੇ ਮਹਾਰਾਜਿਆਂ ਵੱਲੋਂ ਚਲਾਏ ਆਪੋ-ਆਪਣੇ ਸਿੱਕੇ ਇੱਥੇ ਪਟਿਆਲਾ ਦੇ ਸ਼ੀਸ਼ ਮਹਿਲ ਵਿਚ ਬੰਦ ਪਏ ਹਨ। ਇੱਥੋਂ ਤੱਕ ਕਿ ਇਥੇ ਨਾਨਕਸ਼ਾਹੀ ਸਿੱਕੇ ਵੀ ਪਏ ਹਨ। ਪਟਿਆਲਾ ਦੇ ਸ਼ੀਸ਼ ਮਹਿਲ ਵਿਚ ਪੇਟੀਆਂ ਅਤੇ ਸ਼ੀਸ਼ੇ ਦੇ ਬਕਸਿਆਂ ਵਿਚ ਬੰਦ ਕਰੀਬ 29,700 ਸਿੱਕੇ ਪਏ ਹਨ। ਭਾਰਤ ਦੇ ਵੱਖ-ਵੱਖ ਖੇਤਰਾਂ ਵਿਚ 867 ਰਿਆਸਤਾਂ ਹਨ, ਜਿਨ੍ਹਾਂ ਦੇ ਆਪੋ-ਆਪਣੇ ਸਿੱਕੇ ਹਨ। ਪੈਲੇਸ ਦੇ ਸਾਹਮਣੇ ਇਕ ਸੁੰਦਰ ਝੀਲ ਹੈ, ਜਿਸ ਨੂੰ 'ਲਛਮਣ ਝੂਲਾ' ਵੀ ਕਿਹਾ ਜਾਂਦਾ ਹੈ। ਇੱਥੇ ਅੱਜ ਵੱਡੀਆਂ-ਵੱਡੀਆਂ ਝਾੜੀਆਂ ਉੱਗੀਆਂ ਹੋਈਆਂ ਹਨ। ਉੱਪਰ ਬਣਿਆ ਲੱਕੜ ਦਾ ਪੁਲ (ਝੂਲਾ) ਆਪਣੀ ਨਿੱਘਰ ਰਹੀ ਤਰਸਯੋਗ ਹਾਲਤ 'ਤੇ ਹੰਝੂ ਵਹਾਅ ਰਿਹਾ ਹੈ।
ਆਰਟ ਤੇ ਹੋਰ ਗੈਲਰੀਆਂ ਦਾ ਕੀਮਤੀ ਸਾਮਾਨ ਵੀ 'ਰਾਮ ਭਰੋਸੇ'
ਜਦ ਤੋਂ ਸ਼ੀਸ਼ ਮਹਿਲ ਦੀ ਮੁਰੰਮਤ ਚੱਲ ਰਹੀ ਹੈ, ਉਦੋਂ ਤੋਂ ਹੀ ਇਸ ਦੀ ਜੀਵ-ਜੰਤੂ ਗੈਲਰੀ, ਸ਼ੀਸ਼ ਮਹੱਲ ਗੈਲਰੀ, ਆਰਟ ਗੈਲਰੀ ਤੇ ਹੋਰ ਦੂਜੀਆਂ ਗੈਲਰੀਆਂ ਨੂੰ ਵੀ ਤਾਲੇ ਲੱਗੇ ਪਏ ਹਨ। ਇਨ੍ਹਾਂ ਆਰਟ ਗੈਲਰੀਆਂ ਵਿਚ ਰਾਜੇ-ਮਹਾਰਾਜਿਆਂ ਦੇ ਸਮੇਂ ਦੀਆਂ ਕਈ ਬੇਸ਼ਕੀਮਤੀ ਵਿਰਾਸਤੀ ਵਸਤਾਂ ਹਨ, ਜਿਨ੍ਹਾਂ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਬੜੀ ਮੰਗ ਹੈ ਪਰ ਤਾਲੇ ਲੱਗਣ ਤੋਂ ਬਾਅਦ ਇਨ੍ਹਾਂ ਗੈਲਰੀਆਂ ਦਾ ਕੀਮਤੀ ਸਾਮਾਨ ਵੀ 'ਰਾਮ ਭਰੋਸੇ' ਹੈ। ਇਹ ਅੰਦਾਜ਼ਾ ਵੀ ਲਾਉਣਾ ਮੁਸ਼ਕਲ ਹੈ ਕਿ ਤਾਲੇ ਖੁੱਲ੍ਹਣ ਮਗਰੋਂ ਉਹ ਕਿਸ ਹਾਲਤ ਵਿਚ ਹੋਵੇਗਾ?
ਦਿੱਖ ਸੰਵਾਰਨ ਲਈ ਸਰਕਾਰ ਨੂੰ ਪ੍ਰਪੋਜ਼ਲ ਭੇਜੀ : ਇੰਚਾਰਜ
ਨਿੱਘਰਦੀ ਜਾ ਰਹੀ ਹਾਲਤ ਸਬੰਧੀ 'ਸ਼ੀਸ਼ ਮਹਿਲ' ਦੇ ਇੰਚਾਰਜ ਸੁਰਿੰਦਰ ਕੌਰ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਕੰਮ ਕਰਵਾਉਣ ਲਈ ਕੋਈ ਫੰਡ ਨਹੀਂ ਹਨ। ਇਸ ਕਰ ਕੇ ਇਸ ਦੀ ਦਿੱਖ ਸੰਵਾਰਨ ਲਈ ਪਰੇਸ਼ਾਨੀ ਪੇਸ਼ ਆ ਰਹੀਆਂ ਹਨ। ਇਸ ਦੀ ਸਮੁੱਚੀ ਪ੍ਰਪੋਜ਼ਲ ਸਰਕਾਰ ਨੂੰ ਭੇਜੀ ਹੋਈ ਹੈ। 
ਕੁਝ ਕੀਮਤੀ ਸਿੱਕੇ ਗਾਇਬ! PunjabKesari
ਸ਼ੀਸ਼ ਮਹਿਲ ਦੇ ਮਿਊਜੀਅਮ ਅੰਦਰ ਕਈ ਕੀਮਤੀ ਵਸਤਾਂ ਤੇ ਸਿੱਕੇ ਪਏ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪਟਿਆਲਾ ਰਿਆਸਤ ਦੇ ਸਿੱਕੇ ਇੱਥੋਂ ਗਾਇਬ ਹਨ। ਇਹ ਸਿੱਕੇ ਕਦੋਂ ਤੇ ਕਿਵੇਂ ਗਾਇਬ ਹੋਏ? ਇਹੀ ਕੋਈ ਨਹੀਂ ਜਾਣਦਾ। ਇਸ ਦੀ ਪੜਤਾਲ ਹੋਣੀ ਚਾਹੀਦੀ ਹੈ। ਅਕਾਲੀ ਸਰਕਾਰ ਵੱਲੋਂ ਇਨ੍ਹਾਂ ਗਾਇਬ ਸਿੱਕਿਆਂ ਦੀ ਜਾਂਚ ਕਰਵਾਉਣ ਕੀ ਗੱਲ ਕਹੀ ਗਈ ਸੀ ਪਰ ਪੜਤਾਲ ਦੀ ਗੱਲ ਮੁੜ ਅੱਗੇ ਨਹੀਂ ਚੱਲੀ। ਇਹੀ ਨਹੀਂ, ਇੱਥੋਂ ਹੋਰ ਵੀ ਕਈ ਕੀਮਤੀ ਵਸਤਾਂ ਜਿਨ੍ਹਾਂ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ ਬਹੁਤ ਜ਼ਿਆਦਾ ਹੈ, ਦੇ ਵੀ ਗਾਇਬ (ਚੋਰੀ) ਹੋਣ ਦਾ ਸ਼ੱਕ ਹੈ।
ਕਿਸੇ ਸਮੇਂ ਸੀ ਸ਼ਾਹੀ ਸ਼ਹਿਰ ਦੀ ਸ਼ਾਨ
ਦੱਸਣਯੋਗ ਹੈ ਕਿ ਇਤਿਹਾਸਕ ਸ਼ੀਸ਼ ਮਹਿਲ ਪੰਜਾਬ ਵਿਚ ਹੀ ਨਹੀਂ, ਸਗੋਂ ਦੇਸ਼ਾਂ-ਵਿਦੇਸ਼ਾਂ ਵਿਚ ਵੀ ਮਸ਼ਹੂਰ ਹੈ। ਕਿਸੇ ਸਮੇਂ ਇਹ ਸ਼ਾਹੀ ਸ਼ਹਿਰ ਦੀ ਸ਼ਾਨ ਸਮਝਿਆ ਜਾਂਦਾ ਸੀ। ਇਹ ਸੂਬੇ ਦੀ ਵਿਰਾਸਤ ਦੀਆਂ ਸਭ ਤੋਂ ਵੱਡੀਆਂ ਨਿਸ਼ਾਨੀਆਂ ਵਿਚੋਂ ਇਕ ਹੈ ਪਰ ਇਸ ਵਿਰਾਸਤ ਦਾ ਜੋ ਅੱਜ ਹਾਲ ਹੋ ਰਿਹਾ ਹੈ, ਉਹ ਹਾਲ ਸ਼ਾਇਦ ਸੜਕ ਤੇ ਪਈ ਕਿਸੇ ਲਾਵਾਰਸ ਚੀਜ਼ ਦਾ ਵੀ ਨਹੀਂ ਹੁੰਦਾ। 'ਸ਼ੀਸ਼ ਮਹਿਲ' ਹੁਣ ਸਿਰਫ ਨਾਂ ਦਾ ਹੀ ਮਹਿਲ ਰਹਿ ਗਿਆ ਤੇ ਇਸ ਦੀ ਵਿਰਾਸਤ ਮਿੱਟੀ ਹੋ ਰਹੀ ਹੈ।
ਠੇਕੇਦਾਰਾਂ ਦੀ ਨਹੀਂ ਹੋਈ ਅਦਾਇਗੀ, ਕੰਮ ਠੱਪ 
ਸ਼ੀਸ਼ ਮਹਿਲ ਅੰਦਰ ਜੋ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਆਈ ਗਰਾਂਟ ਅਨੁਸਾਰ ਠੇਕੇਦਾਰਾਂ ਪਾਸੋਂ ਕੰਮ ਕਰਵਾਇਆ ਜਾ ਰਿਹਾ ਸੀ, ਉਹ ਠੇਕੇਦਾਰ ਵੀ ਕੰਮ ਛੱਡ ਕੇ ਭੱਜ ਗਏ ਹਨ। ਉਨ੍ਹਾਂ ਨੂੰ ਕਿਸੇ ਵੀ ਕੰਮ ਦੀ ਕੋਈ ਵੀ ਅਦਾਇਗੀ ਨਹੀਂ ਕੀਤੀ ਗਈ। ਇਸ ਕਾਰਨ ਸਮੁੱਚਾ ਕੰਮ ਅਧਵਾਟੇ ਹੀ ਛੱਡ ਦਿੱਤਾ ਗਿਆ। 


Related News