ਹਰ ਘਰੇਲੂ ਖਪਤਕਾਰ ਦਾ ਬਿੱਲ ਜ਼ੀਰੋ, ਲੋਕ ਮਾਣ ਰਹੇ ਸਹੂਲਤਾਂ

Friday, Sep 20, 2024 - 04:16 PM (IST)

ਜਲੰਧਰ- ਪੰਜਾਬ ਸਰਕਾਰ ਵੱਲੋਂ ਅਨੇਕਾਂ ਵੈਲਫੇਅਰ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਮੁਫ਼ਤ ਬਿਜਲੀ ਸਕੀਮ ਇਕ ਮਹੱਤਵਪੂਰਨ ਕਦਮ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਘਰੇਲੂ ਬਿਜਲੀ ਖਪਤਕਾਰਾਂ ਨੂੰ ਆਰਥਿਕ ਰਾਹਤ ਪ੍ਰਦਾਨ ਕਰਨਾ ਹੈ, ਜਿਸਦੇ ਤਹਿਤ ਹਰ ਘਰਲੂ ਖਪਤਕਾਰ ਨੂੰ ਮਹੀਨੇ ਵਿਚ 300 ਯੂਨਿਟ ਤੱਕ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਜਾਂਦੀ ਹੈ। ਇਹ ਸਕੀਮ ਖਾਸ ਕਰਕੇ ਆਰਥਿਕ ਪਿੱਛੜੇ ਵਰਗਾਂ, ਛੋਟੇ ਘਰੇਲੂ ਉਪਭੋਗਤਾਵਾਂ ਲਈ ਇੱਕ ਵੱਡੀ ਮਦਦ ਸਾਬਤ ਹੋਈ ਹੈ। ਇਸ ਸਕੀਮ ਨਾਲ ਬਿਜਲੀ ਦੀ ਲਾਗਤ ਦੀਆਂ ਚਿੰਤਾਵਾਂ ਘੱਟ ਗਈਆਂ ਹਨ ਅਤੇ ਇਸਦੀ ਵਰਤੋਂ ਨਾਲ ਪੰਜਾਬ ਦੇ ਲੱਖਾਂ ਘਰੇਲੂ ਬਿਜਲੀ ਖਪਤਕਾਰ ਲਾਭਪ੍ਰਾਪਤ ਹੋ ਰਹੇ ਹਨ।

ਮੁਫ਼ਤ ਬਿਜਲੀ ਦੇਣ 'ਤੇ ਲੋਕਾਂ ਵੱਲੋਂ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਤਨਾਮ ਸਿੰਘ ਪਿੰਡ ਮਰੌਟ ਦੇ ਰਹਿਣ ਵਾਲੇ ਨੇ ਦੱਸਿਆ ਕਿ ਸਾਡੇ ਲਈ ਸਰਕਾਰ ਨੇ ਬਿਜਲੀ ਦਾ ਬਿੱਲ ਮੁਆਫ਼ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਕਾਫ਼ੀ ਸਮੇਂ ਤੋਂ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਬਿੱਲ ਦੇ ਪੈਸੇ ਬੱਚਿਆਂ ਦੀ ਪੜ੍ਹਾਈ ਲਈ ਕੰਮ ਆ ਰਹੇ ਹਨ। ਉਨ੍ਹਾਂ ਕਿਹਾ ਪਹਿਲਾਂ ਬਿਜਲੀ ਦੇ ਬਹੁਤ ਕੱਟ ਲਗਦੇ ਸੀ ਪਰ ਹੁਣ 24 ਘੰਟੇ ਬਿਜਲੀ ਦੀ ਸਹੂਲਤ ਮਿਲ ਰਹੀ ਹੈ।

ਇਸੇ ਤਰ੍ਹਾਂ ਪਿੰਡ ਮਰੌਟ ਦੀ ਵਸਨੀਕ ਮੁਸਕਾਨ ਨੇ ਕਿਹਾ ਕਿ ਜਦੋਂ ਤੋਂ ਨਵੀਂ ਪੰਜਾਬ ਸਰਕਾਰ ਆਈ ਹੈ ਉਸ ਤੋਂ ਸਾਨੂੰ ਬਹੁਤ ਫਾਇਦੇ ਹੋਣ ਲੱਗੇ ਹਨ। ਦਿਨ-ਰਾਤ ਬਿਜਲੀ ਆਉਣ ਕਾਰਨ ਕੰਮ ਸੌਖਾ ਹੋ ਗਿਆ ਹੈ। ਇਸ ਦੌਰਾਨ ਇਕ ਹੋਰ ਵਿਅਕਤੀ ਸਾਬਰ ਖਾਨ (ਪਿੰਡ ਭਤੇੜੀ) ਨੇ ਦੱਸਿਆ ਕਿ ਬਿਜਲੀ ਦੇ ਬਿੱਲ ਤੋਂ ਜੋ ਪੈਸੇ ਬੱਚ ਰਹੇ ਹਨ, ਉਹ ਅਸੀਂ ਹੁਣ ਘਰੇਲੂ ਖ਼ਰਚਿਆਂ 'ਤੇ ਲਗਾ ਰਹੇ ਹਾਂ। ਇਸ ਤਰ੍ਹਾਂ ਕਿਸਾਨ ਨੇ ਦੱਸਿਆ ਕਿ ਪਹਿਲਾਂ ਖ਼ੇਤਾਂ 'ਚ ਵੀ ਮੋਟਰ ਨਾਲ ਪਾਣੀ ਨਹੀਂ ਸੀ ਮਿਲ ਪਾਉਂਦਾ ਕਿਉਂਕਿ ਉਦੋਂ ਕੱਟ ਬਹੁਤ ਲੱਗਦੇ ਸਨ ਪਰ ਹੁਣ 24 ਘੰਟੇ ਬਿਜਲੀ ਮਿਲਣ ਕਾਰਨ ਖ਼ੇਤਾਂ ਨੂੰ ਪਾਣੀ ਮਿਲਣਾ ਆਸਾਨ ਹੋ ਗਿਆ ਹੈ।

ਦੱਸ ਦੇਈਏ ਕਿ ਮੁਫ਼ਤ ਬਿਜਲੀ ਮਿਲਣ ਦੇ ਬਾਵਜੂਦ, ਕੁਝ ਖਪਤਕਾਰਾਂ ਨੇ ਬਿਜਲੀ ਦੀ ਬੇਫ਼ਜ਼ੂਲ ਵਰਤੋਂ ਕਰਨ ਦੀ ਬਜਾਏ ਜ਼ਿੰਮੇਵਾਰੀ ਨਾਲ ਖਪਤ ਘਟਾਈ ਹੈ, ਕਿਉਂਕਿ 300 ਯੂਨਿਟ ਤੋਂ ਵੱਧ ਖਪਤ ਕਰਨ 'ਤੇ ਪੂਰੀ ਖਪਤ ਲਈ ਬਿਲ ਭਰਨਾ ਪੈਂਦਾ ਹੈ। 


Shivani Bassan

Content Editor

Related News