ਮੋਗਾ : ਸੜਕ ਵਿਚਾਲੇ ਘੇਰ ਕੇ ਕੀਤਾ ਕਤਲ, ਵਾਰਦਾਤ ਦੇਖ ਲੋਕਾਂ ਦੇ ਖੜ੍ਹੇ ਹੋ ਗਏ ਰੌਂਗਟੇ

Thursday, Sep 26, 2024 - 06:14 PM (IST)

ਨਿਹਾਲ ਸਿੰਘ ਵਾਲਾ (ਬਾਵਾ) : ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਾਲ ਵਿਚ ਪੈਂਦੇ ਪੱਤੋ ਹੀਰਾ ਸਿੰਘ ਤੋਂ ਰੌਂਤੇ ਨੂੰ ਜਾਣ ਸੜਕ ਉਪਰ ਨਹਿਰੀ ਪਾਣੀ ਦੀ ਕੱਸੀ ਦੇ ਨੇੜੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਨਿੱਜੀ ਰੰਜ਼ਿਸ ਦੇ ਚੱਲਦਿਆਂ ਇਕ 40 ਸਾਲਾ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਇਸ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਰਨੈਲ ਸਿੰਘ ਉਰਫ਼ ਬਿੱਟੂ ਪੁੱਤਰ ਮਾਨ ਸਿੰਘ ਵਾਸੀ ਮਧੇਕੇ ਬਸਤੀ, ਪੱਤੋ ਹੀਰਾ ਸਿੰਘ ਨੇ ਪੁਲਸ ਨੂੰ ਲਿਖਾਏ ਬਿਆਨਾਂ ’ਚ ਦੱਸਿਆ ਕਿ ਉਸਦਾ ਭਰਾ ਕਰਨੈਲ ਸਿੰਘ ਉਰਫ਼ ਕੈਲਾ ਆਪਣੇ 12 ਸਾਲ ਅਤੇ 9 ਸਾਲ ਦੇ ਲੜਕਿਆਂ ਨਾਲ ਮੋਟਰਸਾਈਕਲ ’ਤੇ ਪਿੰਡ ਰੌਂਤਾ ਵਿਖੇ ਆਪਣੇ ਲੜਕਿਆਂ ਦੇ ਕੱਪੜੇ ਦਰਜੀ ਨੂੰ ਸਿਊਣੇ ਦੇ ਕੇ ਵਾਪਸ ਪਿੰਡ ਪੱਤੋ ਹੀਰਾ ਸਿੰਘ ਨੂੰ ਆ ਰਿਹਾ ਸੀ ਕਿ ਰਸਤੇ ’ਚ ਰੌਂਤਾਂ ਅਤੇ ਪੱਤੋ ਹੀਰਾ ਸਿੰਘ ਵਿਚਕਾਰ ਪੈਂਦੀ ਕੱਸੀ ਦੇ ਨੇੜੇ ਇੰਦਰਜੀਤ ਸਿੰਘ ਉਰਫ਼ ਸਨੀ ਪੁੱਤਰ ਅਮਨਦੀਪ ਸਿੰਘ ਅਤੇ ਜਸ਼ਨ ਸਿੰਘ ਉਰਫ਼ ਲੈਂਟਰ ਪੁੱਤਰ ਕੁਲਦੀਪ ਸਿੰਘ ਵਾਸੀ ਮਧੇਕੇ ਬਸਤੀ, ਪੱਤੋ ਹੀਰਾ ਸਿੰਘ ਨੇ ਉਸ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਖੰਡੇ ਅਤੇ ਕਿਰਪਾਨਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਕਰਨੈਲ ਸਿੰਘ ਉਰਫ਼ ਕੈਲਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।  

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਦੇ ਬਾਹਰ ਚੱਲੀਆਂ ਕਿਰਪਾਨਾਂ, 10ਵੀਂ ਦੇ ਵਿਦਿਆਰਥੀ ਦੀ ਮੌਤ

ਇਸ ਦੌਰਾਨ ਗੰਭੀਰ ਜ਼ਖਮੀ ਕਰਨੈਲ ਸਿੰਘ ਉਰਫ਼ ਕੈਲਾ ਨੂੰ ਇਲਾਜ ਲਈ ਪਹਿਲਾ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਫਿਰ  ਸਿਵਲ ਹਸਪਤਾਲ ਮੋਗਾ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਹਾਲਾਤ ਗੰਭੀਰ ਹੋਣ ਕਾਰਨ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਭੇਜ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਰਨੈਲ ਸਿੰਘ ਉਰਫ਼ ਬਿੱਟੂ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਉਕਤ ਵਿਅਕਤੀਆਂ ਨੇ ਕੁਝ ਦਿਨ ਪਹਿਲਾਂ ਮੇਰੇ ਭਰਾ ਕਰਨੈਲ ਸਿੰਘ ਉਰਫ਼ ਕੈਲਾ ਦੀ ਕੁੱਟਮਾਰ ਕੀਤੀ ਸੀ ਅਤੇ ਇਸ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਸਾਡੇ ਵੱਲੋਂ ਸ਼ਿਕਾਇਤ ਕੀਤੀ ਸੀ ਜਿਸ ਦੀ ਵਜ੍ਹਾ ਕਾਰਨ ਹੀ ਉਕਤ ਦੋਵਾਂ ਦੋਸ਼ੀਆਂ ਵੱਲੋਂ ਮੇਰੇ ਭਰਾ ਨੂੰ ਮੌਤ ਦੇ ਘਾਟ ਉਤਾਰਿਆ ਹੈ। ਥਾਣਾ ਮੁੱਖ ਅਫ਼ਸਰ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Gurminder Singh

Content Editor

Related News