''ਛੜਿਆਂ ਵਾਲੀ ਗਲੀ'' ਦਾ ਨਾਂ ਬਦਲਣ ''ਤੇ ਖੁਸ਼ ਹੋਏ ਮੁਹੱਲਾ ਵਾਸੀ

Friday, Mar 30, 2018 - 03:51 AM (IST)

ਅੰਮ੍ਰਿਤਸਰ, (ਜ. ਬ., ਨਵਦੀਪ)-  ਸ਼ਾਦੀ ਲਾਲ ਬਹੁਤ ਖੁਸ਼ ਹੈ, ਖੁਸ਼ੀ 'ਚ ਲੱਡੂ ਵੰਡ ਰਿਹਾ ਹੈ। ਉਸ ਦੇ ਨਾਲ-ਨਾਲ ਰਾਜੇਸ਼, ਹੀਰਾ ਲਾਲ, ਕ੍ਰਿਸ਼ਨਾ, ਸੋਨੂੰ, ਹੈਪੀ, ਨਰੇਸ਼ ਕੁਮਾਰ, ਮਸਤ ਰਾਮ ਇਨ੍ਹਾਂ ਸਾਰਿਆਂ ਦੇ ਚਿਹਰਿਆਂ 'ਤੇ ਖੁਸ਼ੀਆਂ ਦੌੜ ਰਹੀਆਂ ਸਨ। ਵਜ੍ਹਾ ਇਹ ਹੈ ਕਿ ਇਹ ਜਿਸ ਮੁਹੱਲੇ ਵਿਚ ਰਹਿੰਦੇ ਹਨ ਉਸ ਦੀਆਂ ਗਲੀਆਂ ਦੇ ਨਾਂ ਅਜਿਹੇ ਹਨ ਜੋ ਕਿਸੇ ਨੂੰ ਦੱਸਦੇ ਹੋਏ ਵੀ ਇਹ ਸ਼ਰਮਸਾਰ ਹੁੰਦੇ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਜਗ ਬਾਣੀ ਨੇ ਵਾਰਡ ਨੰ. 56 ਅਧੀਨ ਆਉਂਦੀਆਂ ਗਲੀਆਂ 'ਛੜਿਆਂ ਵਾਲੀ ਗਲੀ', 'ਖੋਤੀਆਂ ਵਾਲੀ ਗਲੀ' ਤੇ 'ਕੁਹਾਰ ਮੁਹੱਲਾ' ਦੇ ਨਾਂ ਬਦਲੇ ਜਾਣ ਦੀ ਆਵਾਜ਼ ਬੁਲੰਦ ਕੀਤੀ ਤਾਂ ਇਲਾਕੇ ਦੇ ਕੌਂਸਲਰ ਪ੍ਰਮੋਦ ਬਬਲਾ ਨੇ ਇਹ ਮਾਮਲਾ ਹਾਊਸ ਦੀ ਬੈਠਕ ਵਿਚ ਚੁੱਕਿਆ। ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਮੰਗ ਪੱਤਰ ਸੌਂਪਿਆ ਤਾਂ ਹਾਊਸ ਦੀ ਬੈਠਕ ਵਿਚ ਇਨ੍ਹਾਂ ਗਲੀਆਂ ਦੇ ਨਾਂ ਬਦਲੇ ਜਾਣ ਦੀ ਮੋਹਰ 28 ਮਾਰਚ (ਬੁੱਧਵਾਰ) ਨੂੰ ਲੱਗ ਗਈ। ਸ਼ਾਦੀ ਲਾਲ ਕਹਿੰਦਾ ਹੈ ਕਿ ਦਾਦੇ-ਪੜਦਾਦੇ ਦੇ ਜ਼ਮਾਨੇ ਤੋਂ ਚੱਲੇ ਆ ਰਹੇ ਇਨ੍ਹਾਂ ਨਾਵਾਂ ਨੂੰ ਬਦਲਣ 'ਤੇ ਇਲਾਕੇ ਦੇ ਲੋਕ ਬਹੁਤ ਖੁਸ਼ ਹਨ ਤੇ ਧੰਨਵਾਦ ਕਰਦੇ ਹਨ।


Related News