ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ ਦੇ ਯਾਤਰੀਆਂ ਨੇ ਕੀਤਾ ਸਟੇਸ਼ਨ ''ਤੇ ਹੰਗਾਮਾ

07/24/2017 5:07:08 AM

ਅੰਮ੍ਰਿਤਸਰ,  (ਜਸ਼ਨ)-   ਐਤਵਾਰ ਨੂੰ ਦੇਰ ਸ਼ਾਮ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਗਹਿਮਾ-ਗਹਿਮੀ ਦਾ ਮਾਹੌਲ ਰਿਹਾ। ਹਾਲਾਤ ਤਣਾਅ ਭਰੇ ਹੁੰਦੇ ਵੇਖ ਕੇ ਛੁੱਟੀ ਹੋਣ ਦੇ ਬਾਵਜੂਦ ਕੁਝ ਅਧਿਕਾਰੀਆਂ ਨੂੰ ਮੌਕੇ 'ਤੇ ਜਾ ਕੇ ਭੜਕੇ ਯਾਤਰੀਆਂ ਨੂੰ ਸਮਝਾਉਣਾ ਪਿਆ। ਜ਼ਿਕਰਯੋਗ ਹੈ ਕਿ ਉਕਤ ਰੇਲ ਗੱਡੀ ਸ਼ਾਮ ਦੇ 5.10 ਮਿੰਟ 'ਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਵੱਲ ਰਵਾਨਾ ਹੁੰਦੀ ਹੈ ਪਰ ਯਾਤਰੀਆਂ ਦੇ ਹੰਗਾਮੇ ਕਾਰਨ ਅਤੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਕਤ ਰੇਲ ਗੱਡੀ ਆਪਣੇ ਤੈਅ ਸਮੇਂ ਤੋਂ ਸਵਾ ਘੰਟਾ ਦੇਰ ਨਾਲ ਰਵਾਨਾ ਹੋਈ।
ਜਾਣਕਾਰੀ ਅਨੁਸਾਰ ਤੈਅ ਸਮੇਂ 'ਤੇ ਅੰਮ੍ਰਿਤਸਰ-ਚੰਡੀਗੜ੍ਹ ਐਕਸਪ੍ਰੈੱਸ ਰੇਲ ਗੱਡੀ ਪਲੇਟਫਾਰਮ 'ਤੇ ਰੇਲਵੇ ਯਾਰਡ ਤੋਂ ਪਹੁੰਚੀ। ਇਸ ਦੌਰਾਨ ਜਦੋਂ ਏ. ਸੀ. ਵੈਗਨ ਦੇ ਯਾਤਰੀ ਆਪਣੀਆਂ ਸੀਟਾਂ 'ਤੇ ਬੈਠਣ ਲਈ ਵੈਗਨ ਵਿਚ ਦਾਖਲ ਹੋਏ ਤਾਂ ਉਥੋਂ ਦਾ ਏ. ਸੀ. ਬੰਦ ਸੀ। ਇਸ ਦੌਰਾਨ ਕਈ ਯਾਤਰੀਆਂ ਨੇ ਸਟਾਫ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਤਾਂ ਕਿਸੇ ਨੇ ਵੀ ਇਸ ਨੂੰ ਗੰਭੀਰਤਾ ਨਾਲ ਨਾ ਲਿਆ। ਇਸ ਤੋਂ ਬਾਅਦ ਯਾਤਰੀਆਂ ਨੇ ਕਈ ਵਾਰ ਏ. ਸੀ. ਨੂੰ ਠੀਕ ਕਰਨ ਲਈ ਸਟਾਫ ਨੂੰ ਬੇਨਤੀ ਕੀਤੀ ਪਰ ਬੇਕਾਰ ਰਹੀ। ਇਸ 'ਤੇ ਯਾਤਰੀਆਂ ਦਾ ਗੁੱਸਾ ਫੁੱਟ ਪਿਆ ਅਤੇ ਉਨ੍ਹਾਂ ਨੇ ਵੈਗਨ ਦੇ ਬਾਹਰ ਆ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਸਟੇਸ਼ਨ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।
 ਇਸ ਮੌਕੇ ਕੁਝ ਯਾਤਰੀਆਂ ਨੇ ਕਿਹਾ ਕਿ ਜਦੋਂ ਅਸੀਂ ਰੇਲਵੇ ਨੂੰ ਪੂਰਾ ਕਿਰਾਇਆ ਦਿੰਦੇ ਹਾਂ ਤਾਂ ਫਿਰ ਸਾਨੂੰ ਸਹੂਲਤ ਕਿਉਂ ਨਹੀਂ ਦਿੱਤੀ ਜਾਂਦੀ। ਇਸ ਤੋਂ ਇਲਾਵਾ ਏ. ਸੀ. ਵੈਗਨ ਤਾਂ ਪਹਿਲਾਂ ਹੀ ਚਾਰੇ ਪਾਸਿਓਂ ਸੀਲ ਹੁੰਦੀ ਹੈ ਤੇ ਜੇਕਰ ਅੰਦਰ ਏ. ਸੀ. ਹੀ ਨਾ ਚੱਲੇ ਤਾਂ ਉਥੇ ਇੰਨਾ ਹੁੰਮਸ ਹੋ ਜਾਂਦਾ ਹੈ ਕਿ ਕਿਸੇ ਲਈ ਵੀ ਇੰਨਾ ਲੰਮਾ ਸਫਰ ਆਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਅਧਿਕਾਰੀਆਂ ਨੇ ਇਸ ਰੇਲ ਗੱਡੀ ਨੂੰ 5-6 ਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਯਾਤਰੀਆਂ ਦੇ ਰੋਹ ਅੱਗੇ ਕਿਸੇ ਵੀ ਅਧਿਕਾਰੀ ਦੀ ਇਕ ਨਾ ਚੱਲੀ।  ਪ੍ਰਦਰਸ਼ਨ ਵੇਖ ਕੇ ਕੁਝ ਅਧਿਕਾਰੀ ਛੁੱਟੀ ਵਾਲੇ ਦਿਨ ਮੌਕੇ 'ਤੇ ਪਹੁੰਚੇ ਅਤੇ ਏ. ਸੀ. ਠੀਕ ਕਰਵਾਉਣ ਦਾ ਕੰਮ ਸ਼ੁਰੂ ਕੀਤਾ। ਲਗਭਗ ਇਕ-ਸਵਾ ਘੰਟੇ ਬਾਅਦ ਜਦੋਂ ਉਕਤ ਏ. ਸੀ. ਵੈਗਨ ਦਾ ਏ. ਸੀ. ਠੀਕ ਹੋਇਆ ਤਦ ਜਾ ਕੇ ਯਾਤਰੀਆਂ ਦਾ ਗੁੱਸਾ ਸ਼ਾਂਤ ਹੋਇਆ ਅਤੇ ਫਿਰ ਤੈਅ ਸਮੇਂ ਤੋਂ ਸਵਾ ਘੰਟਾ ਦੇਰ ਨਾਲ ਰੇਲ ਗੱਡੀ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ।


Related News